Weather Alert: ਪੰਜਾਬ ‘ਚ ਮੌਸਮ ਨੇ ਲਈ ਕਰਵਟ! IMD ਵੱਲੋਂ ਯੈਲੋ ਅਲਰਟ ਜਾਰੀ, ਕਈ ਇਲਾਕਿਆਂ ਸੰਘਣੀ ਧੁੰਦ
ਮੌਸਮ ਨੇ ਲਈ ਕਰਵਟ: ਸੰਘਣੀ ਧੁੰਦ ਕਾਰਨ ਸੜਕਾਂ ‘ਤੇ ਦਿਸਣ ਹੱਦ ਹੋਈ ਬੇਹੱਦ ਘੱਟ, ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ
ਨਵੰਬਰ ਮਹੀਨੇ ਵਿੱਚ ਹੀ ਠੰਢ ਨੇ ਦਿਖਾਏ ਤੇਵਰ: ਸਵੇਰ ਦੀ ਸੰਘਣੀ ਧੁੰਦ ਕਾਰਨ ਰਫ਼ਤਾਰ ‘ਤੇ ਲੱਗੀ ਬ੍ਰੇਕ, ਗਰਮ ਕੱਪੜੇ ਨਿਕਲੇ ਬਾਹਰ
ਸਰਹੱਦੀ ਇਲਾਕੇ ਅਜਨਾਲਾ ਵਿੱਚ ਸੰਘਣੀ ਧੁੰਦ ਦਾ ਕਹਿਰ, ਲੋਕਾਂ ਨੇ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਕੀਤੀ ਅਪੀਲ
Weather Punjab, 22 ਨਵੰਬਰ 2026- ਮੌਸਮ ਵਿੱਚ ਆ ਰਹੀ ਤੇਜ਼ ਤਬਦੀਲੀ ਦੇ ਨਾਲ ਹੀ ਪੰਜਾਬ ਭਰ ਵਿੱਚ ਸਰਦੀ ਅਤੇ ਸੰਘਣੀ ਧੁੰਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਅੱਜ ਸਵੇਰ ਵੇਲੇ ਸੰਘਣੀ ਧੁੰਦ ਦੀ ਚਿੱਟੀ ਚਾਦਰ ਵਿਛੀ ਨਜ਼ਰ ਆਈ। ਇਸ ਸੰਘਣੀ ਧੁੰਦ ਕਾਰਨ ਸੜਕਾਂ ‘ਤੇ ਦਿਸਣ ਹੱਦ (ਵਿਜ਼ੀਬਿਲਟੀ) ਬੇਹੱਦ ਘੱਟ ਗਈ ਹੈ, ਜਿਸ ਸਦਕਾ ਆਮ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਵੇਰ ਵੇਲੇ ਪਈ ਇਸ ਸੰਘਣੀ ਧੁੰਦ ਦਾ ਸਭ ਤੋਂ ਵੱਧ ਅਸਰ ਮੁੱਖ ਮਾਰਗਾਂ ਅਤੇ ਲਿੰਕ ਸੜਕਾਂ ‘ਤੇ ਦੇਖਣ ਨੂੰ ਮਿਲਿਆ, ਜਿੱਥੇ ਵਾਹਨ ਚਾਲਕਾਂ ਨੂੰ ਅੱਗੇ ਦਾ ਰਸਤਾ ਸਾਫ਼ ਦਿਖਾਈ ਨਹੀਂ ਦੇ ਰਿਹਾ ਸੀ। ਖ਼ਾਸ ਤੌਰ ‘ਤੇ ਦੋਪਹੀਆ ਵਾਹਨ ਚਾਲਕਾਂ ਅਤੇ ਸਵੇਰੇ ਸਵੇਰੇ ਆਪਣੇ ਕੰਮਾਂ-ਕਾਰਾਂ ਲਈ ਘਰਾਂ ਤੋਂ ਨਿਕਲਣ ਵਾਲੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਬੇਹੱਦ ਸਾਵਧਾਨੀ ਵਰਤਣੀ ਪੈ ਰਹੀ ਹੈ।
