Punjab Politics: ਆਮ ਆਦਮੀ ਪਾਰਟੀ ਦੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ‘ਤੇ ਲਟਕੀ ਤਲਵਾਰ
ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ ਦੀ ਐਂਟਰੀ ਨਾਲ ਬਦਲੇ ਸਮੀਕਰਨ, ਸਨੌਰ ਅਤੇ ਸਮਾਣਾ ਵਿੱਚ ਵੀ ਨਵੇਂ ਉਮੀਦਵਾਰਾਂ ਦੀ ਤਿਆਰੀ
ਪਟਿਆਲਾ ਸ਼ਹਿਰੀ ਤੋਂ ਅਜੀਤਪਾਲ ਕੋਹਲੀ ਮੁੜ ਮੈਦਾਨ ਵਿੱਚ, ਘਨੌਰ ਤੇ ਰਾਜਪੁਰਾ ਦੀਆਂ ਸੀਟਾਂ ‘ਤੇ ਹਾਈਕਮਾਨ ਦੇ ਫ਼ੈਸਲੇ ਦੀ ਉਡੀਕ
ਚੰਡੀਗੜ੍ਹ, 14 ਨਵੰਬਰ 2026: ਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਵਿੱਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸਿਆਸੀ ਗਲਿਆਰਿਆਂ ਅਤੇ ਪਾਰਟੀ ਸੂਤਰਾਂ ਤੋਂ ਮਿਲ ਰਹੀਆਂ ਖ਼ਬਰਾਂ ਅਨੁਸਾਰ, ਆਮ ਆਦਮੀ ਪਾਰਟੀ (AAP) ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ। ਜਾਣਕਾਰੀ ਮੁਤਾਬਕ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਜ਼ਿਲ੍ਹੇ ਦੀਆਂ ਲਗਭਗ ਅੱਧੀਆਂ ਸੀਟਾਂ ‘ਤੇ ਨਵੇਂ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਸਾਰੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਇਸ ਵੇਲੇ ‘ਆਪ’ ਦੇ ਮੌਜੂਦਾ ਵਿਧਾਇਕ ਹਨ, ਪਰ ਇਸ ਦੇ ਬਾਵਜੂਦ ਪਾਰਟੀ ਲੀਡਰਸ਼ਿਪ ਵੱਲੋਂ ਜ਼ਮੀਨੀ ਹਕੀਕਤਾਂ ਨੂੰ ਦੇਖਦਿਆਂ ਟਿਕਟਾਂ ਦੀ ਵੰਡ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ।
ਇਸ ਬਦਲਾਅ ਦੀ ਸ਼ੁਰੂਆਤ ਸ਼ੁਤਰਾਣਾ ਵਿਧਾਨ ਸਭਾ ਹਲਕੇ ਤੋਂ ਹੋ ਚੁੱਕੀ ਹੈ, ਜਿੱਥੇ ਪਾਰਟੀ ਨੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਟਿਕਟ ਕੱਟ ਕੇ ਸਾਬਕਾ ਅਕਾਲੀ ਵਿਧਾਇਕਾ ਵਨਿੰਦਰ ਕੌਰ ਲੂੰਬਾ ‘ਤੇ ਭਰੋਸਾ ਜਤਾਇਆ ਹੈ। ਇਸ ਫ਼ੈਸਲੇ ਤੋਂ ਬਾਅਦ ਬਾਕੀ ਹਲਕਿਆਂ ਦੇ ਮੌਜੂਦਾ ਵਿਧਾਇਕਾਂ ਵਿੱਚ ਵੀ ਬੇਚੈਨੀ ਵਧ ਗਈ ਹੈ। ਪਟਿਆਲਾ ਸ਼ਹਿਰੀ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਹਰਪਾਲ ਜੁਨੇਜਾ ਦਾ ਨਾਮ ਟਿਕਟ ਦੇ ਦਾਅਵੇਦਾਰਾਂ ਵਜੋਂ ਕਾਫ਼ੀ ਚਰਚਾ ਵਿੱਚ ਚੱਲ ਰਿਹਾ ਸੀ, ਪਰ ਸੂਤਰਾਂ ਅਨੁਸਾਰ ਮੌਜੂਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਮੁੜ ਤੋਂ ਪਾਰਟੀ ਦੀ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਰਹੇ ਹਨ।
