ਚੰਡੀਗੜ੍ਹ ‘ਚ ਡਿਜੀਟਲ ਮਰਦਮਸ਼ੁਮਾਰੀ ਅੱਜ ਤੋਂ ਹੋਵੇਗੀ ਸ਼ੁਰੂ; ਜਾਣੋ ਕਿਵੇਂ ਕਰਨਾ ਹੈ ਰਜਿਸਟ੍ਰੇਸ਼ਨ
ਚੰਡੀਗੜ੍ਹ, 16 ਅਪ੍ਰੈਲ 2026: ਦੇਸ਼ ਦੇ ਵਿਕਾਸ ਦੀ ਨਵੀਂ ਨੀਂਹ ਰੱਖਣ ਵਾਲੀ ਮਰਦਮਸ਼ੁਮਾਰੀ-2027 ਦੀ ਪ੍ਰਕਿਰਿਆ ਚੰਡੀਗੜ੍ਹ ਵਿੱਚ ਅਧਿਕਾਰਤ ਤੌਰ ‘ਤੇ ਸ਼ੁਰੂ ਹੋ ਗਈ ਹੈ।
ਸੈਕਟਰ-17 ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਮਰਦਮਸ਼ੁਮਾਰੀ ਸੰਚਾਲਨ ਨਿਰਦੇਸ਼ਕ ਡਾ. ਨਵਜੋਤ ਖੋਸਾ (IAS) ਅਤੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ (IAS) ਨੇ ਇਸ ਰਾਸ਼ਟਰੀ ਮੁਹਿੰਮ ਦਾ ਰੋਡਮੈਪ ਅਤੇ ਡਿਜੀਟਲ ਪੋਰਟਲ ਦਾ ਲਿੰਕ ਜਾਰੀ ਕੀਤਾ।
ਮਹੱਤਵਪੂਰਨ ਮਿਤੀਆਂ
- ਸਵੈ-ਗਣਨਾ (Self-Enumeration): 16 ਅਪ੍ਰੈਲ ਤੋਂ 30 ਅਪ੍ਰੈਲ 2026 ਤੱਕ।
- ਘਰ-ਘਰ ਸਰਵੇਖਣ (Houselisting): 1 ਮਈ ਤੋਂ 30 ਮਈ 2026 ਤੱਕ।
ਪੂਰੀ ਤਰ੍ਹਾਂ ਪੇਪਰਲੈੱਸ ਹੋਵੇਗੀ ਮਰਦਮਸ਼ੁਮਾਰੀ
ਇਸ ਵਾਰ ਦੀ ਮਰਦਮਸ਼ੁਮਾਰੀ ਪੂਰੀ ਤਰ੍ਹਾਂ ਡਿਜੀਟਲ ਅਤੇ ਪੇਪਰਲੈੱਸ ਹੋਵੇਗੀ। ਪ੍ਰਸ਼ਾਸਨ ਦਾ ਟੀਚਾ ਚੰਡੀਗੜ੍ਹ ਨੂੰ ‘ਸਵੈ-ਗਣਨਾ’ ਦੇ ਮਾਮਲੇ ਵਿੱਚ ਦੇਸ਼ ਲਈ ਇੱਕ ਰੋਲ ਮਾਡਲ ਬਣਾਉਣਾ ਹੈ। ਨਾਗਰਿਕ ਭਾਰਤ ਸਰਕਾਰ ਦੇ ਅਧਿਕਾਰਤ ਪੋਰਟਲ censusindia.gov.in ‘ਤੇ ਜਾ ਕੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ।
ਪੋਰਟਲ ‘ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ (ਸਟੈਪ-ਬਾਏ-ਸਟੈਪ):
ਲਿੰਕ ਓਪਨ ਕਰੋ: ਵੈੱਬਸਾਈਟ ‘ਤੇ ਜਾ ਕੇ ‘Self Enumeration 2027’ ਲਿੰਕ ‘ਤੇ ਕਲਿੱਕ ਕਰੋ।
