‘ਮੇਰੇ ਤੋਂ ਆਸ ਨਾ ਕਰਿਓ’ ਕਵਿਤਾ ਸੰਗ੍ਰਿਹ ਰਿਲੀਜ਼
ਸੰਗਰੂਰ, 15 ਨਵੰਬਰ 2026- ਇਨਕਲਾਬੀ ਵਿਰਾਸਤ ਪ੍ਰਚਾਰ ਪੰਜਾਬ ਵੱਲੋਂ ਅੱਜ ਮੰਚ ਦੇ ਸੂਬਾ ਪ੍ਰਧਾਨ ਤੇ ਉੱਘੀ ਲੋਕ ਪੱਖੀ ਸ਼ਖਸ਼ੀਅਤ ਬਲਬੀਰ ਲੌਂਗੋਵਾਲ ਦੁਆਰਾ ਸੰਪਾਦਿਤ ਇਨਕਲਾਬੀ ਕਵੀ ਪਾਸ਼ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਿਹ ‘ਮੇਰੇ ਤੋਂ ਆਸ ਨਾ ਕਰਿਓ’ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਮੰਚ ਦੇ ਸੂਬਾ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਪਾਸ਼ ਦੀ ਕਵਿਤਾ ਬੇਹੱਦ ਪ੍ਰਸੰਗਿਕ ਹੈ ਜਦੋਂ ਸਾਡਾ ਸਮਾਜ ਪੂੰਜੀਵਾਦ ਅਤੇ ਸਾਮਰਾਜਵਾਦੀ ਨੀਤੀਆਂ ਦੀ ਗਹਿਰੀ ਪਕੜ ਵਿੱਚ ਹੈ।
ਇੱਕ ਪਾਸੇ ਜਿੱਥੇ ਪੂੰਜੀਪਤੀਆਂ ਕੋਲ ਦੌਲਤ ਦੇ ਅੰਬਾਰ ਲੱਗੇ ਹੋਏ ਹਨ,ਉੱਥੇ ਦੇਸ਼ ਦੇ ਕਿਰਤੀ ਲੋਕ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਲਈ ਨਰਕ ਭਰੀਆਂ ਕੰਮ ਦੀਆਂ ਹਾਲਤਾਂ ਵਿੱਚੋਂ ਗੁਜ਼ਰ ਰਹੇ ਹਨ। ਉਹਨਾਂ ਦੇ ਬਚੇ-ਖੁਚੇ ਸੰਵਿਧਾਨਕ ਹੱਕ ਵੀ ਖੋਹੇ ਜਾ ਰਹੇ ਹਨ ਤੇ ਜੇਕਰ ਕਿਰਤੀ ਅਤੇ ਉਹਨਾਂ ਦੇ ਹਿਤੈਸ਼ੀ ਲੋਕ ਆਪਣੇ ਹੱਕਾਂ ਲਈ ਅਵਾਜ਼ ਉਠਾਉਂਦੇ ਹਨ ਤਾਂ ਉਹਨਾਂ ਨੂੰ ਨਕਸਲੀ, ਸ਼ਹਿਰੀ ਨਕਸਲੀ, ਦਿਮਾਗੀ ਨਕਸਲੀ ਆਦਿ ਲਕਬ ਦੇ ਕੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬਿਨਾਂ ਕਿਸੇ ਅਪੀਲ-ਦਲੀਲ ਦੇ ਸੁੱਟ ਦਿੱਤਾ ਜਾਂਦਾ ਹੈ।
ਨੌਜਵਾਨਾਂ ਨੂੰ ਫਿਰਕੂਵਾਦ ਦਾ ਬੇਰੋਕ ਪਾਠ ਪੜ੍ਹਾ ਕੇ ਉਹਨਾਂ ਨੂੰ ਦਿਮਾਗੀ ਤੌਰ ‘ਤੇ ਜਕੜ ਲਿਆ ਗਿਆ ਹੈ ਅਤੇ ਉਹਨਾਂ ਦੇ ਹੱਥ ਵਿੱਚ ਤਲਵਾਰਾਂ, ਤ੍ਰਿਸ਼ੂਲਾਂ ਫੜਾ ਕੇ ਅਸਲੀ ਮੁੱਦਿਆਂ ਤੋਂ ਭਟਕਾ ਦਿੱਤਾ ਗਿਆ ਹੈ। ਅਜਿਹੇ ਵਿੱਚ ਇਸ ਤਰ੍ਹਾਂ ਦੀਆਂ ਇਨਕਲਾਬੀ ਪੁਸਤਕਾਂ ਦਾ ਪ੍ਰਚਾਰ-ਪ੍ਰਸਾਰ ਨੌਜਵਾਨਾਂ, ਕਿਰਤੀ ਵਰਗ ਅਤੇ ਲੋਕ-ਪੱਖੀ ਵਿਅਕਤੀਆਂ ਦੀ ਸੋਚ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਕਦਮ ਸਾਬਤ ਹੋਵੇਗਾ।
ਪੁਸਤਕ ਦੇ ਸੰਪਾਦਕ ਬਲਬੀਰ ਲੌਂਗੋਵਾਲ ਜਿੱਥੇ ਪ੍ਰਬੁੱਧ ਲੇਖਕ ਹਨ ਉੱਥੇ ਲੋਕ-ਪੱਖੀ ਕਾਰਜਾਂ ਦਾ ਡੂੰਘਾ ਜ਼ਮੀਨੀ ਤਜ਼ਰਬਾ ਰੱਖਦੇ ਹਨ ਤੇ ਹੁਣ ਵੀ ਇਸੇ ਰਾਹ ਉੱਤੇ ਪ੍ਰਗਤੀਸ਼ੀਲ ਹਨ। ਇਸ ਸਮੇਂ ਉਕਤ ਤੋਂ ਇਲਾਵਾ ਮੰਚ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਇਤਿਹਾਸਕਾਰ ਸੁਨਾਮ,ਹਰਭਗਵਾਨ ਗੁਰਨੇ,ਪ੍ਰੇਮ ਸਰੂਪ ਛਾਜਲੀ,ਨਿਰਭੈ ਸਿੰਘ,ਪਵਨ ਸ਼ਰਮਾ,ਜਗਦੇਵ ਵਰਮਾ ਅਤੇ ਗੁਰਦੀਪ ਲਹਿਰਾ ਸ਼ਾਮਿਲ ਸਨ।
