ਧੁੰਦ ਕਾਰਨ ਵਾਹਨਾਂ ਦੀ ਰਫ਼ਤਾਰ ਨੂੰ ਬ੍ਰੇਕ ਲੱਗ ਗਈ ਹੈ ਅਤੇ ਕਈ ਥਾਵਾਂ ‘ਤੇ ਵਾਹਨ ਰੇਂਗਦੇ ਹੋਏ ਨਜ਼ਰ ਆਏ। ਠੰਢੀਆਂ ਹਵਾਵਾਂ ਚੱਲਣ ਅਤੇ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਲੋਕਾਂ ਨੇ ਹੁਣ ਆਪਣੇ ਗਰਮ ਕੱਪੜੇ, ਸਵੈਟਰ ਅਤੇ ਜੈਕਟਾਂ ਕੱਢ ਲਈਆਂ ਹਨ। ਸਵੇਰ ਅਤੇ ਸ਼ਾਮ ਦੇ ਸਮੇਂ ਠੁਰ-ਠੁਰ ਵਧਣ ਕਾਰਨ ਬਾਜ਼ਾਰਾਂ ਵਿੱਚ ਵੀ ਸਵੇਰ ਵੇਲੇ ਰੌਣਕ ਕੁਝ ਦੇਰੀ ਨਾਲ ਦੇਖਣ ਨੂੰ ਮਿਲ ਰਹੀ ਹੈ।
ਇਸ ਮੌਸਮੀ ਤਬਦੀਲੀ ਦੇ ਮੱਦੇਨਜ਼ਰ ਇਲਾਕਾ ਨਿਵਾਸੀਆਂ ਅਤੇ ਸਮਾਜ ਸੇਵੀਆਂ ਨੇ ਸਮੂਹ ਵਾਹਨ ਚਾਲਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸੰਘਣੀ ਧੁੰਦ ਦੌਰਾਨ ਸਫ਼ਰ ਕਰਦੇ ਸਮੇਂ ਪੂਰੀ ਚੌਕਸੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਰਫ਼ਤਾਰ ਹੌਲੀ ਰੱਖੀ ਜਾਵੇ, ਧੁੰਦ ਵਾਲੀਆਂ ਲਾਈਟਾਂ (ਫੌਗ ਲਾਈਟਾਂ) ਅਤੇ ਇੰਡੀਕੇਟਰਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਜੋ ਦੂਰੋਂ ਆਉਂਦੇ ਵਾਹਨਾਂ ਨੂੰ ਪਤਾ ਲੱਗ ਸਕੇ।
ਇਸ ਤੋਂ ਇਲਾਵਾ ਅੱਗੇ ਜਾ ਰਹੇ ਵਾਹਨਾਂ ਤੋਂ ਢੁੱਕਵੀਂ ਦੂਰੀ ਬਣਾ ਕੇ ਰੱਖਣਾ ਬੇਹੱਦ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸੜਕ ਹਾਦਸੇ ਜਾਂ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ। ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਠੰਢ ਅਤੇ ਧੁੰਦ ਕਣਕ ਦੀ ਫ਼ਸਲ ਲਈ ਲਾਹੇਵੰਦ ਸਾਬਤ ਹੋਵੇਗੀ, ਪਰ ਆਮ ਜਨਜੀਵਨ ਲਈ ਨਵੰਬਰ ਮਹੀਨੇ ਵਿੱਚ ਹੀ ਵਧੇ ਸਰਦੀ ਦੇ ਇਸ ਪ੍ਰਕੋਪ ਨੇ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਪੈਣ ਦੇ ਸਾਫ਼ ਸੰਕੇਤ ਦੇ ਦਿੱਤੇ ਹਨ।
















