Join WhatsApp

Join Now

ਕੇਜਰੀਵਾਲ ਨੂੰ ਧਮਕੀ ਦਿੱਲੀ ‘ਚ… FIR ਪੰਜਾਬ ‘ਚ ਕਿਉਂ?

On: November 14, 2026 12:23 PM

 

ਕੇਜਰੀਵਾਲ ਨੂੰ ਧਮਕੀ ਦਿੱਲੀ ‘ਚ… FIR ਪੰਜਾਬ ‘ਚ ਕਿਉਂ?

ਕੇਜਰੀਵਾਲ ਨੂੰ ਮਿਲੀ ਧਮਕੀ ਦੀ ਸ਼ਿਕਾਇਤ ਮੁਹਾਲੀ ‘ਚ ਦਰਜ ਕਰਵਾਉਣ ‘ਤੇ ਸੁਨੀਲ ਜਾਖੜ ਨੇ ਚੁੱਕੇ ਸਵਾਲ, ਦਿੱਲੀ ਦੇ ਵਿਧਾਇਕ ਨੂੰ ਦਿੱਲੀ ‘ਚ ਮਿਲੀ ਧਮਕੀ ਦਾ ਪਰਚਾ ਪੰਜਾਬ ‘ਚ ਕਿਉਂ? ਜਾਖੜ ਨੇ ‘ਆਪ’ ਦੀ ਕਾਰਗੁਜ਼ਾਰੀ ‘ਤੇ ਖੜ੍ਹੇ ਕੀਤੇ ਸਵਾਲ- NIA ਜਾਂਚ ਦੀ ਕੀਤੀ ਮੰਗ

ਚੰਡੀਗੜ੍ਹ, 14 ਨਵੰਬਰ 2026: ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਿਲੀ ਧਮਕੀ ਸਬੰਧੀ ਮੁਹਾਲੀ ਪੁਲੀਸ ਕੋਲ ਮਾਮਲਾ ਦਰਜ ਕਰਵਾਉਣ ਦੇ ਫ਼ੈਸਲੇ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਕੇਜਰੀਵਾਲ ਨੂੰ ਇਸ ਗੰਭੀਰ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਕੌਮੀ ਜਾਂਚ ਏਜੰਸੀ (NIA) ਤੋਂ ਜਾਂਚ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਸੀ।

ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਪੂਰੀ ਘਟਨਾ ਦੇ ਅਧਿਕਾਰ ਖੇਤਰ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਿਸ ਧਮਕੀ ਦੀ ਗੱਲ ਕੀਤੀ ਜਾ ਰਹੀ ਹੈ, ਉਹ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੂੰ ਦਿੱਲੀ ਦੇ ਹੀ ਇੱਕ ਵਿਧਾਇਕ ਰਾਹੀਂ ਦਿੱਲੀ ਵਿੱਚ ਮਿਲੀ ਸੀ। ਇਸ ਦੇ ਬਾਵਜੂਦ ਇਸ ਮਾਮਲੇ ਦੀ ਸ਼ਿਕਾਇਤ ਦਿੱਲੀ ਪੁਲੀਸ ਕੋਲ ਕਰਨ ਦੀ ਬਜਾਏ, ਪੰਜਾਬ ਦੇ ਮੁਹਾਲੀ ਸ਼ਹਿਰ ਵਿੱਚ ਦਰਜ ਕਰਵਾਈ ਗਈ ਹੈ। ਭਾਜਪਾ ਆਗੂ ਅਨੁਸਾਰ, ਦਿੱਲੀ ਦੀ ਘਟਨਾ ਸਬੰਧੀ ਮੁਹਾਲੀ ਪੁਲੀਸ ਕੋਲ ਜਾਣ ਦਾ ਇਹ ਫ਼ੈਸਲਾ ਪੂਰੇ ਮਾਮਲੇ ਦੀ ਸੱਚਾਈ ਅਤੇ ਮਨਸ਼ਾ ‘ਤੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦਾ ਹੈ।

ਜਾਖੜ ਨੇ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਅਹਿਮ ਸਿਆਸੀ ਸ਼ਖ਼ਸੀਅਤ ਅਤੇ ਸਾਬਕਾ ਮੁੱਖ ਮੰਤਰੀ ਹਨ, ਇਸ ਲਈ ਉਨ੍ਹਾਂ ਦੀ ਸੁਰੱਖਿਆ ਨਾਲ ਜੁੜਿਆ ਕੋਈ ਵੀ ਮਾਮਲਾ ਬੇਹੱਦ ਸੰਵੇਦਨਸ਼ੀਲ ਹੁੰਦਾ ਹੈ। ਉਨ੍ਹਾਂ ਮੁਤਾਬਕ ਕੇਜਰੀਵਾਲ ਨੂੰ ਇਹ ਸ਼ਿਕਾਇਤ ਦਿੱਲੀ ਵਿੱਚ ਹੀ ਦਰਜ ਕਰਵਾਉਣੀ ਚਾਹੀਦੀ ਸੀ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਜਾਂਚ ਦੀ ਮੰਗ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਦੀ ਨਿਰਪੱਖ ਜਾਂਚ ਰਾਹੀਂ ਹੀ ਇਹ ਤੱਥ ਸਾਹਮਣੇ ਆ ਸਕਦੇ ਹਨ ਕਿ ਇਹ ਧਮਕੀ ਅਸਲੀ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਨੂੰ ਕਥਿਤ ਤੌਰ ‘ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਣ ਵਾਲੇ ਇੱਕ ਵਿਅਕਤੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ ਅਤੇ 7 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਗਿਆ ਹੈ।

