ਮਾਝੇ ‘ਚ ਅਕਾਲੀ ਦਲ ਨੂੰ ਵੱਡਾ ਝਟਕਾ! ਸਾਬਕਾ ਵਿਧਾਇਕ ਸਾਥੀਆਂ ਸਮੇਤ AAP ‘ਚ ਸ਼ਾਮਲ
ਮਾਝੇ ਵਿੱਚ ਹੋਰ ਮਜ਼ਬੂਤ ਹੋਈ ‘ਆਪ’: ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ
ਚੰਡੀਗੜ੍ਹ / ਖਡੂਰ ਸਾਹਿਬ, 22 ਸਤੰਬਰ 2026- ਪੰਜਾਬ ਦੀ ਰਾਜਨੀਤੀ ਵਿੱਚ ਮਾਝੇ ਦੇ ਖੇਤਰ ਤੋਂ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਹੈ। ਮਾਝੇ ਦੇ ਸਿਆਸੀ ਪਿੜ ਵਿੱਚ ਆਮ ਆਦਮੀ ਪਾਰਟੀ (AAP) ਨੇ ਆਪਣੀ ਪਕੜ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦਿਆਂ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੰਜਾਬ ਦੇ ਦਿੱਗਜ ਆਗੂ ਅਤੇ ਸਾਬਕਾ ਸਾਂਸਦ ਸਵਰਗੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅੱਜ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰੇਰਨਾ ਅਤੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਅਣਗਿਣਤ ਸਾਥੀਆਂ ਅਤੇ ਇਲਾਕੇ ਦੇ ਪ੍ਰਮੁੱਖ ਆਗੂਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਸਾਰਿਆਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਸਿਰੋਪਾਓ ਬਖ਼ਸ਼ ਕੇ ਉਨ੍ਹਾਂ ਨੂੰ ਰਸਮੀ ਤੌਰ ‘ਤੇ ‘ਆਪ’ ਪਰਿਵਾਰ ਦਾ ਹਿੱਸਾ ਬਣਾਇਆ।
ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਾਲ-ਨਾਲ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਅਤੇ ਖੇਤਰ ਦੇ ਕਈ ਰਸੂਖਦਾਰ ਆਗੂਆਂ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਵਿੱਚ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖ਼ਸੀਅਤਾਂ ਵਿੱਚ ਕੰਵਰਦੀਪ ਸਿੰਘ ਬ੍ਰਹਮਪੁਰਾ, ਅਮਰੀਕ ਸਿੰਘ ਸਰਪੰਚ, ਹਰਜਿੰਦਰ ਸਿੰਘ ਬਾਦਸ਼ਾਹ, ਬਲਬੀਰ ਸਿੰਘ ਬੱਲੀ (ਡਾਇਰੈਕਟਰ), ਜਤਿੰਦਰ ਸਿੰਘ ਕੈਰੋਂ, ਫ਼ਤਿਹ, ਪਰਮਿੰਦਰ ਸਿੰਘ ਕੈਰੋਂ (ਬਲਾਕ ਸੰਮਤੀ ਮੈਂਬਰ), ਗੁਰਭੇਜ ਸਿੰਘ ਕੈਰੋਂ, ਲਵਪ੍ਰੀਤ ਸਿੰਘ ਕੈਰੋਂ, ਬਲਜਿੰਦਰ ਸਿੰਘ ਗੋਹਲਵੜ, ਗੌਰਵਦੀਪ ਸਿੰਘ ਖਹਿਰਾ, ਜਗਮੀਤ ਹੁੰਦਲ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ।
ਇਨ੍ਹਾਂ ਸਾਰੇ ਆਗੂਆਂ ਦੇ ਆਮ ਆਦਮੀ ਪਾਰਟੀ ਵਿੱਚ ਆਉਣ ਨਾਲ ਮਾਝਾ ਖੇਤਰ, ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਤਰਨ ਤਾਰਨ ਅਤੇ ਖਡੂਰ ਸਾਹਿਬ ਦੇ ਇਲਾਕੇ ਵਿੱਚ ਪਾਰਟੀ ਦਾ ਸੰਗਠਨਾਤਮਕ ਢਾਂਚਾ ਬਹੁਤ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਇਸ ਮੌਕੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਜੋ ਮੁਹਿੰਮ ਆਮ ਆਦਮੀ ਪਾਰਟੀ ਨੇ ਵਿੱਢੀ ਹੈ, ਉਸ ਨਾਲ ਹਰ ਵਰਗ ਦੇ ਲੋਕ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਪਰਿਵਾਰ ਦਾ ਮਾਝੇ ਦੀ ਸਿਆਸਤ ਵਿੱਚ ਇੱਕ ਵੱਡਾ ਨਾਮ ਅਤੇ ਯੋਗਦਾਨ ਰਿਹਾ ਹੈ।
ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਆਉਣ ਨਾਲ ਪਾਰਟੀ ਨੂੰ ਮਾਝੇ ਵਿੱਚ ਨਵੀਂ ਊਰਜਾ ਅਤੇ ਤਾਕਤ ਮਿਲੇਗੀ। ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿੱਚ ਸਾਰੇ ਨਵੇਂ ਆਏ ਆਗੂਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ, ਸਿਹਤ, ਰੋਜ਼ਗਾਰ ਅਤੇ ਬਿਜਲੀ ਦੇ ਖੇਤਰ ਵਿੱਚ ਕੀਤੇ ਜਾ ਰਹੇ ਇਨਕਲਾਬੀ ਸੁਧਾਰਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਆਖਿਆ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ ਪੰਜਾਬ ਦੀ ਤਰੱਕੀ, ਖ਼ੁਸ਼ਹਾਲੀ ਅਤੇ ‘ਆਪ’ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨਗੇ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਬ੍ਰਹਮਪੁਰਾ ਪਰਿਵਾਰ ਦਾ ‘ਆਪ’ ਵਿੱਚ ਸ਼ਾਮਲ ਹੋਣਾ ਮਾਝੇ ਦੇ ਖੇਤਰ ਵਿੱਚ ਵਿਰੋਧੀ ਧਿਰਾਂ, ਵਿਸ਼ੇਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵੱਡਾ ਝਟਕਾ ਹੈ। ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਾਝੇ ਦਾ ਜਰਨੈਲ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਲਾਕੇ ਵਿੱਚ ਵੱਡਾ ਜਨ-ਆਧਾਰ ਹੈ। ਉਨ੍ਹਾਂ ਦੇ ਪੁੱਤਰ ਦੇ ਆਮ ਆਦਮੀ ਪਾਰਟੀ ਨਾਲ ਜੁੜਨ ਨਾਲ ਆਉਣ ਵਾਲੀਆਂ ਚੋਣਾਂ ਵਿੱਚ ‘ਆਪ’ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ।
















