ਜਨਗਣਨਾ ਡਿਊਟੀ ਤੋਂ ਇਨਕਾਰ; 10 ਅਧਿਆਪਕਾਂ ਅਤੇ ਮੁਲਾਜ਼ਮਾਂ ਖਿਲਾਫ FIR ਦਰਜ ਕਰਨ ਦੇ ਹੁਕਮ
ਨਵੀਂ ਦਿੱਲੀ/ਨਾਗਪੁਰ, 11 ਅਪ੍ਰੈਲ 2026:
ਰਾਸ਼ਟਰੀ ਜਨਗਣਨਾ 2026-27 ਦੇ ਕੰਮ ਵਿੱਚ ਲਾਪਰਵਾਹੀ ਵਰਤਣੀ ਨਾਗਪੁਰ ਦੇ ਕੁਝ ਅਧਿਆਪਕਾਂ ਅਤੇ ਵਿਦਿਅਕ ਕਰਮਚਾਰੀਆਂ ਨੂੰ ਭਾਰੀ ਪੈ ਗਈ ਹੈ।
ਨਾਗਪੁਰ ਨਗਰ ਨਿਗਮ ਨੇ ਸਖ਼ਤ ਕਾਰਵਾਈ ਕਰਦਿਆਂ ਜਨਗਣਨਾ ਦੀ ਡਿਊਟੀ ਤੋਂ ਇਨਕਾਰ ਕਰਨ ਵਾਲੇ 10 ਕਰਮਚਾਰੀਆਂ ਵਿਰੁੱਧ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ, ਜਨਗਣਨਾ ਦੇ ਕੰਮ ਲਈ ਨਿਯੁਕਤ ਕੀਤੇ ਗਏ ਸੁਪਰਵਾਈਜ਼ਰਾਂ ਅਤੇ ਗਣਨਾਕਾਰਾਂ (ਪ੍ਰਗਣਕਾਂ) ਨੇ ਆਪਣੇ ਨਿਯੁਕਤੀ ਪੱਤਰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਨਾਗਪੁਰ ਨਗਰ ਨਿਗਮ ਦੇ ਸਤਰੰਜੀਪੁਰਾ ਜ਼ੋਨ ਨੰਬਰ-7 ਦੇ ਸਹਾਇਕ ਕਮਿਸ਼ਨਰ ਅਤੇ ਚਾਰਜ ਅਫ਼ਸਰ ਨੇ ਯਸ਼ੋਧਰਾ ਨਗਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਸੂਤਰਾਂ ਅਨੁਸਾਰ ਇਸ ਸ਼ਿਕਾਇਤ ਦੇ ਆਧਾਰ ‘ਤੇ FIR ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਨਗਰ ਨਿਗਮ ਅਧਿਕਾਰੀਆਂ ਮੁਤਾਬਕ, ਕੇਂਦਰੀ ਗ੍ਰਹਿ ਮੰਤਰਾਲੇ ਅਤੇ ਮਹਾਰਾਸ਼ਟਰ ਰਾਜ ਜਨਗਣਨਾ ਡਾਇਰੈਕਟੋਰੇਟ ਦੇ ਨਿਰਦੇਸ਼ਾਂ ਅਨੁਸਾਰ, ਜਨਗਣਨਾ ਵਰਗੇ ਰਾਸ਼ਟਰੀ ਕੰਮਾਂ ਲਈ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਤਾਇਨਾਤੀ ਲਾਜ਼ਮੀ ਹੈ। RTE ਐਕਟ 2009 ਦੀ ਧਾਰਾ 27 ਅਧਿਆਪਕਾਂ ਨੂੰ ਜਨਗਣਨਾ ਵਰਗੇ ਰਾਸ਼ਟਰੀ ਕਰਤੱਵਾਂ ਵਿੱਚ ਲਗਾਉਣ ਦੀ ਇਜਾਜ਼ਤ ਦਿੰਦੀ ਹੈ।
ਇਨ੍ਹਾਂ ਧਾਰਾਵਾਂ ਤਹਿਤ ਹੋਵੇਗਾ ਐਕਸ਼ਨ
ਜ਼ਿੰਮੇਵਾਰੀ ਤੋਂ ਬਚਣ ਵਾਲੇ ਮੁਲਾਜ਼ਮਾਂ ਵਿਰੁੱਧ ਜਨਗਣਨਾ ਐਕਟ 1948 ਦੀ ਧਾਰਾ 11 ਅਤੇ ਭਾਰਤੀ ਦੰਡਾਵਲੀ (IPC) ਦੀ ਧਾਰਾ 187 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਨਗਰ ਨਿਗਮ ਦੇ ਜੂਨੀਅਰ ਇੰਜੀਨੀਅਰ ਪੁਰਸ਼ੋਤਮ ਕਾਂਠਵਾਰ ਨੂੰ ਪੁਲਿਸ ਨਾਲ ਤਾਲਮੇਲ ਕਰਕੇ FIR ਦਰਜ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।