ਪੁਲੀਸ ਰਿਕਾਰਡ ਅਨੁਸਾਰ, ਦਿੱਲੀ ਤੋਂ ‘ਆਪ’ ਵਿਧਾਇਕ ਜਰਨੈਲ ਸਿੰਘ ਨੇ ਮੁਹਾਲੀ ਪੁਲੀਸ ਕੋਲ ਇਸ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਸੀ। ਵਿਧਾਇਕ ਜਰਨੈਲ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ 6 ਨਵੰਬਰ ਨੂੰ ਵੱਟਸਐਪ (WhatsApp) ਰਾਹੀਂ ਇੱਕ ਅਣਪਛਾਤੇ ਵਿਅਕਤੀ ਦਾ ਫ਼ੋਨ ਅਤੇ ਸੁਨੇਹਾ ਆਇਆ ਸੀ, ਜਿਸ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸਿਆ ਸੀ।

ਮੁੱਢਲੀ ਸੂਚਨਾ ਰਿਪੋਰਟ (FIR) ਦਾ ਹਿੱਸਾ ਬਣੀ ਇਸ ਸ਼ਿਕਾਇਤ ਮੁਤਾਬਕ, ਫ਼ੋਨ ਕਰਨ ਵਾਲੇ ਨੇ ਅਰਵਿੰਦ ਕੇਜਰੀਵਾਲ ਤੋਂ 7 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਰਕਮ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਧੀ ਹਰਸ਼ਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਮੁਹਾਲੀ ਪੁਲੀਸ ਨੇ 7 ਨਵੰਬਰ ਨੂੰ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਅਤੇ ਸੂਚਨਾ ਤਕਨਾਲੋਜੀ ਐਕਟ (Information Technology Act) ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

 

More

BREAKING- ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਤੇਜ਼! ਕੈਪਟਨ ਅਮਰਿੰਦਰ ਵੱਲੋਂ PM ਮੋਦੀ ਨਾਲ ਮੁਲਾਕਾਤ

BREAKING: ਟਿਕਟ ਕੱਟੇ ਜਾਣ ਤੋਂ ਨਾਰਾਜ਼ AAP ਵਿਧਾਇਕ ਨੇ ਪੱਟ ‘ਤੇ ਥਾਪੀ ਮਾਰ ਕੇ ਕੀਤਾ ਚੋਣ ਲੜਨ ਦਾ ਐਲਾਨ, ਕਿਹਾ- “ਹਰਪਾਲ ਚੀਮਾ ਨੂੰ ਵੀ ਮੇਰੇ ਸਾਹਮਣੇ ਉਤਾਰ ਦਿਓ, ਤਾਂ ਵੀ ਜਿੱਤ ਕੇ ਦਿਖਾਵਾਂਗਾ”!

Contractual Teachers Punjab: ਕੱਚੇ ਅਧਿਆਪਕਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫ਼ੈਸਲਾ; ਰੈਗੂਲਰ ਕਰਨ ਦਾ ਰਾਹ ਸਾਫ਼!

Chandigarh Traffic Challan! ਹੁਣ ਸਿਰਫ਼ 100 ਰੁਪਏ ‘ਚ ਭੁਗਤਾਓ ਪੁਰਾਣੇ ਟਰੈਫਿਕ ਚਲਾਨ, 16 ਨਵੰਬਰ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਮੁਹਿੰਮ

Punjab Politics: ਆਮ ਆਦਮੀ ਪਾਰਟੀ ਦੇ ਕਈ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ‘ਤੇ ਲਟਕੀ ਤਲਵਾਰ

News Flash: ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਵਾਲਾ ਪ੍ਰਸ਼ਾਸਨ ਆਪਣੇ ਹੀ ਦਫ਼ਤਰ ਅੰਦਰ ਫੈਲਾ ਰਿਹੈ ਪ੍ਰਦੂਸ਼ਣ? ਸੰਗਰੂਰ DC ਦਫ਼ਤਰ ਅੰਦਰ ਕੂੜੇ ਦੇ ਢੇਰ ਨੂੰ ਸ਼ਰੇਆਮ ਅੱਗ!

Leave a Comment