Profanity Free Village: ਗਾਲ੍ਹ ਕੱਢਣ ‘ਤੇ ਦੇਣਾ ਪੈਂਦਾ ਜੁਰਮਾਨਾ ਜਾਂ ਕਰਨੀ ਪੈਂਦੀ ਸਫ਼ਾਈ! ਪੜ੍ਹੋ ਦੇਸ਼ ਦੇ ਪਹਿਲੇ ‘ਗਾਲ਼ੀ-ਮੁਕਤ’ ਪਿੰਡ ਦੀ ਕਹਾਣੀ
ਬੁਰਹਾਨਪੁਰ (ਮੱਧ ਪ੍ਰਦੇਸ਼), 11 ਅਪ੍ਰੈਲ 2026:
Profanity Free Village: ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦਾ ਬੋਰਸਰ ਪਿੰਡ ਸੂਬੇ ਦੇ ਪਹਿਲੇ ਅਜਿਹੇ ਪਿੰਡ ਵਜੋਂ ਉੱਭਰਿਆ ਹੈ, ਜਿੱਥੇ ਹੁਣ ਕੋਈ ਵੀ ਵਿਅਕਤੀ ਗਾਲ਼ੀ-ਗਲੋਚ ਨਹੀਂ ਕਰਦਾ।
ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 20 ਕਿਲੋਮੀਟਰ ਦੂਰ ਸਥਿਤ ਇਸ ਪਿੰਡ ਦੀ ਪੰਚਾਇਤ ਨੇ ਗਾਲ਼ੀ-ਗਲੋਚ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ ਅਤੇ ਅਜਿਹਾ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਤੇ ਜੁਰਮਾਨੇ ਦਾ ਪ੍ਰਬੰਧ ਕੀਤਾ ਹੈ।
ਕੀ ਹੈ ਸਜ਼ਾ ਅਤੇ ਜੁਰਮਾਨਾ?/ ਆਮ ਸਹਿਮਤੀ ਨਾਲ ਲਿਆ ਗਿਆ ਫ਼ੈਸਲਾ
ਲਗਭਗ 6,000 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਹੁਣ ਕੋਈ ਵੀ ਗਾਲ਼ੀ-ਗਲੋਚ ਵਾਲੀ ਭਾਸ਼ਾ ਵਿੱਚ ਗੱਲ ਨਹੀਂ ਕਰਦਾ। ਪੰਚਾਇਤ ਦੇ ਫ਼ਰਮਾਨ ਅਨੁਸਾਰ, ਗਾਲ਼ ਕੱਢਦੇ ਫੜੇ ਜਾਣ ਵਾਲੇ ਵਿਅਕਤੀ ਨੂੰ ਨਕਦ ਜੁਰਮਾਨਾ ਭਰਨਾ ਪੈਂਦਾ ਹੈ। ਜੇਕਰ ਕੋਈ ਵਿਅਕਤੀ ਜੁਰਮਾਨਾ ਭਰਨ ਦੇ ਸਮਰੱਥ ਨਹੀਂ ਹੈ, ਤਾਂ ਉਸ ਨੂੰ ਸਜ਼ਾ ਵਜੋਂ ਪਿੰਡ ਵਿੱਚ ਇੱਕ ਘੰਟਾ ਸਫ਼ਾਈ ਕਰਨੀ ਪੈਂਦੀ ਹੈ।
ਪਿੰਡ ਵਾਸੀਆਂ ਦੀ ਆਮ ਸਹਿਮਤੀ ਤੋਂ ਬਾਅਦ ਹੀ ਗ੍ਰਾਮ ਪੰਚਾਇਤ ਨੇ ਇਹ ਫ਼ਰਮਾਨ ਜਾਰੀ ਕੀਤਾ। ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿੱਚ ਥਾਂ-ਥਾਂ ‘ਤੇ ਪੋਸਟਰ ਲਗਾਏ ਗਏ ਅਤੇ ਮੁਨਾਦੀ (ਢੋਲ ਵਜਾ ਕੇ ਐਲਾਨ) ਵੀ ਕਰਵਾਈ ਗਈ। ਪਿੰਡ ਵਾਸੀਆਂ ਨੇ ਇਸ ਮੁਹਿੰਮ ਦਾ ਖਿੜ੍ਹੇ ਮੱਥੇ ਸਵਾਗਤ ਕੀਤਾ ਹੈ।
ਜ਼ਿਲ੍ਹੇ ਭਰ ਵਿੱਚ ਹੋ ਰਹੀ ਹੈ ਚਰਚਾ/ ਟੀਵੀ ਕਲਾਕਾਰ ਦੀ ਪਹਿਲਕਦਮੀ
ਇਸ ਸ਼ਲਾਘਾਯੋਗ ਮੁਹਿੰਮ ਦੀ ਸ਼ੁਰੂਆਤ ਪਿੰਡ ਦੇ ਹੀ ਰਹਿਣ ਵਾਲੇ ਇੱਕ ਟੀਵੀ ਕਲਾਕਾਰ ਅਸ਼ਵਿਨ ਪਾਟਿਲ ਨੇ ਕੀਤੀ। ਅਸ਼ਵਿਨ ਨੇ ਦੱਸਿਆ ਕਿ ਉਹ ਪਹਿਲਾਂ ਪਿੰਡ ਦੀ ਗੰਦਗੀ ਤੋਂ ਪਰੇਸ਼ਾਨ ਸਨ, ਜਿਸ ਕਾਰਨ ਉਨ੍ਹਾਂ ਨੇ ਸਫ਼ਾਈ ਮੁਹਿੰਮ ਚਲਾਈ। ਫਿਰ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਲੋਕਾਂ ਦੀ ਭਾਸ਼ਾ ਵਿੱਚ ਵੀ ਸੁਧਾਰ ਦੀ ਲੋੜ ਹੈ। ਉਨ੍ਹਾਂ ਨੇ ਸਰਪੰਚ ਅਤੇ ਉਪ-ਸਰਪੰਚ ਨਾਲ ਸਲਾਹ ਮਸ਼ਵਰਾ ਕਰਕੇ ਇਸ ਨੂੰ ਇੱਕ ਨਿਯਮ ਵਜੋਂ ਲਾਗੂ ਕਰਵਾਇਆ।
ਪਿੰਡ ਦੇ ਸਰਪੰਚ ਵਿਨੋਦ ਸ਼ਿੰਦੇ ਨੇ ਕਿਹਾ ਕਿ ਪੂਰੇ ਪਿੰਡ ਦੇ ਸਹਿਯੋਗ ਸਦਕਾ ਹੀ ਇਹ ਫ਼ੈਸਲਾ ਸਫ਼ਲ ਹੋ ਸਕਿਆ ਹੈ। ਅੱਜ ਬੋਰਸਰ ਪਿੰਡ ਦੀ ਇਸ ਮੁਹਿੰਮ ਦੀ ਚਰਚਾ ਪੂਰੇ ਬੁਰਹਾਨਪੁਰ ਜ਼ਿਲ੍ਹੇ ਵਿੱਚ ਹੋ ਰਹੀ ਹੈ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਦੀ ਖ਼ੂਬ ਤਾਰੀਫ਼ ਕੀਤੀ ਜਾ ਰਹੀ ਹੈ।






