Rain Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਚੇਤਾਵਨੀ!
ਪੰਜਾਬ ’ਚ ਠੰਢ ਨੇ ਦਿੱਤੀ ਦਸਤਕ: 4 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਤੇ ਧੁੰਦ ਦੀ ਚਿਤਾਵਨੀ, ਮੀਂਹ ਤੋਂ ਬਾਅਦ ਹੁਣ 3 ਤੋਂ 4 ਡਿਗਰੀ ਤੱਕ ਡਿੱਗੇਗਾ ਪਾਰਾ, ਸਵੇਰੇ-ਸ਼ਾਮ ਪਵੇਗੀ ਧੁੰਦ
ਚੰਡੀਗੜ੍ਹ, 15 ਨਵੰਬਰ 2026: ਪੰਜਾਬ ਵਿੱਚ ਸਰਗਰਮ ਹੋਈ ਨਵੀਂ ਪੱਛਮੀ ਗੜਬੜੀ ਕਾਰਨ ਸੂਬੇ ਦੇ ਮੌਸਮ ਨੇ ਇਕਦਮ ਕਰਵਟ ਲੈ ਲਈ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖੁਸ਼ਕ ਚੱਲ ਰਹੇ ਮੌਸਮ ਤੋਂ ਬਾਅਦ ਹੁਣ ਠੰਢ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਭਵਿੱਖਬਾਣੀ ਅਨੁਸਾਰ ਅੱਜ 15 ਨਵੰਬਰ ਨੂੰ ਸੂਬੇ ਦੇ ਚਾਰ ਜ਼ਿਲ੍ਹਿਆਂ ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸੇ ਦੌਰਾਨ ਅੱਜ ਸਵੇਰੇ ਜਲੰਧਰ ਵਿੱਚ ਹੋਈ ਹਲਕੀ ਕਿਣ-ਮਿਣ ਅਤੇ ਫਗਵਾੜਾ ਇਲਾਕੇ ਵਿੱਚ ਪਏ ਮੀਂਹ ਕਾਰਨ ਫਿਜ਼ਾ ਵਿੱਚ ਠੰਢਕ ਘੁਲ ਗਈ ਹੈ ਅਤੇ ਮੌਸਮ ਕਾਫ਼ੀ ਸੁਹਾਵਣਾ ਤੇ ਠੰਢਾ ਹੋ ਗਿਆ ਹੈ। ਦੂਜੇ ਪਾਸੇ, ਰਾਜਧਾਨੀ ਚੰਡੀਗੜ੍ਹ ਵਿੱਚ ਸਵੇਰ ਤੋਂ ਹੀ ਅਸਮਾਨ ’ਤੇ ਹਲਕੀ ਬੱਦਲਵਾਈ ਬਣੀ ਹੋਈ ਹੈ ਅਤੇ ਦਿਨ ਭਰ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ।
ਮੌਸਮ ਵਿਗਿਆਨੀਆਂ ਮੁਤਾਬਕ, ਪਾਕਿਸਤਾਨ ਦੇ ਉੱਪਰਲੇ ਹਿੱਸੇ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਈ ਹੈ, ਜਿਸ ਦੇ ਸਿੱਧੇ ਪ੍ਰਭਾਵ ਹੇਠ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਬੱਦਲਵਾਈ ਅਤੇ ਮੀਂਹ ਪੈਣ ਦੇ ਹਾਲਾਤ ਬਣੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਤੋਂ ਪਹਿਲਾਂ ਸਰਗਰਮ ਹੋਈ ਪੱਛਮੀ ਗੜਬੜੀ ਹੁਣ ਉੱਤਰ-ਪੂਰਬ ਦਿਸ਼ਾ ਵੱਲ ਵਧਦਿਆਂ ਇਸ ਖੇਤਰ ਤੋਂ ਅੱਗੇ ਨਿਕਲ ਚੁੱਕੀ ਹੈ, ਪਰ ਨਵੇਂ ਬਣੇ ਮੌਸਮੀ ਸਿਸਟਮ ਕਾਰਨ ਸੂਬੇ ਵਿੱਚ ਮੁੜ ਤੋਂ ਬੱਦਲਾਂ ਨੇ ਡੇਰੇ ਲਾ ਲਏ ਹਨ।
