ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਉਮਰ ਕੈਦ: ਸੁਖਬੀਰ ਬਾਦਲ ਨੇ ਮੁੜ ਚੁੱਕੀ ਸਖ਼ਤ ਕਾਨੂੰਨ ਦੀ ਮੰਗ; 2016 ਦੇ ਕਾਨੂੰਨ ਦਾ ਦਿੱਤਾ ਹਵਾਲਾ
“ਬੇਅਦਬੀ ਦੀਆਂ ਘਟਨਾਵਾਂ ਵੇਲੇ ਕਿੱਥੇ ਸੀ ‘ਆਪ’?”: ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਪੁਰਾਣੇ ਗੁਨਾਹ ਕੀਤੇ ਯਾਦ
Punjab Network
ਚੰਡੀਗੜ੍ਹ, 20 ਮਾਰਚ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਗੁਨਾਹਾਂ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਯਾਦ ਦਿਵਾਇਆ ਕਿ 2016 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕੀਤਾ ਸੀ। ਇਸ ਤਹਿਤ IPC ਵਿੱਚ ਨਵੀਂ ਧਾਰਾ 295-AA ਜੋੜਨ ਦੀ ਪੇਸ਼ਕਸ਼ ਕੀਤੀ ਗਈ ਸੀ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਪਹਿਲਾਂ ਧਾਰਾ 295 ਤਹਿਤ ਸਿਰਫ਼ 2 ਸਾਲ ਦੀ ਸਜ਼ਾ ਦਾ ਪ੍ਰਬੰਧ ਸੀ, ਜਿਸ ਨੂੰ ਉਨ੍ਹਾਂ ਦੀ ਸਰਕਾਰ ਨੇ ਵਧਾ ਕੇ ਉਮਰ ਕੈਦ ਕਰਨ ਦੀ ਤਜਵੀਜ਼ ਰੱਖੀ ਸੀ। ਉਨ੍ਹਾਂ ਅਨੁਸਾਰ ਮੌਜੂਦਾ ਕਾਨੂੰਨ ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਕਰਨ ਲਈ ਨਾਕਾਫ਼ੀ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਦੇ ਹੱਕ ਵਿੱਚ ਰਿਹਾ ਹੈ। ਉਨ੍ਹਾਂ ਮੌਜੂਦਾ ਸਰਕਾਰ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਮਰਿਆਦਾ ਲਈ ਸਾਂਝਾ ਅਤੇ ਮਜ਼ਬੂਤ ਕਾਨੂੰਨ ਲਾਗੂ ਕੀਤਾ ਜਾਵੇ।
ਬੇਅਦਬੀ ਕਾਨੂੰਨ ਦਾ ਪਿਛੋਕੜ
ਜ਼ਿਕਰਯੋਗ ਹੈ ਕਿ 2016 ਵਿੱਚ ਪਾਸ ਕੀਤੇ ਗਏ ਇਸ ਬਿੱਲ ਨੂੰ ਕੇਂਦਰ ਸਰਕਾਰ ਨੇ ਇਹ ਕਹਿ ਕੇ ਵਾਪਸ ਕਰ ਦਿੱਤਾ ਸੀ ਕਿ ਇਹ ਸਿਰਫ਼ ਇੱਕ ਧਰਮ ਨਾਲ ਸਬੰਧਤ ਹੈ। ਬਾਅਦ ਵਿੱਚ 2018 ਵਿੱਚ ਇਸ ਵਿੱਚ ਸੋਧ ਕਰਕੇ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਸ਼ਾਮਲ ਕੀਤਾ ਗਿਆ ਸੀ। ਹੁਣ 2025-26 ਵਿੱਚ ਮੁੜ ‘ਪੰਜਾਬ ਪ੍ਰੀਵੈਂਸ਼ਨ ਆਫ ਔਫੈਂਸਿਜ਼ ਅਗੇਂਸਟ ਹੋਲੀ ਸਕ੍ਰਿਪਚਰਜ਼ ਬਿੱਲ’ ਚਰਚਾ ਵਿੱਚ ਹੈ। ਸੁਖਬੀਰ ਬਾਦਲ ਨੇ ਕਿਹਾ ਕਿ “ਬੇਅਦਬੀ ਇੱਕ ਅਜਿਹਾ ਜ਼ਖ਼ਮ ਹੈ ਜਿਸ ਨੂੰ ਸਿਰਫ਼ ਇਨਸਾਫ਼ ਅਤੇ ਸਖ਼ਤ ਕਾਨੂੰਨ ਨਾਲ ਹੀ ਭਰਿਆ ਜਾ ਸਕਦਾ ਹੈ। ਅਸੀਂ ਉਮਰ ਕੈਦ ਦੀ ਸਜ਼ਾ ਦੀ ਮੰਗ ਕਰਦੇ ਹਾਂ ਤਾਂ ਜੋ ਕੋਈ ਅਜਿਹੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ।”
