ਅਧਿਆਪਕ ਜਥੇਬੰਦੀਆਂ ਵਲੋਂ 2 ਮਾਰਚ ਨੂੰ ਆਮ ਆਦਮੀ ਪਾਰਟੀ ਦਫਤਰ ਅੱਗੇ ਕਰਨਗੇ ਰੋਸ ਪ੍ਰਦਰਸ਼ਨ

 

ਅਧਿਆਪਕ ਜਥੇਬੰਦੀਆਂ ਵਲੋਂ 2 ਮਾਰਚ ਨੂੰ ਆਮ ਆਦਮੀ ਪਾਰਟੀ ਦਫਤਰ ਅੱਗੇ ਕਰਨਗੇ ਰੋਸ ਪ੍ਰਦਰਸ਼ਨ

ਵਾਅਦਾ ਖਿਲਾਫ਼ੀ ਬਰਦਾਸ਼ਤ ਨਹੀਂ, ਮੀਟਿੰਗ ਤੋਂ ਮੁਕਰੇ ਸਿੱਖਿਆ ਮੰਤਰੀ ਖ਼ਿਲਾਫ਼ ਪੰਜਾਬ ਭਰ ਵਿੱਚ ਰੋਸ

ਫ਼ਿਰੋਜ਼ਪੁਰ 28 ਫਰਵਰੀ 2026

ਸਮੂਹ ਅਧਿਆਪਕ ਜਥੇਬੰਦੀਆਂ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਸਥਾਨਕ ਸ਼ਹਿਰ ਦੇ ਕੈੰਟ ਬੋਰਡ ਸਟੇਡੀਅਮ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਸੁਖਜਿੰਦਰ ਸਿੰਘ ਖਾਨਪੁਰ, ਪਰਮਜੀਤ ਸਿੰਘ ਪੰਮਾ, ਹਰਜੀਤ ਸਿੰਘ ਸਿੱਧੂ, ਮਲਕੀਤ ਸਿੰਘ ਹਰਾਜ, ਰਣਜੀਤ ਸਿੰਘ ਖਾਲਸਾ, ਸਰਬਜੀਤ ਸਿੰਘ ਭਾਵੜਾ, ਮੈਡਮ ਸ਼ਹਿਨਾਜ, ਮੈਡਮ ਬਲਵਿੰਦਰ ਕੌਰ ਬਹਿਲ ਨੇ ਦੱਸਿਆ ਕਿ ਕਿ ਪ੍ਰੋਮੋਸ਼ਨ ਲਈ ਜ਼ਬਰੀ ਥੋਪੇ ਜਾ ਰਹੇ ਟੈਟ ਟੈਸਟ ਦੇ ਖ਼ਿਲਾਫ਼ ਸੂਬੇ ਭਰ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ।

ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਲੋੜੇ ਟੈਟ ਦੀ ਸ਼ਰਤ ਦੇ ਵਿਰੋਧ ਵਿੱਚ ਹੋਈ ਵਿਸ਼ਾਲ ਰੈਲੀ ਦੌਰਾਨ ਅਧਿਆਪਕਾਂ ਨੇ ਇਕਜੁੱਟਤਾ ਦਾ ਵੱਡਾ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 27 ਫਰਵਰੀ ਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰੰਤੂ ਮੰਤਰੀ ਵੱਲੋਂ ਇਹ ਮੀਟਿੰਗ ਕਰਨ ਤੋਂ ਮੁਕਰ ਜਾਣਾ ਸਾਫ਼ ਤੌਰ ‘ਤੇ ਅਧਿਆਪਕ ਵਰਗ ਨਾਲ ਵਾਅਦਾ ਖਿਲਾਫ਼ੀ ਹੈ। ਜਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਪ੍ਰੋਮੋਟ ਹੋਣ ਵਾਲੇ ਅਧਿਆਪਕਾਂ ਤੋਂ ਧੱਕੇ ਨਾਲ ਟੈਟ ਦਾ ਟੈਸਟ ਲੈ ਕੇ ਉਨ੍ਹਾਂ ਦੀ ਸੇਵਾ ਸੁਰੱਖਿਆ ਅਤੇ ਮਨੋਵਿਗਿਆਨਕ ਸਥਿਤੀ ਨਾਲ ਖੇਡਿਆ ਜਾ ਰਿਹਾ ਹੈ।