ਮੋਬਾਈਲ ਰਜਿਸਟ੍ਰੇਸ਼ਨ: ਆਪਣਾ ਮੋਬਾਈਲ ਨੰਬਰ ਭਰੋ ਅਤੇ ਆਏ ਹੋਏ ਓਟੀਪੀ (OTP) ਨਾਲ ਲੌਗਇਨ ਕਰੋ।
ਪਰਿਵਾਰ ਦਾ ਵੇਰਵਾ: ਮੁਖੀ ਦਾ ਨਾਮ ਅਤੇ ਮੈਂਬਰਾਂ ਦੀ ਗਿਣਤੀ ਸਬੰਧੀ ਮੁੱਢਲੀ ਜਾਣਕਾਰੀ ਭਰੋ।
ਪ੍ਰਸ਼ਨਾਵਲੀ: ਸਕ੍ਰੀਨ ‘ਤੇ ਆਉਣ ਵਾਲੇ 33 ਸਵਾਲਾਂ ਦੇ ਜਵਾਬ ਦਿਓ (ਜਿਵੇਂ ਮਕਾਨ ਦੀ ਹਾਲਤ, ਪੀਣ ਵਾਲਾ ਪਾਣੀ, ਬਿਜਲੀ, ਵਾਹਨ ਆਦਿ)।
ਸਬਮਿਟ: ਜਾਣਕਾਰੀ ਭਰਨ ਤੋਂ ਬਾਅਦ ‘ਫਾਈਨਲ ਸਬਮਿਟ’ ਕਰੋ ਅਤੇ ਮਿਲੇ ਹੋਏ ਯੂਨੀਕ ਰੈਫਰੈਂਸ ਨੰਬਰ ਨੂੰ ਨੋਟ ਕਰ ਲਓ।
ਲਾਭ: ਜਦੋਂ ਮਈ ਮਹੀਨੇ ਵਿੱਚ ਗਣਨਾ ਕਰਮਚਾਰੀ ਤੁਹਾਡੇ ਘਰ ਆਉਣਗੇ, ਤਾਂ ਤੁਹਾਨੂੰ ਸਿਰਫ਼ ਇਹ ਰੈਫਰੈਂਸ ਨੰਬਰ ਦਿਖਾਉਣਾ ਹੋਵੇਗਾ ਅਤੇ ਤੁਹਾਡਾ ਡਾਟਾ ਤੁਰੰਤ ਵੈਰੀਫਾਈ ਹੋ ਜਾਵੇਗਾ।
ਕਿਉਂ ਜ਼ਰੂਰੀ ਹੈ ਇਹ ਮਰਦਮਸ਼ੁਮਾਰੀ?
ਵਿਕਾਸ ਯੋਜਨਾਵਾਂ: ਇਸ ਡਾਟਾ ਦੇ ਆਧਾਰ ‘ਤੇ ਹੀ ਤੈਅ ਹੋਵੇਗਾ ਕਿ ਸ਼ਹਿਰ ਦੇ ਕਿਸ ਸੈਕਟਰ ਵਿੱਚ ਨਵੇਂ ਸਕੂਲ, ਹਸਪਤਾਲ ਜਾਂ ਪਾਰਕਾਂ ਦੀ ਲੋੜ ਹੈ।
ਬਜਟ ਵੰਡ: ਆਬਾਦੀ ਅਤੇ ਸਹੂਲਤਾਂ ਅਨੁਸਾਰ ਕੇਂਦਰ ਸਰਕਾਰ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਨਾਗਰਿਕਾਂ ਦੀ ਨਿੱਜੀ ਜਾਣਕਾਰੀ ‘ਮਰਦਮਸ਼ੁਮਾਰੀ ਐਕਟ’ ਤਹਿਤ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰੱਖੀ ਜਾਵੇਗੀ।
ਪ੍ਰਸ਼ਾਸਨ ਨੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (RWA) ਨੂੰ ਅਪੀਲ ਕੀਤੀ ਹੈ ਕਿ ਉਹ ਬਜ਼ੁਰਗਾਂ ਅਤੇ ਤਕਨੀਕੀ ਤੌਰ ‘ਤੇ ਘੱਟ ਜਾਣੂ ਲੋਕਾਂ ਦੀ ਪੋਰਟਲ ‘ਤੇ ਜਾਣਕਾਰੀ ਭਰਨ ਵਿੱਚ ਮਦਦ ਕਰਨ। Tribune






