ਪੰਜਾਬ ‘ਚ ਟੈਕਸੀ ਚਾਲਕ ਨੇ ਕੀਤੀ ਖ਼ੁਦਕੁਸ਼ੀ; ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਬਕਾ ਵਿਧਾਇਕ ‘ਤੇ ਲਾਏ ਗੰਭੀਰ ਇਲਜ਼ਾਮ
ਪਾਤੜਾਂ (ਪਟਿਆਲਾ), 6 ਅਪ੍ਰੈਲ 2026:
ਪਾਤੜਾਂ ਥਾਣੇ ਦੇ ਅਧੀਨ ਪੈਂਦੇ ਪਿੰਡ ਹਾਮਝੇੜੀ ਦੇ ਇੱਕ ਟੈਕਸੀ ਚਾਲਕ ਵੱਲੋਂ ਜ਼ਹਿਰੀਲੀ ਵਸਤੂ (ਸਲਫ਼ਾਸ) ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਬਲਜਿੰਦਰ ਸਿੰਘ ਨੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਇੱਕ ਸਾਬਕਾ ਵਿਧਾਇਕ ਅਤੇ ਕੁਝ ਹੋਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਵਾਇਰਲ ਵੀਡੀਓ ਵਿੱਚ ਟੈਕਸੀ ਚਾਲਕ ਨੇ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਟੈਕਸੀ ਸਟੈਂਡ ‘ਤੇ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਇੱਕ ਸਾਬਕਾ ਵਿਧਾਇਕ ਦੀ ਸ਼ਹਿ ਪ੍ਰਾਪਤ ਹੈ।
ਬਲਜਿੰਦਰ ਸਿੰਘ ਮੁਤਾਬਕ, ਸਾਬਕਾ ਵਿਧਾਇਕ ਪੁਲਿਸ ‘ਤੇ ਉਲਟਾ ਉਨ੍ਹਾਂ (ਪੀੜਤਾਂ) ‘ਤੇ ਹੀ ਕੇਸ ਦਰਜ ਕਰਨ ਲਈ ਦਬਾਅ ਪਾ ਰਿਹਾ ਸੀ, ਜਿਸ ਕਾਰਨ ਮਾਨਸਿਕ ਪ੍ਰੇਸ਼ਾਨੀ ਵਿੱਚ ਆ ਕੇ ਉਸ ਨੂੰ ਇਹ ਖ਼ੌਫ਼ਨਾਕ ਕਦਮ ਚੁੱਕਣਾ ਪਿਆ।
ਮ੍ਰਿਤਕ ਦੇ ਪੁੱਤਰ ਕ੍ਰਿਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ, 29 ਮਾਰਚ ਨੂੰ ਟੈਕਸੀ ਸਟੈਂਡ ‘ਤੇ ਮੇਜਰ ਸਿੰਘ ਅਤੇ ਹਰਦੇਵ ਸਿੰਘ ਆਪਸ ਵਿੱਚ ਲੜ ਰਹੇ ਸਨ।
ਜਦੋਂ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੇਜਰ ਸਿੰਘ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। 3 ਅਪ੍ਰੈਲ ਨੂੰ ਮੁਲਜ਼ਮਾਂ ਨੇ ਉਸ ਦੇ ਪਿਤਾ ਨੂੰ ਦੁਬਾਰਾ ਘੇਰਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਮੁਲਜ਼ਮ ਦੀਪਕ ਨੇ ਉਨ੍ਹਾਂ ਨੂੰ ਰਿਵਾਲਵਰ ਦਿਖਾ ਕੇ ਡਰਾਇਆ। ਇਸੇ ਪ੍ਰੇਸ਼ਾਨੀ ਵਿੱਚ ਬਲਜਿੰਦਰ ਸਿੰਘ ਨੇ ਸ਼ਾਮ ਨੂੰ ਸਲਫ਼ਾਸ ਖਾ ਲਈ। ਇਲਾਜ ਦੌਰਾਨ ਹਰਿਆਣਾ ਦੇ ਟੋਹਾਣਾ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਕਾਰਵਾਈ ਅਤੇ ਸਾਬਕਾ ਵਿਧਾਇਕ ਦਾ ਪੱਖ
ਪਾਤੜਾਂ ਪੁਲਿਸ ਨੇ ਕ੍ਰਿਸ਼ਨ ਸਿੰਘ ਦੇ ਬਿਆਨਾਂ ‘ਤੇ 4 ਮੁਲਜ਼ਮਾਂ ਮੇਜਰ ਸਿੰਘ, ਕਰਮਜੀਤ ਸਿੰਘ, ਬੰਟੀ ਅਤੇ ਦੀਪਕ ਕੁਮਾਰ ਨੂੰ ਨਾਮਜ਼ਦ ਕਰਦਿਆਂ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਦੋਸ਼ੀ ਪਾਏ ਜਾਣ ਵਾਲੇ ਹਰ ਸ਼ਖ਼ਸ ‘ਤੇ ਕਾਰਵਾਈ ਹੋਵੇਗੀ।
ਦੂਜੇ ਪਾਸੇ, ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇੱਕ ਸਾਜ਼ਿਸ਼ ਤਹਿਤ ਉਨ੍ਹਾਂ ਦਾ ਨਾਂ ਘੜੀਸਿਆ ਜਾ ਰਿਹਾ ਹੈ।






