CBSE ਦਾ ਵੱਡਾ ਫ਼ੈਸਲਾ: ਹੁਣ 10ਵੀਂ-12ਵੀਂ ਦੀਆਂ ਕਾਪੀਆਂ ’ਚ ਰੱਟੇ ਹੋਏ ਜਵਾਬਾਂ ਦੀ ਬਜਾਏ ਸਮਝਦਾਰੀ ਨੂੰ ਮਿਲੇਗੀ ਤਰਜੀਹ
2027 ਦੀਆਂ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਮੁਲਾਂਕਣ ਪ੍ਰਣਾਲੀ ’ਚ ਬਦਲਾਅ ਦੀ ਤਿਆਰੀ; ਵਿਦਿਆਰਥੀਆਂ ਦੀ ਤਰਕਸ਼ੀਲ ਸੋਚ, ਵਿਸ਼ੇ ਦੀ ਸਮਝ ਅਤੇ ਵਿਹਾਰਕ ਗਿਆਨ ਦੀ ਹੋਵੇਗੀ ਪਰਖ
ਨਵੀਂ ਦਿੱਲੀ 21 ਨਵੰਬਰ 2026:
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਤਰੀਕੇ ਵਿੱਚ ਵੱਡੇ ਬਦਲਾਅ ਦੇ ਸੰਕੇਤ ਦਿੱਤੇ ਹਨ। ਬੋਰਡ ਵੱਲੋਂ ਜਾਰੀ ਨਵੇਂ ਸਰਕੂਲਰ ਮੁਤਾਬਕ, ਹੁਣ ਵਿਦਿਆਰਥੀਆਂ ਦੀਆਂ ਉੱਤਰ-ਪੱਤਰੀਆਂ ਦੀ ਜਾਂਚ ਦੌਰਾਨ ਸਿਰਫ਼ ਰੱਟੇ ਹੋਏ ਜਵਾਬਾਂ ਦੀ ਬਜਾਏ ਵਿਸ਼ੇ ਦੀ ਸਮਝ, ਤਰਕਸ਼ੀਲ ਸੋਚ ਅਤੇ ਵਿਹਾਰਕ ਗਿਆਨ ਨੂੰ ਵਧੇਰੇ ਮਹੱਤਵ ਦਿੱਤਾ ਜਾਵੇਗਾ। ਇਹ ਕਦਮ 2027 ਦੀਆਂ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਖ਼ਾਸ ਅਹਿਮੀਅਤ ਰੱਖਦਾ ਹੈ।
ਸੀਬੀਐੱਸਈ ਦੇ ਸਰਕੂਲਰ ਅਨੁਸਾਰ, ਮੁਲਾਂਕਣ ਪ੍ਰਕਿਰਿਆ ਨੂੰ ਹੋਰ ਅਰਥਪੂਰਨ ਬਣਾਉਣ ਦੀ ਯੋਜਨਾ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਵਿਦਿਆਰਥੀ ਨੇ ਕਿਸੇ ਵਿਸ਼ੇ ਨੂੰ ਅਸਲ ਵਿੱਚ ਕਿੰਨਾ ਸਮਝਿਆ ਹੈ। ਹੁਣ ਸਿਰਫ਼ ਕਿਤਾਬਾਂ ਦੀਆਂ ਪਰਿਭਾਸ਼ਾਵਾਂ ਜਾਂ ਯਾਦ ਕੀਤੇ ਜਵਾਬ ਲਿਖਣ ਦੀ ਬਜਾਏ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਵਿਸ਼ੇ ਦੀ ਵਿਆਖਿਆ ਕਰਨ ਅਤੇ ਉਸ ਨੂੰ ਅਸਲ ਜ਼ਿੰਦਗੀ ਨਾਲ ਜੋੜ ਕੇ ਪੇਸ਼ ਕਰਨ ਦੀ ਲੋੜ ਪਵੇਗੀ।
ਸਿਟੀ ਕੋਆਰਡੀਨੇਟਰ ਸੁਮੰਤ ਕੁਮਾਰ ਮੁਤਾਬਕ, ਮੁਲਾਂਕਣ ਦਾ ਇਹ ਨਵਾਂ ਢਾਂਚਾ ਕੌਮੀ ਸਿੱਖਿਆ ਨੀਤੀ (NEP) 2020 ਦੇ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਬੋਰਡ ਨੇ ਫਿਲਹਾਲ ਮੌਜੂਦਾ ਪ੍ਰੀਖਿਆ ਪੈਟਰਨ ਵਿੱਚ ਕਿਸੇ ਤੁਰੰਤ ਬਦਲਾਅ ਦਾ ਐਲਾਨ ਨਹੀਂ ਕੀਤਾ ਹੈ।
ਇਸ ਨਵੀਂ ਮੁਲਾਂਕਣ ਪ੍ਰਣਾਲੀ ਦੀ ਰੂਪਰੇਖਾ ’ਤੇ ਵਿਚਾਰ ਕਰਨ ਲਈ ਸੀਬੀਐੱਸਈ ਦੀ 32ਵੀਂ ਕੌਮੀ ਕਾਨਫਰੰਸ 17 ਅਤੇ 18 ਦਸੰਬਰ ਨੂੰ ਜੰਮੂ ਵਿੱਚ ਕਰਵਾਈ ਜਾਵੇਗੀ। ਇਸ ਵਾਰ ਕਾਨਫਰੰਸ ਦਾ ਵਿਸ਼ਾ ‘ਮੁਲਾਂਕਣ: ਵਿਸ਼ਵਵਿਆਪੀ ਦ੍ਰਿਸ਼ਟੀਕੋਣ ਅਤੇ ਭਵਿੱਖ ਲਈ ਤਿਆਰ ਸਿੱਖਿਆਰਥੀ’ ਰੱਖਿਆ ਗਿਆ ਹੈ। ਇਸ ਵਿੱਚ ਦੇਸ਼ ਭਰ ਦੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੱਖਿਆ ਮਾਹਿਰ ਹਿੱਸਾ ਲੈਣਗੇ। ਇਸ ਦੌਰਾਨ ਵਿਚਾਰ ਕੀਤਾ ਜਾਵੇਗਾ ਕਿ ਵਿਦਿਆਰਥੀਆਂ ਦੀ ਅਸਲ ਸਿੱਖਣ ਸਮਰੱਥਾ ਅਤੇ ਵਿਹਾਰਕ ਸਮਝ ਨੂੰ ਕਿਵੇਂ ਪਰਖਿਆ ਜਾਵੇ।
ਕਦੋਂ ਸ਼ੁਰੂ ਹੋਣਗੀਆਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ?
