ਸਿੱਖਿਆ ਮੰਤਰੀ ਦੇ ਦਫ਼ਤਰੀ ਮੁਲਾਜ਼ਮਾਂ ‘ਤੇ ਲਾਠੀਚਾਰਜ ਦੀ ਚੌਤਰਫਾ ਨਿਖੇਧੀ; DTF ਮਾਨ ਸਰਕਾਰ ਵਿਰੁੱਧ ਡਟਿਆ
ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ ਦਫ਼ਤਰੀ ਕਰਮਚਾਰੀਆਂ ‘ਤੇ ਲਾਠੀਚਾਰਜ ਕਰਨ ਦੀ ਨਿਖੇਧੀ
ਬਠਿੰਡਾ, 27 ਫਰਵਰੀ 2026:
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਸਿੱਖਿਆ ਵਿਭਾਗ ਵੱਲੋਂ 20-20 ਸਾਲਾਂ ਤੋਂ ਕੰਮ ਕਰਦੇ ਸਮਗਰਾ ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਨੂੰ ਮਿਲਦੀ 50-50 ਹਜ਼ਾਰ ਤਨਖਾਹ ਨੂੰ ਘਟਾ ਕੇ 19 ਹਜ਼ਾਰ ‘ਤੇ ਪੱਕੇ ਕਰਨ ਦਾ ਵਿਰੋਧ ਕਰਦੇ ਕਰਮਚਾਰੀਆਂ ‘ਤੇ ਪੁਲਿਸ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਬਠਿੰਡਾ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ 20 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਵੀ ਇਹਨਾਂ ਉੱਪਰ 3 ਸਾਲ ਦਾ ਪਰਖ ਕਾਲ ਪੂਰਾ ਕਰਨ ਦੀ ਸ਼ਰਤ ਮੜ੍ਹ ਦਿੱਤੀ ਹੈ ਜੋ ਕਿ ਇਹਨਾਂ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ।
ਉਹਨਾਂ ਕਿਹਾ ਕਿ ਬੀ.ਪੀ.ਈ.ਓ. ਦਫਤਰਾਂ ਅਤੇ ਡੀ.ਈ.ਓ. ਦਫਤਰਾਂ ਵਿੱਚ ਕੰਮ ਕਰਦੇ ਇਹ ਮੁਲਾਜ਼ਮ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਵਿੱਚ ਇੱਕ ਕੜੀ ਵਜੋਂ ਕੰਮ ਕਰਦੇ ਹਨ ਅਤੇ ਨਿੱਤ ਦਿਨ ਸਕੂਲਾਂ ਦੇ ਗ੍ਰਾਂਟਾਂ, ਮਿਡ ਡੇ ਮੀਲ ਅਤੇ ਹੋਰ ਅੰਕੜੇ ਇਕੱਠੇ ਕਰਕੇ ਵਿਭਾਗ ਨੂੰ ਭੇਜਦੇ ਹਨ।
ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ 15-01-2015 ਦਾ ਮੁਲਾਜ਼ਮ ਮਾਰੂ ਪੱਤਰ ਪਿਛਲੇ ਦਸ ਸਾਲ ਤੋਂ ਨਵੇਂ ਭਰਤੀ ਹੋਣ ਵਾਲੇ ਠੇਕੇ ਤੋਂ ਪੱਕੇ ਹੋਣ ਵਾਲੇ ਮੁਲਾਜ਼ਮਾਂ ਦਾ ਸੋਸ਼ਣ ਕਰ ਰਿਹਾ ਹੈ। ਸਿਤਮਜ਼ਰੀਫੀ ਇਹ ਹੈ ਕਿ ਹਾਈਕੋਰਟ ਤੇ ਸੁਪਰੀਮ ਕੋਰਟ ਨੇ ਵੀ ਪ੍ਰੋਬੇਸ਼ਨ ਪੀਰੀਅਡ ਦੌਰਾਨ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ ਦਾ ਫ਼ੈਸਲਾ ਦਿੱਤਾ ਹੋਇਆ ਹੈ।
ਹਾਸੋਹੀਣੀ ਗੱਲ ਇਹ ਹੈ ਕਿ ਗੱਲ-ਗੱਲ ‘ਤੇ ਬਾਦਲ ਸਰਕਾਰ ਨੂੰ ਕੋਸਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਦਲ ਸਰਕਾਰ ਦੇ ਫੈਸਲਿਆਂ ਨੂੰ ਸੁਪਰੀਮ ਕੋਰਟ ‘ਚ ਡਿਫੈਂਡ ਕਰ ਰਹੀ ਹੈ। ਅਧਿਆਪਕ ਆਗੂਆਂ ਨੇ ਦਫਤਰੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।