ਇਸੇ ਵਾਅਦਾ ਖਿਲਾਫ਼ੀ ਅਤੇ ਅਧਿਆਪਕ ਵਿਰੋਧੀ ਰਵੱਈਏ ਦੇ ਖ਼ਿਲਾਫ਼ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਸਾਂਝੇ ਤੌਰ ‘ਤੇ ਫੈਸਲਾ ਕੀਤਾ ਹੈ ਕਿ 02 ਮਾਰਚ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਤਾਂ ਜੋ ਸਰਕਾਰ ਨੂੰ ਅਧਿਆਪਕਾਂ ਦੀ ਨਾਰਾਜ਼ਗੀ ਦਾ ਅਹਿਸਾਸ ਕਰਵਾਇਆ ਜਾ ਸਕੇ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀਆਂ ਨੌਕਰੀਆਂ ਦੀ ਸੁਰੱਖਿਆ, ਪ੍ਰੋਮੋਸ਼ਨਾਂ ਦੇ ਹੱਕ ਅਤੇ ਭਵਿੱਖ ਵਿੱਚ ਨਿੱਤ-ਨਿੱਤ ਦੇ ਟੈਸਟਾਂ ਦੀ ਲਗਾਤਾਰ ਲਾਗੂ ਕੀਤੀ ਜਾਣ ਵਾਲੀ ਪ੍ਰਕਿਰਿਆ ਤੋਂ ਨਿਜਾਤ ਪਾਉਣ ਲਈ 2 ਮਾਰਚ ਨੂੰ ਸਕੂਲਾਂ ਤੋਂ ਸਿੱਧੇ ਨਿਰਧਾਰਿਤ ਸਥਾਨ ‘ਤੇ ਪਹੁੰਚ ਕੇ ਆਪਣਾ ਰੋਹ ਦਰਜ ਕਰਵਾਉਣ।

ਫ਼ਿਰੋਜ਼ਪੁਰ ਵਿੱਚ ਇਹ ਰੋਸ ਧਰਨਾ ਮੁੱਖ ਦਫਤਰ ਆਮ ਆਦਮੀ ਪਾਰਟੀ, ਸਤੀਏਵਾਲਾ ਬਾਈਪਾਸ, ਜ਼ੀਰਾ ਰੋਡ ਵਿਖੇ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਜਥੇਬੰਦੀਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਇਕ ਵਰਗ ਦਾ ਨਹੀਂ, ਸਗੋਂ ਸਮੂਹ ਅਧਿਆਪਕ ਵਰਗ ਦੀ ਇਜ਼ਤ, ਹੱਕਾਂ ਅਤੇ ਭਵਿੱਖ ਦੀ ਲੜਾਈ ਹੈ ਅਤੇ ਇਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਕਤਾ ਦਾ ਪ੍ਰਗਟਾਵਾ ਕੀਤਾ ਜਾਵੇ। ਅੰਤ ਵਿੱਚ ਸਮੂਹ ਅਧਿਆਪਕ ਜਥੇਬੰਦੀਆਂ, ਫ਼ਿਰੋਜ਼ਪੁਰ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਟੈਟ ਦੀ ਜ਼ਬਰੀ ਸ਼ਰਤ ਵਾਪਸ ਨਾ ਲਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਟੇਟ ਵੱਲੋ ਦਿੱਤੇ ਹਰ ਸੰਘਰਸ਼ ਨੂੰ ਲਾਗੂ ਕੀਤਾ ਜਾਵੇਗਾ।