ਵੱਡੀ ਖ਼ਬਰ: ਭਗਵੰਤ ਮਾਨ ਦੇ ਕੈਬਨਿਟ ਮੰਤਰੀ ਨੇ ਲਿਆ ਡੇਰਾ ਬਿਆਸ ਮੁਖੀ ਦਾ ਅਸ਼ੀਰਵਾਦ; ਬੰਦ ਕਮਰਾ ਹੋਈ ਮੀਟਿੰਗ?
ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕਰੀਬ 15 ਮਿੰਟ ਹੋਈ ਅਹਿਮ ਗੱਲਬਾਤ; ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼
Punjab Network
ਬਿਆਸ/ਅੰਮ੍ਰਿਤਸਰ 25 ਫਰਵਰੀ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੇ ਅਹਿਮ ਮੈਂਬਰ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਗਈ।
ਇਸ ਮੁਲਾਕਾਤ ਨੇ ਸੂਬੇ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਨਿਊਜ਼18 ਦੀ ਖ਼ਬਰ ਅਨੁਸਾਰ, ਸੂਤਰਾਂ ਨੇ ਦੱਸਿਆ ਕਿ ਇਹ ਮੁਲਾਕਾਤ ਡੇਰਾ ਬਿਆਸ ਵਿਖੇ ਹੋਈ, ਜੋ ਕਰੀਬ 10 ਤੋਂ 15 ਮਿੰਟ ਤੱਕ ਚੱਲੀ। ਮੰਤਰੀ ਮੁੰਡੀਆਂ ਨੇ ਡੇਰਾ ਮੁਖੀ ਤੋਂ ਅਸ਼ੀਰਵਾਦ ਲਿਆ ਅਤੇ ਕੁਝ ਸਮਾਂ ਵਿਚਾਰ-ਵਟਾਂਦਰਾ ਕੀਤਾ।
ਹਾਲਾਂਕਿ ਇਸ ਮੁਲਾਕਾਤ ਨੂੰ ਰਸਮੀ ਦੱਸਿਆ ਜਾ ਰਿਹਾ ਹੈ, ਪਰ ਸੂਬੇ ਵਿੱਚ ਆਉਣ ਵਾਲੇ ਸਮੇਂ ਦੀਆਂ ਸਿਆਸੀ ਸਥਿਤੀਆਂ ਦੇ ਮੱਦੇਨਜ਼ਰ ਇਸ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਸੰਗ ਬਿਆਸ ਦਾ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਵੱਡਾ ਪ੍ਰਭਾਵ ਹੈ। ਹਰ ਸਿਆਸੀ ਪਾਰਟੀ ਦੇ ਆਗੂ ਸਮੇਂ-ਸਮੇਂ ‘ਤੇ ਡੇਰਾ ਮੁਖੀ ਨਾਲ ਮੁਲਾਕਾਤ ਕਰਕੇ ਮਾਰਗਦਰਸ਼ਨ ਲੈਂਦੇ ਰਹਿੰਦੇ ਹਨ। ਪੰਜਾਬ ਸਰਕਾਰ ਦੇ ਮੰਤਰੀ ਦੀ ਇਸ ਮੁਲਾਕਾਤ ਨੂੰ ਸਰਕਾਰ ਅਤੇ ਡੇਰੇ ਵਿਚਾਲੇ ਸੁਖਾਵੇਂ ਸਬੰਧਾਂ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।
ਭਗਵੰਤ ਮਾਨ ਨੇ ਡੇਰਾ ਬਿਆਸ ਮੁਖੀ ਬਾਰੇ ਕੀਤੀ ਸੀ ਵਿਵਾਦਿਤ ਟਿੱਪਣੀ
ਜਦੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਜੇਲ੍ਹ ਦੇ ਅੰਦਰ ਬੰਦ ਸਨ ਤਾਂ, ਉਸ ਦੇ ਨਾਲ ਮੁਲਾਕਾਤ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਸੀ। ਜੇਲ੍ਹ ਅੰਦਰ ਮੁਲਾਕਾਤ ਤੋਂ ਕੁੱਝ ਘੰਟਿਆਂ ਬਾਅਦ ਹੀ ਮਜੀਠੀਆ ਦੇ ਹੱਕ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਕੇ ਪੱਕੀ ਜ਼ਮਾਨਤ ਦੇ ਦਿੱਤੀ ਸੀ।
ਮਜੀਠੀਆ ਨੂੰ ਜ਼ਮਾਨਤ ਦੇਣ ਅਤੇ ਡੇਰਾ ਬਿਆਸ ਮੁਖੀ ਦੇ ਬਿਆਨ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮਜੀਠੀਆ ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਨੇ, ਉਸ ਬਿਆਨ ਬਾਰੇ ਸੀਐੱਮ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ “ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ। ਅਦਾਲਤਾਂ ਦਾ ਓਥੇ ਰੱਬ ਰਾਖਾ… ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।”
ਹਾਲਾਂਕਿ ਭਗਵੰਤ ਮਾਨ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਨਾਂਅ ਬਿਨਾਂ ਲਏ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਤਿੱਖੀ ਟਿੱਪਣੀ ਕੀਤੀ, ਜਿਸਨੂੰ ਸਿਆਸੀ ਹਲਕਿਆਂ ‘ਚ ਸਿੱਧਾ ਇਸ਼ਾਰਾ ਮੰਨਿਆ ਜਾ ਰਿਹਾ ਸੀ। ਇਹ ਟਿੱਪਣੀ ਉਸ ਸਮੇਂ ਸਾਹਮਣੇ ਆਈ, ਜਦੋਂ ਇੱਕ ਦਿਨ ਪਹਿਲਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ ਵਿੱਚ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ।
ਇਸ ਮੁਲਾਕਾਤ ਤੋਂ ਬਾਅਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਤਾ ਗਿਆ ਬਿਆਨ ਸਿਆਸਤ ਦਾ ਕੇਂਦਰ ਬਣ ਗਿਆ। ਉਨ੍ਹਾਂ ਨੇ ਮਜੀਠੀਆ ‘ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਮਜੀਠੀਆ ਉਨ੍ਹਾਂ ਦੇ ਦੋਸਤ ਹਨ ਅਤੇ ਉਹ ਅੱਗੇ ਵੀ ਉਨ੍ਹਾਂ ਨਾਲ ਮਿਲਦੇ ਰਹਿਣਗੇ। ਬਾਬਾ ਢਿੱਲੋਂ ਨੇ ਇਹ ਵੀ ਕਿਹਾ ਕਿ ਮਜੀਠੀਆ ਬਿਲਕੁਲ ਠੀਕ ਹਨ ਅਤੇ ਕਾਫ਼ੀ ਖੁਸ਼ ਦਿਖਾਈ ਦੇ ਰਹੇ ਹਨ।






