ਵੱਡੀ ਖ਼ਬਰ: ਪੰਜਾਬ ‘ਚ ਰੇਲ ਲਾਈਨ ‘ਤੇ ਜ਼ਬਰਦਸਤ ਧਮਾਕਾ; ਸ਼ੱਕੀ ਵਿਅਕਤੀ ਦੇ ਉੱਡੇ ਚੀਥੜੇ
ਰਾਤ 10 ਵਜੇ ਹੋਇਆ ਧਮਾਕਾ- ਪੁਲਿਸ ਅਤੇ ਰੇਲਵੇ ਅਧਿਕਾਰੀ ਮੌਕੇ ‘ਤੇ
ਪੁਲਿਸ ਵੱਲੋਂ ਇਸ ਘਟਨਾ ਨੂੰ ਅੱਤਵਾਦੀ ਸਾਜ਼ਿਸ਼ ਜਾਂ ਕਿਸੇ ਵੱਡੀ ਤਬਾਹੀ ਦੀ ਕੋਸ਼ਿਸ਼ ਦੇ ਪਹਿਲੂ ਤੋਂ ਵੀ ਦੇਖਿਆ ਜਾ ਰਿਹੈ
ਪੰਜਾਬ ਨੈੱਟਵਰਕ
ਪਟਿਆਲਾ/ਸ਼ੰਭੂ, 28 ਅਪ੍ਰੈਲ 2026: ਸ਼ੰਭੂ-ਅੰਬਾਲਾ ਰੇਲ ਮਾਰਗ ‘ਤੇ ਸੋਮਵਾਰ ਰਾਤ ਨੂੰ ਹੋਏ ਇੱਕ ਰਹੱਸਮਈ ਧਮਾਕੇ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।
ਇਸ ਧਮਾਕੇ ਕਾਰਨ ਰੇਲਵੇ ਲਾਈਨ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਰੇਲਵੇ ਵਿਭਾਗ ਨੇ ਇਹਤਿਆਤ ਵਜੋਂ ਇਸ ਮਾਰਗ ‘ਤੇ ਰੇਲਾਂ ਦੀ ਆਵਾਜਾਈ ਰੋਕ ਦਿੱਤੀ ਹੈ।
Tribune ਅਨੁਸਾਰ ਇਹ ਘਟਨਾ ਰਾਤ ਤਕਰੀਬਨ 10 ਵਜੇ ਦੇ ਕਰੀਬ ਵਾਪਰੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ।
ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਕੋਈ ਰੇਲ ਗੱਡੀ ਉੱਥੋਂ ਨਹੀਂ ਗੁਜ਼ਰ ਰਹੀ ਸੀ, ਜਿਸ ਕਾਰਨ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ, ਘਨੌਰ ਦੇ ਡੀ.ਐੱਸ.ਪੀ. ਦਲਜੀਤ ਵਿਰਕ, ਅਤੇ ਐੱਸ.ਐੱਚ.ਓ. ਗੁਰਮੁੱਖ ਸਿੰਘ ਵਿਰਕ ਸਮੇਤ ਰੇਲਵੇ ਪੁਲਿਸ ਦੇ ਉੱਚ ਅਧਿਕਾਰੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਸੁਰੱਖਿਆ ਏਜੰਸੀਆਂ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਹੈ।
ਮਾਮਲੇ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪੁਲਿਸ ਨੂੰ ਧਮਾਕੇ ਵਾਲੀ ਥਾਂ ਦੇ ਨੇੜਿਓਂ ਮਨੁੱਖੀ ਮਾਸ ਦੇ ਲੋਥੜੇ ਮਿਲੇ ਹਨ।
ਮੁੱਢਲੀ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ, ਸ਼ਾਇਦ ਕੋਈ ਵਿਅਕਤੀ ਰੇਲ ਪਟੜੀ ‘ਤੇ ਬੰਬ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਸਫੋਟਕ ਸਮੱਗਰੀ ਉਸ ਦੇ ਹੱਥ ਵਿੱਚ ਹੀ ਚੱਲ ਗਈ, ਜਿਸ ਕਾਰਨ ਉਸ ਦੇ ਚੀਥੜੇ ਉੱਡ ਗਏ।
ਪੁਲਿਸ ਅਤੇ ਫੋਰੈਂਸਿਕ ਟੀਮਾਂ ਵੱਲੋਂ ਮੌਕੇ ਤੋਂ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਿਸ ਕਿਸਮ ਦਾ ਵਿਸਫੋਟਕ ਸੀ। ਪੁਲਿਸ ਵੱਲੋਂ ਇਸ ਨੂੰ ਅੱਤਵਾਦੀ ਸਾਜ਼ਿਸ਼ ਜਾਂ ਕਿਸੇ ਵੱਡੀ ਤਬਾਹੀ ਦੀ ਕੋਸ਼ਿਸ਼ ਦੇ ਪਹਿਲੂ ਤੋਂ ਵੀ ਦੇਖਿਆ ਜਾ ਰਿਹਾ ਹੈ।
ਰੇਲਵੇ ਲਾਈਨਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਨੇੜਲੇ ਪਿੰਡਾਂ ਵਿੱਚ ਵੀ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।






