TET ਦੀ ਸ਼ਰਤ ਵਿਰੁੱਧ ਮੋਹਾਲੀ ‘ਚ ਗਰਜੀਆਂ ਮਹਿਲਾ ਅਧਿਆਪਕਾਂ; ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਜਤਾਇਆ ਰੋਸ

 

TET ਦੀ ਸ਼ਰਤ ਵਿਰੁੱਧ ਮੋਹਾਲੀ ‘ਚ ਗਰਜੀਆਂ ਮਹਿਲਾ ਅਧਿਆਪਕਾਂ; ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਜਤਾਇਆ ਰੋਸ

ਮੋਹਾਲੀ ‘ਚ ਮਹਿਲਾ ਅਧਿਆਪਕਾਂ ਨੇ ਖੋਲ੍ਹਿਆ ਮੋਰਚਾ: ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਅਤੇ ਟੈੱਟ (TET) ਦੀ ਸ਼ਰਤ ਵਿਰੁੱਧ ਗੁੱਸਾ; ਸੇਵਾ ਸੁਰੱਖਿਆ ਬਿੱਲ ਨਾ ਲਿਆਉਣ ‘ਤੇ ਘੇਰੀ ਸਰਕਾਰ

ਐਸ.ਏ.ਐਸ. ਨਗਰ (ਮੋਹਾਲੀ) 17 ਮਾਰਚ 2026:

ਜ਼ਿਲ੍ਹਾ ਮੋਹਾਲੀ ਦੀਆਂ ਮਹਿਲਾ ਅਧਿਆਪਕਾਂ ਅਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਰੁੱਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ ਅਤੇ ਸਰਕਾਰ ਦੀ ਅਰਥੀ ਸਾੜ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ।

ਅਧਿਆਪਕ ਆਗੂਆਂ ਨੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕਦਿਆਂ ਗੰਭੀਰ ਦੋਸ਼ ਲਗਾਏ। ਅਧਿਆਪਕਾਂ ਨੇ ਸੁਪਰੀਮ ਕੋਰਟ ਰਾਹੀਂ ਅਧਿਆਪਕਾਂ ‘ਤੇ ‘ਗੈਰ-ਵਿਧਾਨਿਕ’ ਟੈੱਟ (ਅਧਿਆਪਕ ਯੋਗਤਾ ਟੈਸਟ) ਦੀ ਸ਼ਰਤ ਥੋਪਣ ਅਤੇ ਇਸ ਵਿਰੁੱਧ ਰੀਵਿਊ ਪਟੀਸ਼ਨ ਦਾਖਲ ਨਾ ਕਰਨ ਦਾ ਵਿਰੋਧ ਦਾ ਪੰਜਾਬ ਸਰਕਾਰ ਦਾ ਵਿਰੋਧ ਕੀਤਾ। ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਨੌਕਰੀ ਸੁਰੱਖਿਅਤ ਕਰਨ ਲਈ ਕੋਈ ਬਿੱਲ ਨਾ ਲਿਆਉਣ ‘ਤੇ ਸਰਕਾਰ ਨੂੰ ਘੇਰਿਆ।

ਅਧਿਆਪਕਾਂ ਨੇ ਕਿਹਾ ਕਿ ਸ਼ਾਂਤਮਈ ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਕਰਕੇ ‘ਰਾਸ਼ਟਰ ਨਿਰਮਾਤਾਵਾਂ’ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਸਿਰਫ਼ ਲਾਰੇ ਲਾਏ ਹਨ।

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜਾਰੀ ਨੋਟੀਫਿਕੇਸ਼ਨ ਨੂੰ “ਲੰਗੜਾ” ਦੱਸਦਿਆਂ ਇਸ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਤਨਖਾਹ ਦੁਹਰਾਈ ਦੇ ਬਕਾਏ, ਮਹਿੰਗਾਈ ਭੱਤੇ (DA) ਦੀਆਂ ਕਿਸ਼ਤਾਂ ਅਤੇ ਬੰਦ ਕੀਤੇ ਗਏ ਭੱਤੇ ਅਜੇ ਤੱਕ ਬਹਾਲ ਨਹੀਂ ਹੋਏ। ਅਧਿਆਪਕਾਂ ਨੇ ਦੱਸਿਆ ਕਿ ਬਹੁਗਿਣਤੀ ਸਟਾਫ਼ ਫਰਵਰੀ ਮਹੀਨੇ ਦੀ ਤਨਖਾਹ ਤੋਂ ਵੀ ਵਾਂਝਾ ਹੈ।

ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਅਧਿਆਪਕਾਂ ਨੇ ਕਿਹਾ ਕਿ ਇੱਕ ਪਾਸੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਮੁੱਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹਨ, ਪਰ ਦੂਜੇ ਪਾਸੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਹੁਣ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ‘ਤੇ ਵੀ ਛਾਂਟੀ ਦੀ ਤਲਵਾਰ ਲਟਕ ਰਹੀ ਹੈ।