ਇਸ ਬਦਲਾਅ ਨਾਲ ਜਿੱਥੇ ਲੋਕਾਂ ਨੂੰ ਸੁੱਕੀ ਠੰਢ ਅਤੇ ਹਵਾ ਵਿਚਲੇ ਪ੍ਰਦੂਸ਼ਣ ਤੋਂ ਵੱਡੀ ਰਾਹਤ ਮਿਲੇਗੀ, ਉੱਥੇ ਹੀ ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਲਕੀ ਬਾਰਿਸ਼ ਹਾੜ੍ਹੀ ਦੀਆਂ ਫ਼ਸਲਾਂ, ਖ਼ਾਸ ਕਰਕੇ ਕਣਕ ਦੀ ਬਿਜਾਈ ਵਾਸਤੇ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ। ਤਾਪਮਾਨ ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਸੂਬੇ ਵਿੱਚ ਰਾਤ ਦੇ ਤਾਪਮਾਨ ਵਿੱਚ 1.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਹਾਲਾਂਕਿ, ਇਸ ਗਿਰਾਵਟ ਦੇ ਬਾਵਜੂਦ ਸੂਬੇ ਦਾ ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਨਾਲੋਂ 4.9 ਡਿਗਰੀ ਸੈਲਸੀਅਸ ਵੱਧ ਬਣਿਆ ਹੋਇਆ ਹੈ। ਬੀਤੀ ਰਾਤ ਪੂਰੇ ਪੰਜਾਬ ਵਿੱਚੋਂ ਸਭ ਤੋਂ ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਪਠਾਨਕੋਟ ਵਿਖੇ ਦਰਜ ਕੀਤਾ ਗਿਆ, ਜਿਸ ਕਾਰਨ ਸਰਹੱਦੀ ਅਤੇ ਨੀਮ ਪਹਾੜੀ ਇਲਾਕਿਆਂ ਵਿੱਚ ਠੰਢ ਦਾ ਅਹਿਸਾਸ ਜ਼ਿਆਦਾ ਰਿਹਾ।
ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਭਲਕੇ 16 ਨਵੰਬਰ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਮੁੜ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਪਰ ਮੀਂਹ ਪੈਣ ਕਾਰਨ ਹਵਾ ਵਿੱਚ ਵਧੀ ਨਮੀ ਕਰਕੇ ਅੱਜ ਤੋਂ ਸੂਬੇ ਦੀਆਂ ਕੁਝ ਥਾਵਾਂ ’ਤੇ ਰਾਤ ਅਤੇ ਤੜਕਸਾਰ ਵੇਲੇ ਹਲਕੀ ਤੋਂ ਦਰਮਿਆਨੀ ਧੁੰਦ ਛਾ ਸਕਦੀ ਹੈ। ਵਿਭਾਗ ਨੇ ਵਾਹਨ ਚਾਲਕਾਂ ਨੂੰ ਸਵੇਰ ਵੇਲੇ ਸਫ਼ਰ ਕਰਦਿਆਂ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਇਸ ਤੋਂ ਇਲਾਵਾ ਅਗਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡਾ ਫੇਰਬਦਲ ਨਹੀਂ ਹੋਵੇਗਾ, ਪਰ ਇਸ ਤੋਂ ਬਾਅਦ ਪਾਰਾ 3 ਤੋਂ 4 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਸਕਦਾ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਵੇਰੇ ਅਤੇ ਰਾਤ ਦੀ ਠੰਢ ਹੋਰ ਜ਼ੋਰ ਫੜੇਗੀ ਅਤੇ ਲੋਕਾਂ ਨੂੰ ਗਰਮ ਕੱਪੜਿਆਂ ਦਾ ਸਹਾਰਾ ਲੈਣਾ ਪਵੇਗਾ।
















