Join WhatsApp

Join Now

Breaking- ਭਾਜਪਾ ਨੇ ਲਾਂਚ ਕੀਤੀ ਮੈਨੀਫੈਸਟੋ ਮੁਹਿੰਮ! ਪੰਜਾਬ ‘ਚ ਬਣੇਗੀ ਡਬਲ ਇੰਜਨ ਸਰਕਾਰ- ਕੇਵਲ ਢਿੱਲੋਂ ਨੇ ਕੀਤਾ ਵੱਡਾ ਦਾਅਵਾ

On: November 22, 2026 3:31 PM

 

Breaking- ਭਾਜਪਾ ਨੇ ਲਾਂਚ ਕੀਤੀ ਮੈਨੀਫੈਸਟੋ ਮੁਹਿੰਮ! ਪੰਜਾਬ ‘ਚ ਬਣੇਗੀ ਡਬਲ ਇੰਜਨ ਸਰਕਾਰ- ਕੇਵਲ ਢਿੱਲੋਂ ਨੇ ਕੀਤਾ ਵੱਡਾ ਦਾਅਵਾ

“ਇਹ ਸਿਰਫ਼ ਭਾਜਪਾ ਦਾ ਨਹੀਂ, ਹਰ ਪੰਜਾਬੀ ਦਾ ਮੈਨੀਫੈਸਟੋ ਹੋਵੇਗਾ”- ਕੇਵਲ ਢਿੱਲੋਂ ਨੇ ਕੀਤੇ ਵੱਡੇ ਐਲਾਨ- AAP ਸਰਕਾਰ ’ਤੇ ਕੱਸੇ ਤਿੱਖੇ ਤੰਜ

ਚੰਡੀਗੜ੍ਹ, 22 ਨਵੰਬਰ 2026: ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬੇ ਦੀ ਮੌਜੂਦਾ ਆਮ ਆਦਮੀ ਪਾਰਟੀ (AAP) ਦੀ ਸਰਕਾਰ ’ਤੇ ਤਿੱਖੇ ਸਿਆਸੀ ਹਮਲੇ ਕੀਤੇ ਅਤੇ ਪੰਜਾਬ ਦੇ ਭਵਿੱਖ ਲਈ ਭਾਜਪਾ ਦੀ ਰਣਨੀਤੀ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੜਕਾਂ, ਰੇਲਵੇ, ਉਦਯੋਗ, ਸਿੱਖਿਆ ਅਤੇ ਸਿਹਤ ਸਮੇਤ ਹਰ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਦੁਨੀਆ ਦੇ ਵਿਕਸਿਤ ਦੇਸ਼ ਵੀ ਭਾਰਤ ਦੀ ਇਸ ਰਫ਼ਤਾਰ ਤੋਂ ਹੈਰਾਨ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਤਰੱਕੀ ਦੀ ਦੌੜ ਵਿੱਚ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਹੜਾ ਪੰਜਾਬ ਕਦੇ ਦੇਸ਼ ਵਿੱਚ ਨੰਬਰ ਇੱਕ ਸੂਬਾ ਮੰਨਿਆ ਜਾਂਦਾ ਸੀ, ਉਹ ਅੱਜ 22ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜੋ ਹਰੇਕ ਪੰਜਾਬੀ ਲਈ ਡੂੰਘੀ ਚਿੰਤਾ ਅਤੇ ਦੁੱਖ ਦੀ ਗੱਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਯੋਜਨਾਵਾਂ ਲਈ ਭੇਜੇ ਜਾਂਦੇ ਫੰਡਾਂ ਨੂੰ ਮੌਜੂਦਾ ਸੂਬਾ ਸਰਕਾਰ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਵਿੱਚ ਨਾਕਾਮ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਦੇ ਅਰਸੇ ਵਿੱਚ ਪੰਜਾਬ ਸਿਰ ਕਰਜ਼ਾ, ਜੋ ਪਹਿਲਾਂ ਲਗਭਗ 2 ਲੱਖ 82 ਹਜ਼ਾਰ ਕਰੋੜ ਰੁਪਏ ਸੀ, ਉਹ ਦੁੱਗਣਾ ਹੋ ਗਿਆ ਹੈ। ਸੂਬੇ ਦੇ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਮਾਲੀ ਹਾਲਤ ਕਮਜ਼ੋਰ ਹੋ ਚੁੱਕੀ ਹੈ, ਭ੍ਰਿਸ਼ਟਾਚਾਰ ਅਤੇ ਗੈਂਗਸਟਰਵਾਦ ਵਧਿਆ ਹੈ, ਮੁਲਾਜ਼ਮਾਂ ਨੂੰ ਡੀਏ ਨਹੀਂ ਮਿਲ ਰਿਹਾ ਅਤੇ ਬਿਜਲੀ ਦੇ 14-14 ਘੰਟੇ ਕੱਟ ਲੱਗ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਹਰ ਵਰਗ (ਕਿਸਾਨ, ਨੌਜਵਾਨ, ਵਪਾਰੀ, ਮਹਿਲਾਵਾਂ, ਮੁਲਾਜ਼ਮ ਅਤੇ ਮਜ਼ਦੂਰ) ਪਰੇਸ਼ਾਨ ਹਨ। ਢਿੱਲੋਂ ਮੁਤਾਬਕ ਪੰਜਾਬ ਨੂੰ ਇਸ ਸੰਕਟ ਵਿੱਚੋਂ ਕੱਢਣ ਦਾ ਇੱਕੋ-ਇੱਕ ਹੱਲ ‘ਡਬਲ ਇੰਜਨ’ ਦੀ ਸਰਕਾਰ ਹੈ, ਜਿੱਥੇ ਕੇਂਦਰ ਅਤੇ ਸੂਬੇ ਵਿੱਚ ਇੱਕੋ ਸੋਚ ਦੀ ਸਰਕਾਰ ਹੋਵੇਗੀ ਤਾਂ ਵਿਕਾਸ ਦੀ ਰਫ਼ਤਾਰ ਦੁੱਗਣੀ ਹੋ ਸਕਦੀ ਹੈ ਅਤੇ ਪੰਜਾਬ ਆਪਣੀ ਪੁਰਾਣੀ ਸ਼ਾਨ ਤੇ ਮਾਣ ਮੁੜ ਹਾਸਲ ਕਰ ਸਕਦਾ ਹੈ।

