ਬੀ.ਐਲ.ਓ. ਪ੍ਰਦੀਪ ਕੁਮਾਰ ਦੀ ਮੌਤ ‘ਤੇ ਗੌਰਮਿੰਟ ਟੀਚਰਜ਼ ਯੂਨੀਅਨ ਦਾ ਐਕਸ਼ਨ; 1 ਕਰੋੜ ਰੁਪਏ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ

 

ਬੀ.ਐਲ.ਓ. ਪ੍ਰਦੀਪ ਕੁਮਾਰ ਦੀ ਮੌਤ ‘ਤੇ ਗੌਰਮਿੰਟ ਟੀਚਰਜ਼ ਯੂਨੀਅਨ ਦਾ ਐਕਸ਼ਨ; 1 ਕਰੋੜ ਰੁਪਏ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ

ਪਟਿਆਲਾ, 8 ਅਪ੍ਰੈਲ 2026: ਗੌਰਮਿੰਟ ਟੀਚਰਜ਼ ਯੂਨੀਅਨ (GTU) ਪੰਜਾਬ, ਜ਼ਿਲ੍ਹਾ ਪਟਿਆਲਾ ਦੇ ਇੱਕ ਵਫ਼ਦ ਨੇ ਸਹਾਇਕ ਕਮਿਸ਼ਨਰ ਪਟਿਆਲਾ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ। ਇਹ ਵਫ਼ਦ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਦੀ ਅਗਵਾਈ ਹੇਠ ਮੈਡਮ ਹਰਜੋਤ ਕੌਰ (ਸਹਾਇਕ ਕਮਿਸ਼ਨਰ ਜਨਰਲ) ਨੂੰ ਮਿਲਿਆ।

ਪ੍ਰਦੀਪ ਕੁਮਾਰ, ਜੋ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆਂ (ਬਲਾਕ ਦੇਵੀਗੜ੍ਹ) ਵਿਖੇ ਈ.ਟੀ.ਟੀ. ਅਧਿਆਪਕ ਵਜੋਂ ਤਾਇਨਾਤ ਸਨ। ਉਹ ਹਲਕਾ ਸਨੌਰ ਦੇ ਬੂਥ ਨੰਬਰ 92 ਵਿੱਚ ਬੀ.ਐਲ.ਓ. (BLO) ਵਜੋਂ ਸੇਵਾਵਾਂ ਨਿਭਾ ਰਹੇ ਸਨ।

ਜਥੇਬੰਦੀ ਅਨੁਸਾਰ, ਪ੍ਰਦੀਪ ਕੁਮਾਰ ਐਸ.ਆਈ.ਆਰ. (SIR) ਦੇ ਕੰਮ ਕਾਰਨ ਮਾਨਸਿਕ ਦਬਾਅ ਹੇਠ ਸਨ। 4 ਅਪ੍ਰੈਲ ਨੂੰ ਫੀਲਡ ਦਾ ਕੰਮ ਕਰਕੇ ਘਰ ਪਰਤਣ ਮਗਰੋਂ ਆਨਲਾਈਨ ਕੰਮ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਯੂਨੀਅਨ ਦੀਆਂ ਮੁੱਖ ਮੰਗਾਂ

ਮ੍ਰਿਤਕ ਦੇ ਪਰਿਵਾਰ ਨੂੰ ਨਿਯਮਾਂ ਅਨੁਸਾਰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਤਰਸ ਦੇ ਆਧਾਰ ‘ਤੇ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਜਾਵੇ।

ਸਹਾਇਕ ਕਮਿਸ਼ਨਰ ਮੈਡਮ ਹਰਜੋਤ ਕੌਰ ਨੇ ਵਫ਼ਦ ਦੀਆਂ ਗੱਲਾਂ ਨੂੰ ਹਮਦਰਦੀ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਇਸ ਸਬੰਧੀ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਜਲਦ ਤੋਂ ਜਲਦ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਸਮੇਂ ਸਾਥੀ ਦੀਦਾਰ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਮਨਦੀਪ ਸਿੰਘ ਕਾਲੇਕੇ, ਗੁਰਪ੍ਰੀਤ ਸਿੰਘ ਸਿੱਧੂ, ਗੁਰਜੀਤ ਸਿੰਘ, ਕਰਮਜੀਤ ਸਿੰਘ ,ਗੁਰਵਿੰਦਰ ਸਿੰਘ ਧਨੇਠਾ, ਹਰਵਿੰਦਰ ਸਿੰਘ ਪਹਾੜਪੁਰ, ਸੁਖਦੀਪ ਸਿੰਘ ਮਠਾੜੂ, ਗੁਰਵਿੰਦਰ ਸਿੰਘ ਗਹੀਰ, ਸੁਧੀਰ ਕੁਮਾਰ ਸਾਥੀ ਮੌਜੂਦ ਰਹੇ।