ਸਰੀਰਕ ਸਿੱਖਿਆ ਅਧਿਆਪਕਾਂ ਦਾ ਵੱਡਾ ਫੈਸਲਾ: PSTET ਵਿਰੁੱਧ ਬਣਾਇਆ ਸਾਂਝਾ ਫਰੰਟ, 8 ਮਾਰਚ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ ਜ਼ੋਰਦਾਰ ਪ੍ਰਦਰਸ਼ਨ
ਲੁਧਿਆਣਾ ਦੇ ਰੱਖ ਬਾਗ ਵਿੱਚ ਹੋਈ ਇਤਿਹਾਸਕ ਮੀਟਿੰਗ; ‘ਗੌਰਮਿੰਟ ਫਿਜੀਕਲ ਐਜੂਕੇਸ਼ਨ ਟੀਚਰਜ਼ ਫਰੰਟ ਪੰਜਾਬ’ ਦਾ ਕੀਤਾ ਗਠਨ
ਲੁਧਿਆਣਾ, 5 ਮਾਰਚ 2026-
ਪੰਜਾਬ ਦੇ ਸਰੀਰਕ ਸਿੱਖਿਆ (Physical Education) ਅਧਿਆਪਕਾਂ ਨੇ ਆਪਣੇ ਵਿਸ਼ੇ ‘ਤੇ ਧੱਕੇ ਨਾਲ ਥੋਪੇ ਗਏ ਪੀ.ਐਸ.ਟੈਟ (PSTET) ਟੈਸਟ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।
ਲੁਧਿਆਣਾ ਦੇ ਰੱਖ ਬਾਗ ਵਿਖੇ ਹੋਈ ਇੱਕ ਇਤਿਹਾਸਕ ਮੀਟਿੰਗ ਵਿੱਚ ਪੰਜਾਬ ਭਰ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਇੱਕੋ ਮੰਚ ‘ਤੇ ਇਕੱਠੇ ਹੋ ਕੇ ‘ਗੌਰਮਿੰਟ ਫਿਜੀਕਲ ਐਜੂਕੇਸ਼ਨ ਟੀਚਰਜ਼ ਫਰੰਟ ਪੰਜਾਬ’ ਦਾ ਗਠਨ ਕੀਤਾ ਹੈ।
ਮੀਟਿੰਗ ਦੌਰਾਨ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਜਦੋਂ ਤੱਕ ਸਰੀਰਕ ਸਿੱਖਿਆ ਵਿਸ਼ੇ ਤੋਂ ਟੈਟ (TET) ਦੀ ਸ਼ਰਤ ਹਟਾਈ ਨਹੀਂ ਜਾਂਦੀ, ਸੰਘਰਸ਼ ਜਾਰੀ ਰਹੇਗਾ।
ਫਰੰਟ ਦੀ ਅਗਵਾਈ ਲਈ ਪੰਜ ਕਨਵੀਨਰ ਜਗਦੀਸ਼ ਕੁਮਾਰ ਜੱਗੀ (ਬਠਿੰਡਾ), ਕੇਸਵ ਕੋਹਲੀ (ਸ੍ਰੀ ਅੰਮ੍ਰਿਤਸਰ ਸਾਹਿਬ), ਦੀਪਕ ਕੁਮਾਰ (ਲੁਧਿਆਣਾ), ਦੀਪਕ ਸ਼ਰਮਾ (ਫਾਜ਼ਿਲਕਾ), ਅਮਨਦੀਪ ਜੀ (ਸ੍ਰੀ ਮੁਕਤਸਰ ਸਾਹਿਬ) ਨਿਯੁਕਤ ਕੀਤੇ ਗਏ ਹਨ।
8 ਮਾਰਚ ਨੂੰ ਅੰਮ੍ਰਿਤਸਰ ਵਿਖੇ ਰੋਸ ਪ੍ਰਦਰਸ਼ਨ
ਫਰੰਟ ਵੱਲੋਂ ਐਲਾਨ ਕੀਤਾ ਗਿਆ ਹੈ ਕਿ 8 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੀ.ਟੈਟ ਟੈਸਟ ਦੇ ਵਿਰੋਧ ਵਿੱਚ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਥੇਬੰਦੀ ਨੇ ਸਮੂਹ ਅਧਿਆਪਕਾਂ, ਖ਼ਾਸ ਕਰਕੇ ਮਹਿਲਾ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।
ਆਗੂਆਂ ਦਾ ਕਹਿਣਾ ਹੈ ਕਿ ਮਹਿਲਾ ਅਧਿਆਪਕਾਂ ਨੂੰ ਇਸ ਟੈਸਟ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਨ੍ਹਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ।
ਅਧਿਆਪਕ ਆਗੂਆਂ ਨੇ ਕਿਹਾ ਕਿ ਸਰੀਰਕ ਸਿੱਖਿਆ ਇੱਕ ਪ੍ਰੈਕਟੀਕਲ ਵਿਸ਼ਾ ਹੈ, ਇਸ ਲਈ ਇਸ ‘ਤੇ ਅਕਾਦਮਿਕ ਟੈਸਟ ਥੋਪਣਾ ਤਰਕਹੀਣ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
