ਇਸ ਮੌਕੇ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਤਿਆਰ ਕਰਨ ਲਈ ਤਿੰਨ ਹੈਲਪਲਾਈਨ ਨੰਬਰ, ਇੱਕ ਵੈੱਬਸਾਈਟ ਅਤੇ ਕਿਊਆਰ (QR) ਕੋਡ ਜਾਰੀ ਕੀਤੇ ਗਏ, ਜਿਨ੍ਹਾਂ ਰਾਹੀਂ ਆਮ ਲੋਕ ਫਾਰਮ ਭਰ ਕੇ ਆਪਣੇ ਸੁਝਾਅ ਭੇਜ ਸਕਣਗੇ। ਢਿੱਲੋਂ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਪ੍ਰਚਾਰ ਵੈਨਾਂ ਵੀ ਭੇਜੀਆਂ ਜਾਣਗੀਆਂ, ਜਿਨ੍ਹਾਂ ਵਿੱਚ ਸੁਝਾਅ ਬਕਸੇ ਰੱਖੇ ਜਾਣਗੇ ਤਾਂ ਜੋ ਹਰ ਵਰਗ ਦੀ ਆਵਾਜ਼ ਸੁਣੀ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਾਪਤ ਸੁਝਾਵਾਂ ਦਾ ਪੂਰਾ ਵਿਸ਼ਲੇਸ਼ਣ ਕਰਨ ਮਗਰੋਂ ਲੋਕਾਂ ਦਾ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ ਅਤੇ ਨਸ਼ਿਆਂ ਦੇ ਖ਼ਾਤਮੇ ਤੇ ਪੰਜਾਬ ਦੇ ਵਿਕਾਸ ਨੂੰ ਮੁੱਖ ਏਜੰਡਾ ਬਣਾਇਆ ਜਾਵੇਗਾ।

ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਡਾ. ਸਤੀਸ਼ ਪੂਨੀਆ, ਚੋਣ ਮੈਨੀਫੈਸਟੋ ਇੰਚਾਰਜ ਅਵਿਨਾਸ਼ ਰਾਏ ਖੰਨਾ, ਮਨਪ੍ਰੀਤ ਸਿੰਘ ਬਾਦਲ, ਗੁਰਮੀਤ ਸਿੰਘ ਸੋਢੀ, ਸੋਮ ਪ੍ਰਕਾਸ਼, ਮਨੋਰੰਜਨ ਕਾਲੀਆ, ਰਜਿੰਦਰ ਗੁਪਤਾ ਅਤੇ ਪਰਮਪਾਲ ਕੌਰ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਡਾ. ਸਤੀਸ਼ ਪੂਨੀਆ ਨੇ ਕਿਹਾ ਕਿ ਮੈਨੀਫੈਸਟੋ ਕਮੇਟੀ ਦੇ ਗਠਨ ਨਾਲ ਲੋਕਾਂ ਵਿੱਚ ਨਵੀਂ ਉਮੀਦ ਜਾਗੀ ਹੈ ਅਤੇ ਇਹ ਵਿਜ਼ਨ ਡਾਕੂਮੈਂਟ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਤਿਆਰ ਕਰਕੇ ਭਵਿੱਖ ਵਿੱਚ ਪੂਰੀ ਵਚਨਬੱਧਤਾ ਨਾਲ ਲਾਗੂ ਕੀਤਾ ਜਾਵੇਗਾ।

 

Leave a Comment