ਜਾਰੀ ਜਾਣਕਾਰੀ ਅਨੁਸਾਰ, ਸੀਬੀਐੱਸਈ ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 16 ਫਰਵਰੀ 2027 ਤੋਂ ਸ਼ੁਰੂ ਹੋਣਗੀਆਂ। 10ਵੀਂ ਦੀਆਂ ਪ੍ਰੀਖਿਆਵਾਂ 9 ਮਾਰਚ ਤੱਕ ਅਤੇ 12ਵੀਂ ਦੀਆਂ ਪ੍ਰੀਖਿਆਵਾਂ 9 ਅਪ੍ਰੈਲ ਤੱਕ ਚੱਲਣਗੀਆਂ। 10ਵੀਂ ਵਿੱਚ 83 ਵਿਸ਼ਿਆਂ ਅਤੇ 12ਵੀਂ ਵਿੱਚ 121 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋਣਗੀਆਂ। ਪ੍ਰੀਖਿਆਵਾਂ ਦਾ ਸਮਾਂ ਸਵੇਰੇ 10:30 ਵਜੇ ਹੋਵੇਗਾ।
ਵਿਦਿਆਰਥੀ ਵਿਸ਼ੇ ਅਨੁਸਾਰ ਪੂਰਾ ਸਮਾਂ-ਸਾਰਣੀ ਸੀਬੀਐੱਸਈ ਦੀ ਅਧਿਕਾਰਤ ਵੈੱਬਸਾਈਟ www.cbse.gov.in ’ਤੇ ਦੇਖ ਸਕਦੇ ਹਨ।
ਮੁਲਾਂਕਣ ਪ੍ਰਣਾਲੀ ਵਿੱਚ ਪ੍ਰਸਤਾਵਿਤ ਬਦਲਾਅ ਲਾਗੂ ਹੋਣ ’ਤੇ ਵਿਦਿਆਰਥੀਆਂ ਨੂੰ ਰੱਟਾ ਲਗਾਉਣ ਦੀ ਆਦਤ ਛੱਡ ਕੇ ਵਿਸ਼ਿਆਂ ਦੀ ਬੁਨਿਆਦੀ ਸਮਝ ਵਿਕਸਿਤ ਕਰਨੀ ਪਵੇਗੀ। ਉਦਾਹਰਨਾਂ ਰਾਹੀਂ ਜਵਾਬ ਦੇਣ, ਤਰਕ ਨਾਲ ਆਪਣੀ ਗੱਲ ਸਮਝਾਉਣ ਅਤੇ ਪੜ੍ਹੇ ਹੋਏ ਗਿਆਨ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜਨ ਦੀ ਯੋਗਤਾ ਅਹਿਮ ਹੋਵੇਗੀ। ਅਜਿਹੇ ਵਿਦਿਆਰਥੀਆਂ ਨੂੰ ਲਾਭ ਮਿਲ ਸਕਦਾ ਹੈ, ਜੋ ਵਿਸ਼ੇ ਨੂੰ ਸਮਝ ਕੇ ਆਪਣੇ ਸ਼ਬਦਾਂ ਵਿੱਚ ਸਪੱਸ਼ਟ ਜਵਾਬ ਲਿਖਣਗੇ।
ਹਾਲਾਂਕਿ, ਵਿਦਿਆਰਥੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਫਿਲਹਾਲ ਪ੍ਰੀਖਿਆ ਪੈਟਰਨ ਵਿੱਚ ਤੁਰੰਤ ਤਬਦੀਲੀ ਦਾ ਐਲਾਨ ਨਹੀਂ ਹੋਇਆ ਹੈ। ਇਸ ਲਈ ਅਧਿਕਾਰਤ ਹਦਾਇਤਾਂ ਅਨੁਸਾਰ ਹੀ ਆਪਣੀ ਤਿਆਰੀ ਜਾਰੀ ਰੱਖਣੀ ਚਾਹੀਦੀ ਹੈ।
















