ਪੰਜਾਬ ‘ਚ ਪੈਟਰੋਲ-ਡੀਜ਼ਲ ਅਤੇ ਘਰੇਲੂ ਗੈਸ ਦੀ ਸਪਲਾਈ ਬਾਰੇ ਵੱਡੀ ਅਪਡੇਟ.. ਪੜ੍ਹੋ ਸਰਕਾਰ ਦਾ ਬਿਆਨ

 

ਪੰਜਾਬ ‘ਚ ਪੈਟਰੋਲ-ਡੀਜ਼ਲ ਅਤੇ ਘਰੇਲੂ ਗੈਸ ਦੀ ਸਪਲਾਈ ਬਾਰੇ ਵੱਡੀ ਅਪਡੇਟ.. ਪੜ੍ਹੋ ਸਰਕਾਰ ਦਾ ਬਿਆਨ

ਅਫ਼ਵਾਹਾਂ ਤੋਂ ਬਚਣ ਅਤੇ ਜ਼ਰੂਰਤ ਤੋਂ ਵੱਧ ਸਟਾਕ ਨਾ ਇਕੱਠਾ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ,12 ਮਾਰਚ, 2026:

ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਵੀਡੀਓ ਕਾਨਫਰਸਿੰਗ ਰਾਹੀਂ ਵਰਤਮਾਨ ਜੀਉ-ਪੋਲਿਟਿਕਲ ਸਥਿਤੀ ਦੇ ਮੱਦੇਨਜ਼ਰ ਸੂਬੇ ਵਿੱਚ ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਸਿਲੰਡਰਾਂ ਦੀ ਸਪਲਾਈ ਦੀ ਅਸਲ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਪੈਟਰੋਲ ਅਤੇ ਡੀਜ਼ਲ ਡੀਲਰਾਂ, ਡੀਲਰ ਐਸੋਸੀਏਸ਼ਨਾਂ, ਐਲ.ਪੀ.ਜੀ ਵਿਕਰੇਤਰਾਵਾਂ (ਡਿਸਟ੍ਰਿਬਿਊਟਰਾਂ) ਅਤੇ ਤੇਲ ਮਾਰਕੀਟਿੰਗ ਕੰਪਨੀਆਂ ਦੇ ਸੇਲਜ਼ ਅਧਿਕਾਰੀਆਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਇਹ ਪੁਸ਼ਟੀ ਕੀਤੀ ਗਈ ਕਿ ਸੂਬੇ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਘਰੇਲੂ ਐਲ.ਪੀ.ਜੀ ਸਿਲੰਡਰਾਂ, ਪੈਟਰੋਲ ਅਤੇ ਡੀਜ਼ਲ ਦੀ ਕੋਈ ਘਾਟ ਨਹੀਂ ਹੈ। ਲੋੜੀਂਦਾ ਸਟਾਕ ਉਪਲਬਧ ਹੈ ਅਤੇ ਸਾਰੇ ਐਲ.ਪੀ.ਜੀ ਵਿਕਰੇਤਰਾਵਾਂ ਅਤੇ ਪੈਟਰੋਲ ਪੰਪਾਂ ਰਾਹੀਂ ਸਪਲਾਈ ਨਿਯਮਿਤ ਅਤੇ ਸੁਚਾਰੂ ਢੰਗ ਨਾਲ ਜਾਰੀ ਹੈ।

ਬੁਲਾਰੇ ਨੇ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਐਲ.ਪੀ.ਜੀ ਜਾਂ ਪੈਟਰੋਲੀਅਮ ਉਤਪਾਦਾਂ ਦੀ ਘਾਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਨਾ ਹੀ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾਣ। ਉਨ੍ਹਾਂ ਕਿਹਾ ਕਿ ਗ੍ਰਾਹਕ ਐਲ.ਪੀ.ਜੀ ਸਿਲੰਡਰਾਂ ਦੀ ਬੁਕਿੰਗ ਅਤੇ ਪੈਟਰੋਲ/ਡੀਜ਼ਲ ਦੀ ਖਰੀਦ ਆਪਣੇ ਆਮ ਤਰੀਕੇ ਨਾਲ ਹੀ ਕਰਨ ਅਤੇ ਬਿਨਾਂ ਲੋੜ ਦੇ ਸਟਾਕ ਇਕੱਠਾ ਕਰਨ ਤੋਂ ਗੁਰੇਜ਼ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੱਲੋਂ ਪੈਟਰੋਲੀਅਮ ਉਤਪਾਦਾਂ ਜਾਂ ਐਲ.ਪੀ.ਜੀ ਸਿਲੰਡਰਾਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਸਟਾਕਿੰਗ (ਹੋਰਡਿੰਗ) ਕਰਨ ਜਾਂ ਗਲਤ ਤਰੀਕੇ ਨਾਲ ਵਿਕਰੀ ਕਰਨ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਕਮਰਸ਼ੀਅਲ ਐਲ.ਪੀ.ਜੀ ਸਿਲੰਡਰਾਂ ਦੀ ਸਪਲਾਈ ਨੂੰ ਸੀਮਿਤ ਕੀਤਾ ਗਿਆ ਹੈ। ਹਾਲਾਂਕਿ ਸਿੱਖਿਆ ਸੰਸਥਾਵਾਂ ਅਤੇ ਮੈਡੀਕਲ ਸਹੂਲਤਾਂ ਵਰਗੀਆਂ ਜ਼ਰੂਰੀ ਸੇਵਾਵਾਂ ਲਈ ਇਸ ਵਿੱਚ ਸੀਮਿਤ ਛੂਟ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕਮਰਸ਼ੀਅਲ ਐਲ.ਪੀ.ਜੀ ਸਿਲੰਡਰਾਂ ਦੀ ਸਪਲਾਈ ਦੀ ਸਮੀਖਿਆ ਅਤੇ ਨਿਯਮਿਤਤਾ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਪੱਧਰ ’ਤੇ ਤਿੰਨਾਂ ਆਇਲ ਮਾਰਕੀਟਿੰਗ ਕੰਪਨੀਆਂ ਦੇ ਸੇਲਜ਼ ਡਾਇਰੈਕਟਰਾਂ ਦੀ ਇੱਕ ਕਮੇਟੀ ਵੀ ਬਣਾਈ ਗਈ ਹੈ, ਜੋ ਸਪਲਾਈ ਪ੍ਰਣਾਲੀ ਦੀ ਨਿਗਰਾਨੀ ਕਰੇਗੀ।