ਬੇਅਦਬੀ ਘਟਨਾਵਾਂ! ਪੰਜਾਬ ਨੂੰ ਹਨੇਰੀ ਗੁਫ਼ਾ ‘ਚ ਧੱਕਣ ਲਈ ਸਭ ਤੋਂ ਵੱਧ ਅਕਾਲੀ ਦਲ ਜ਼ਿੰਮੇਵਾਰ: ਬਲਤੇਜ ਪੰਨੂ
ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੂੰ ਸ਼ਾਇਦ ਭੁਲੇਖਾ ਹੈ ਕਿ ਪੰਜਾਬੀ ਸਭ ਕੁਝ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਨੇਰੀ ਗੁਫ਼ਾ ਵਿੱਚ ਧੱਕਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਅਕਾਲੀ ਦਲ ਹੀ ਹੈ।
ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਜਦੋਂ 1986 ਵਿੱਚ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਚਾਰ ਨੌਜਵਾਨ ਸ਼ਹੀਦ ਹੋਏ, ਕੀ ਉਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੀ? ਉਨ੍ਹਾਂ ਯਾਦ ਦਿਵਾਇਆ ਕਿ ਜੂਨ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਇਆ ਅਤੇ ਅਕਤੂਬਰ ਵਿੱਚ ਬੇਅਦਬੀ ਕੀਤੀ ਗਈ। ਉਨ੍ਹਾਂ ਪੁੱਛਿਆ ਕਿ ਉਸ ਵੇਲੇ ਸੱਤਾ ਵਿੱਚ ਕੌਣ ਸੀ? ਕੀ ਉਦੋਂ ‘ਆਪ’ ਦੀ ਸਰਕਾਰ ਸੀ?
ਪੰਨੂ ਨੇ ਕਿਹਾ ਕਿ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਤਸ਼ਦਦ ਅਤੇ ਬਹਿਬਲ ਕਲਾਂ ਵਿੱਚ ਦੋ ਸਿੰਘਾਂ ਦੀ ਸ਼ਹਾਦਤ ਵੇਲੇ ਅਕਾਲੀ ਦਲ ਦੀ ਹੀ ਸਰਕਾਰ ਸੀ।
ਜਾਂਚ ਰਿਪੋਰਟਾਂ ਅਤੇ ਜ਼ਮਾਨਤਾਂ ਦਾ ਕੀਤਾ ਜ਼ਿਕਰ
ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਦਿਆਂ ਕਿਹਾ ਕਿ, ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਨੇ ਸਪੱਸ਼ਟ ਇਸ਼ਾਰਾ ਕੀਤਾ ਸੀ ਕਿ ਇਨ੍ਹਾਂ ਘਟਨਾਵਾਂ ਲਈ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਚਰਨਜੀਤ ਸ਼ਰਮਾ ਅਤੇ ਉਮਰਾਨੰਗਲ ਵਰਗੇ ਵੱਡੇ ਨਾਮ ਅੱਜ ਇਨ੍ਹਾਂ ਮਾਮਲਿਆਂ ਵਿੱਚ ਜ਼ਮਾਨਤਾਂ ‘ਤੇ ਹਨ।
“ਪੰਜਾਬੀਆਂ ਦਾ ਚੇਤਾ ਬਹੁਤ ਤੇਜ਼ ਹੈ”
ਬਲਤੇਜ ਪੰਨੂ ਨੇ ਅਖੀਰ ਵਿੱਚ ਕਿਹਾ ਕਿ ਸੁਖਬੀਰ ਬਾਦਲ ਦਾ ਚੇਤਾ ਭਾਵੇਂ ਮਾੜਾ ਹੋ ਸਕਦਾ ਹੈ, ਪਰ ਪੰਜਾਬ ਦੇ ਲੋਕ 2007 ਤੋਂ 2017 ਤੱਕ ਦੇ ਉਸ ਕਾਲੇ ਦੌਰ ਨੂੰ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੀ ਜਵਾਨੀ ਅਤੇ ਧਾਰਮਿਕ ਭਾਵਨਾਵਾਂ ਨਾਲ ਜੋ ਖਿਲਵਾੜ ਕੀਤਾ, ਉਸ ਦਾ ਹਿਸਾਬ ਲੋਕ ਅੱਜ ਵੀ ਮੰਗ ਰਹੇ ਹਨ।






