ਖੰਨਾ ਦੇ ਵਿਦਿਆਰਥੀ ਪਰਮੀਸ਼ ਸ਼ਰਮਾ ਨੂੰ ਮਿਲਿਆ ‘ਰਾਜ ਪੁਰਸਕਾਰ’
ਸਾਹਿਤਕ ਖੇਤਰ ਵਿੱਚ ਵੀ ਨਾ ਚਮਕਾ ਚੁੱਕਾ ਹੈ ਪਰਮੀਸ਼
ਵਿਦਿਆਰਥੀ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਦੇਸ਼ ਦਾ ਨਾਂ ਚਮਕਾਉਣ- ਪਰਮੀਸ਼
ਖੰਨਾ, 27 ਨਵੰਬਰ 2026- ਖੰਨਾ ਸ਼ਹਿਰ ਦਾ ਪਰਮੀਸ਼ ਸ਼ਰਮਾ ਜੋ ਕਿ ਗੋਬਿੰਦਗੜ੍ਹ ਪਬਲਿਕ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਗਿਆਰਵੀਂ ਜਮਾਤ (ਕਾਮਰਸ ਵਿਸ਼ੇ) ਦਾ ਵਿਦਿਆਰਥੀ ਹੈ। ਉਸ ਨੂੰ ਇਹ ਰਾਜ ਪੁਰਸਕਾਰ ਦਾ ਭਾਰਤ ਸਕਾਊਟ ਐਂਡ ਗਾਈਡ, ਪੰਜਾਬ ਵੱਲੋਂ ਤਾਰਾ ਦੇਵੀ, ਸ਼ਿਮਲਾ ਵਿਖੇ ਚੁਣੇ ਜਾਣ ਉਪਰੰਤ ਪ੍ਰਦਾਨ ਕੀਤਾ ਗਿਆ ਹੈ। ਪਰਮੀਸ਼ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ। ਜਿੱਥੇ ਉਹ ਇੱਕ ਚੰਗਾ ਖਿਡਾਰੀ ਹੈ, ਉੱਥੇ ਸੱਤਵੀਂ ਜਮਾਤ ਦੌਰਾਨ ਪੜੵਦੇ ਸਮੇਂ ਤੋਂ ਹੀ ਉਸਦੀਆਂ ਕਵਿਤਾਵਾਂ ਅਤੇ ਲੇਖ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਰਸਾਲਿਆਂ ‘ਪੰਖੜੀਆਂ’ ਅਤੇ ‘ਪ੍ਰਾਇਮਰੀ ਸਿੱਖਿਆ’ ਵਿੱਚ ਛਪਦੇ ਆ ਰਹੇ ਹਨ।
ਪਰਮੀਸ਼ ਅਧਿਆਪਕਾਂ ਦੇ ਪਰਿਵਾਰ ਵਿੱਚੋਂ ਹੈ। ਉਸ ਦੇ ਪਰਿਵਾਰ ਵਿੱਚ ਉੱਘੇ ਸਿੱਖਿਆ ਸ਼ਾਸਤਰੀ ਲੋਕ ਨਾਥ ਸ਼ਰਮਾ, ਡਾ.ਸ਼ਿਵ ਸ਼ਰਨ, ਪਿਤਾ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਦਾ ਸਿੱਖਿਆ ਦੇ ਖੇਤਰ ਵਿੱਚ ਵੱਡਾ ਨਾਂ ਹੈ ਅਤੇ ਉਸਦੀ ਮਾਤਾ ਕਵਿਤਾ ਸ਼ਰਮਾ ਅਧਿਆਪਕਾ ਹਨ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਪਰਮੀਸ਼ ਸ਼ਰਮਾ ਨੇ ਦੱਸਿਆ ਕਿ ਸਾਰੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਦੇਸ਼ ਦਾ ਨਾ ਚਮਕਾਉਣਾ ਚਾਹੀਦਾ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਨੀਰੂ ਅਰੋੜਾ ਵੱਲੋਂ ਰਾਜ ਪੁਰਸਕਾਰ ਮਿਲਣ ਤੇ ਪਰਮੀਸ਼ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਕੋਆਰਡੀਨੇਟਰ ਮੈਡਮ ਸੋਨੀਆ ਗੋਪਾਲ ,ਕਲਾਸ ਇੰਚਾਰਜ ਰਵਨੀਤ ਕੌਰ ਅਤੇ ਸਕਾਊਟ ਇੰਚਾਰਜ ਮਨਦੀਪ ਸਿੰਘ ਮੌਜੂਦ ਸਨ।