ਹਾਲਾਂਕਿ ਪਿਛਲੀ ਵਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਫ਼ਰਕ ਨਾਲ ਹਰਾਉਣ ਦੇ ਬਾਵਜੂਦ ਅਜੀਤਪਾਲ ਕੋਹਲੀ ਨੂੰ ਵਜ਼ਾਰਤ ਵਿੱਚ ਥਾਂ ਨਹੀਂ ਮਿਲ ਸਕੀ ਸੀ, ਪਰ ਮੌਜੂਦਾ ਸਿਆਸੀ ਸਮੀਕਰਨਾਂ ਵਿੱਚ ਉਨ੍ਹਾਂ ਦੀ ਸਥਿਤੀ ਕਾਫ਼ੀ ਮਜ਼ਬੂਤ ਮੰਨੀ ਜਾ ਰਹੀ ਹੈ। ਦੂਜੇ ਪਾਸੇ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਪਟਿਆਲਾ ਦਿਹਾਤੀ ਹਲਕੇ ਤੋਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਮੁੜ ਟਿਕਟ ਮਿਲਣੀ ਲਗਭਗ ਤੈਅ ਮੰਨੀ ਜਾ ਰਹੀ ਹੈ, ਹਾਲਾਂਕਿ ਉਨ੍ਹਾਂ ਦਾ ਹਲਕਾ ਬਦਲੇ ਜਾਣ ਦੀਆਂ ਅਟਕਲਾਂ ਵੀ ਜ਼ੋਰਾਂ ‘ਤੇ ਹਨ।
ਜ਼ਿਲ੍ਹੇ ਦੇ ਦੋ ਹੋਰ ਅਹਿਮ ਹਲਕਿਆਂ ਸਨੌਰ ਅਤੇ ਸਮਾਣਾ ਵਿੱਚ ਪਹਿਲਾਂ ਹੀ ਨਵੇਂ ਉਮੀਦਵਾਰਾਂ ਲਈ ਰਾਹ ਪੱਧਰਾ ਹੋ ਚੁੱਕਾ ਹੈ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਦਿੱਤੇ ਗਏ ਅਸਤੀਫ਼ਿਆਂ ਤੋਂ ਬਾਅਦ ਇਨ੍ਹਾਂ ਦੋਵਾਂ ਸੀਟਾਂ ‘ਤੇ ਨਵੇਂ ਚਿਹਰਿਆਂ ਦੀ ਤਲਾਸ਼ ਜਾਰੀ ਸੀ। ਸਿਆਸੀ ਸੂਤਰਾਂ ਮੁਤਾਬਕ ਸਮਾਣਾ ਹਲਕੇ ਤੋਂ ਸੁਰਜੀਤ ਸਿੰਘ ਰੱਖੜਾ ਅਤੇ ਸਨੌਰ ਹਲਕੇ ਤੋਂ ਪਾਰਟੀ ਦੇ ਹਲਕਾ ਇੰਚਾਰਜ ਰਣਜੋਧ ਸਿੰਘ ਹੜਾਣਾ ਦੀ ਉਮੀਦਵਾਰੀ ਲਗਭਗ ਪੱਕੀ ਮੰਨੀ ਜਾ ਰਹੀ ਹੈ।
ਇਸ ਤੋਂ ਇਲਾਵਾ ਘਨੌਰ ਅਤੇ ਰਾਜਪੁਰਾ ਵਿਧਾਨ ਸਭਾ ਹਲਕਿਆਂ ਨੂੰ ਲੈ ਕੇ ਪੇਚ ਅਜੇ ਵੀ ਫਸਿਆ ਹੋਇਆ ਹੈ। ਘਨੌਰ ਤੋਂ ਮੌਜੂਦਾ ਵਿਧਾਇਕ ਗੁਰਲਾਲ ਘਨੌਰ ਵਿਰੁੱਧ ਲੱਗੇ ਗੰਭੀਰ ਦੋਸ਼ਾਂ ਕਾਰਨ ਪਾਰਟੀ ਉਨ੍ਹਾਂ ਦੀ ਥਾਂ ਕਿਸੇ ਹੋਰ ਆਗੂ ‘ਤੇ ਵਿਚਾਰ ਕਰ ਸਕਦੀ ਹੈ। ਉੱਥੇ ਹੀ ਰਾਜਪੁਰਾ ਹਲਕੇ ਵਿੱਚ ਮੌਜੂਦਾ ਵਿਧਾਇਕਾ ਨੀਨਾ ਮਿੱਤਲ ਅਤੇ ਗੁਰਪ੍ਰੀਤ ਸਿੰਘ ਧਮੌਲੀ ਵਿਚਾਲੇ ਟਿਕਟ ਨੂੰ ਲੈ ਕੇ ਸਖ਼ਤ ਦਾਅਵੇਦਾਰੀ ਚੱਲ ਰਹੀ ਹੈ। ਇਨ੍ਹਾਂ ਦੋਵਾਂ ਹਲਕਿਆਂ ਬਾਰੇ ਪਾਰਟੀ ਹਾਈਕਮਾਨ ਵੱਲੋਂ ਲਏ ਜਾਣ ਵਾਲੇ ਅੰਤਿਮ ਫ਼ੈਸਲਿਆਂ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।















