Live ਵੇਖੋ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ! ਥੋੜ੍ਹੇ ਸਮੇਂ ਬਾਅਦ ਹੋਣਗੇ ਵੱਡੇ ਐਲਾਨ
Punjab Budget 2026: ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਸਰਕਾਰ ਅੱਜ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਕਿ ਪੰਜਾਬ ਦਾ ਬਜਟ ਐਤਵਾਰ ਵਾਲੇ ਦਿਨ ਪੇਸ਼ ਹੋ ਰਿਹਾ ਹੈ।
ਵਿੱਤ ਮੰਤਰੀ ਹਰਪਾਲ ਚੀਮਾ 2.50 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਪੇਸ਼ ਕਰਨਗੇ। ਅਗਲੇ ਸਾਲ, 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਸ ਆਖਰੀ ਬਜਟ ਵਿੱਚ, ‘ਆਪ’ ਸਰਕਾਰ ਔਰਤਾਂ ਨਾਲ ਕੀਤੇ ਆਪਣੇ 2022 ਦੇ ਚੋਣ ਵਾਅਦੇ ਨੂੰ ਪੂਰਾ ਕਰੇਗੀ। ਇਸ ਬਜਟ ਵਿੱਚ ਹਰ ਔਰਤ ਨੂੰ ਪ੍ਰਤੀ ਮਹੀਨਾ ₹1,000 ਪ੍ਰਦਾਨ ਕਰਨਾ ਸ਼ਾਮਲ ਹੋਵੇਗਾ।
ਮਹਿਲਾਵਾਂ ਨੂੰ ₹1000 ਦੇਣ ਵਾਲ਼ੀ ਗਰੰਟੀ ਵੀ ਪੂਰੀ ਕੀਤੀ ਜਾਵੇਗੀ: ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ
ਕੈਬਿਨੇਟ ਮੰਤਰੀ ਡਾ. ਬਲਜੀਤ ਕੌਰ ਨੇ ਵਿਸ਼ਵ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੂੰ ਦਿੱਤੀ ਵਧਾਈ ਤੇ ਵੱਡੀ ਖ਼ੁਸ਼ਖ਼ਬਰੀ। ਉਨ੍ਹਾਂ ਕਿਹਾ ਕਿ, CM ਮਾਨ ਨੇ ਅੱਜ ਤੱਕ ਦਿੱਤੀ ਹਰ ਗਰੰਟੀ ਪੂਰੀ ਕੀਤੀ ਹੈ ਤੇ ਮਹਿਲਾਵਾਂ ਦੇ ਸਤਿਕਾਰ ਲਈ ਅੱਜ ਮਹਿਲਾ ਦਿਵਸ ਮੌਕੇ ਬਜਟ ਪੇਸ਼ ਕੀਤਾ ਜਾਵੇਗਾ। ਇਸ ਵਿੱਚ ਮਾਨ ਸਰਕਾਰ ਵੱਲੋਂ ਮਹਿਲਾਵਾਂ ਨੂੰ ₹1000 ਦੇਣ ਵਾਲ਼ੀ ਗਰੰਟੀ ਵੀ ਪੂਰੀ ਕੀਤੀ ਜਾਵੇਗੀ।
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ
ਪੰਜਾਬ ਬਜਟ 2026-27 ਬਾਰੇ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ, “ਬਜਟ ਤੋਂ ਬਹੁਤ ਉਮੀਦਾਂ ਹਨ, ਪਰ ਪਿਛਲੇ ਚਾਰ ਬਜਟਾਂ ਨੇ ਪੰਜਾਬ ਦੇ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਕਿਸੇ ਨੂੰ ਕੁਝ ਨਹੀਂ ਮਿਲਿਆ।
ਪਿਛਲੇ ਬਜਟਾਂ ਵਿੱਚ, ਵੱਡੇ ਵਾਅਦੇ ਕੀਤੇ ਗਏ ਸਨ, ਮਹੱਤਵਪੂਰਨ ਬੱਚਤਾਂ ਦਾ ਵਾਅਦਾ ਕੀਤਾ ਗਿਆ ਸੀ। ਕੁਝ ਵੀ ਨਹੀਂ ਬਚਾਇਆ ਗਿਆ, ਪਰ ਸਾਨੂੰ 1 ਲੱਖ 25 ਹਜ਼ਾਰ ਕਰੋੜ ਰੁਪਏ ਦਾ ਵਾਧੂ ਕਰਜ਼ਾ ਮਿਲਿਆ ਹੈ।ਇੱਕ ਵੀ ਸਕੂਲ ਜਾਂ ਕਾਲਜ ਨਹੀਂ ਬਣਾਇਆ ਗਿਆ।”
ਅੱਜ ਮਹਿਲਾ ਦਿਵਸ ਮੌਕੇ ਆਪਣਾ 5ਵਾਂ ਬਜਟ ਪੇਸ਼ ਕਰਨ ‘ਤੇ ਮਾਣ: ਹਰਪਾਲ ਚੀਮਾ
ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਪੋਸਟ, ਵਿਸ਼ੇਸ਼ ਦਿਨ ਦੀ ਦਿੱਤੀ ਵਧਾਈ। ਹਰਪਾਲ ਚੀਮਾ ਨੇ ਕਿਹਾ ਕਿ, ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਸਾਰੀਆਂ ਔਰਤਾਂ ਨੂੰ ਹਾਰਦਿਕ ਵਧਾਈਆਂ। ਉਨ੍ਹਾਂ ਦੀ ਤਾਕਤ, ਲਚਕੀਲਾਪਣ ਅਤੇ ਲੀਡਰਸ਼ਿਪ ਸਾਨੂੰ ਹਰ ਰੋਜ਼ ਪ੍ਰੇਰਿਤ ਕਰਦੀ ਹੈ। ਮੈਨੂੰ ਇਸ ਇਤਿਹਾਸਕ ਦਿਨ ‘ਤੇ ਆਪਣਾ 5ਵਾਂ ਬਜਟ ਪੇਸ਼ ਕਰਨ ‘ਤੇ ਮਾਣ ਹੈ, ਜੋ ਕਿ ਮਹਿਲਾ ਸਸ਼ਕਤੀਕਰਨ ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।






