ਜੰਗ ਦੀ ਮਾਰ: ਇੰਡਸਟ੍ਰੀਅਲ (Industrial) ਡੀਜ਼ਲ ₹22 ਪ੍ਰਤੀ ਲੀਟਰ ਹੋਇਆ ਮਹਿੰਗਾ; ਫੈਕਟਰੀਆਂ ਦੀ ਲਾਗਤ ਵਧਣ ਨਾਲ ਆਮ ਆਦਮੀ ‘ਤੇ ਪਵੇਗਾ ਬੋਝ
ਨਵੀਂ ਦਿੱਲੀ, 20 ਮਾਰਚ 2026:
ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਦਾ ਖ਼ਾਮਿਆਜ਼ਾ ਹੁਣ ਭਾਰਤੀ ਅਰਥਵਿਵਸਥਾ ਨੂੰ ਭੁਗਤਣਾ ਪੈ ਰਿਹਾ ਹੈ। ਕੱਚੇ ਤੇਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਪਹਿਲਾਂ ਪਾਵਰ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ, ਅਤੇ ਹੁਣ ਇੰਡਸਟ੍ਰੀਅਲ ਡੀਜ਼ਲ (Industrial Diesel) ਦੀਆਂ ਕੀਮਤਾਂ ਵਿੱਚ 22 ਰੁਪਏ ਪ੍ਰਤੀ ਲੀਟਰ ਦਾ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੈਟਰੋਲ ਦੀਆਂ ਕੀਮਤਾਂ ‘ਚ ₹2.35 ਪ੍ਰਤੀ ਲੀਟਰ ਦਾ ਵਾਧਾ, ਪੜ੍ਹੋ ਪੂਰੀ ਖ਼ਬਰ
ਹੁਣ ਇਸ ਕੀਮਤ ‘ਤੇ ਮਿਲੇਗਾ ਡੀਜ਼ਲ
ਇੰਡੀਅਨ ਆਇਲ ਕਾਰਪੋਰੇਸ਼ਨ (IOCL) ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇੰਡਸਟ੍ਰੀਅਲ ਡੀਜ਼ਲ ਦੀ ਕੀਮਤ 87.67 ਰੁਪਏ ਤੋਂ ਵਧ ਕੇ 109.59 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਹ ਵਧੀਆਂ ਹੋਈਆਂ ਕੀਮਤਾਂ ਅੱਜ, 20 ਮਾਰਚ 2026 ਤੋਂ ਲਾਗੂ ਹੋ ਗਈਆਂ ਹਨ।
ਕੀ ਹੁੰਦਾ ਹੈ ਇੰਡਸਟ੍ਰੀਅਲ ਡੀਜ਼ਲ ਅਤੇ ਕਿਸ ‘ਤੇ ਪਵੇਗਾ ਅਸਰ?
ਇਹ ਡੀਜ਼ਲ ਆਮ ਪੈਟਰੋਲ ਪੰਪਾਂ ‘ਤੇ ਨਹੀਂ ਵਿਕਦਾ, ਸਗੋਂ ਸਿੱਧਾ ਫੈਕਟਰੀਆਂ, ਕਾਰਖਾਨਿਆਂ ਅਤੇ ਵੱਡੇ ਉਦਯੋਗਿਕ ਕੰਮਾਂ ਲਈ ਸਪਲਾਈ ਕੀਤਾ ਜਾਂਦਾ ਹੈ। ਕੀਮਤਾਂ ਵਧਣ ਨਾਲ ਉਤਪਾਦਨ ਦੀ ਲਾਗਤ (Cost of Production) ਵਧੇਗੀ, ਜਿਸ ਨਾਲ ਕੰਪਨੀਆਂ ਦੇ ਮੁਨਾਫ਼ੇ ਵਿੱਚ ਕਮੀ ਆਵੇਗੀ। ਡੀਜ਼ਲ ਮਹਿੰਗਾ ਹੋਣ ਦਾ ਸਿੱਧਾ ਅਸਰ ਮਾਲ-ਢੋਆਈ (Transport) ਅਤੇ ਬਿਜਲੀ ਪੈਦਾ ਕਰਨ ਵਾਲੇ ਪਲਾਂਟਾਂ ਦੇ ਖ਼ਰਚੇ ‘ਤੇ ਪਵੇਗਾ।
ਭਾਵੇਂ ਇਹ ਡੀਜ਼ਲ ਆਮ ਗੱਡੀਆਂ ਵਿੱਚ ਨਹੀਂ ਵਰਤਿਆ ਜਾਂਦਾ, ਪਰ ਜਦੋਂ ਫੈਕਟਰੀਆਂ ਵਿੱਚ ਚੀਜ਼ਾਂ ਬਣਾਉਣ ਦਾ ਖ਼ਰਚਾ ਵਧੇਗਾ, ਤਾਂ ਕੰਪਨੀਆਂ ਇਸ ਦੀ ਭਰਪਾਈ ਉਤਪਾਦਾਂ ਦੀਆਂ ਕੀਮਤਾਂ ਵਧਾ ਕੇ ਕਰਨਗੀਆਂ। ਇਸ ਤਰ੍ਹਾਂ ਘਰੇਲੂ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਨਾਲ ਅੰਤ ਵਿੱਚ ਬੋਝ ਆਮ ਜਨਤਾ ਦੀ ਜੇਬ ‘ਤੇ ਹੀ ਪਵੇਗਾ।
ਇਸ ਨੂੰ ‘ਬਲਕ ਡੀਜ਼ਲ’ (Bulk Diesel) ਵੀ ਕਿਹਾ ਜਾਂਦਾ ਹੈ ਅਤੇ ਇਸ ‘ਤੇ ਸਰਕਾਰ ਵੱਲੋਂ ਕਿਸੇ ਕਿਸਮ ਦੀ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ। ਵੱਖ-ਵੱਖ ਸ਼ਹਿਰਾਂ ਦੇ ਹਿਸਾਬ ਨਾਲ ਇਨ੍ਹਾਂ ਕੀਮਤਾਂ ਵਿੱਚ ਮਾਮੂਲੀ ਫ਼ਰਕ ਹੋ ਸਕਦਾ ਹੈ।






