ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨ ਦੀ ਮੰਗ; ਹੁਕਮਨਾਮੇ ਨੂੰ ‘ਸਾਜ਼ਿਸ਼’ ਦੱਸਣ ‘ਤੇ ਭਖਿਆ ਵਿਵਾਦ
ਅੰਮ੍ਰਿਤਸਰ 28 ਅਪ੍ਰੈਲ 2026: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚ ਕੇ ਇੱਕ ਮੰਗ ਪੱਤਰ ਸੌਂਪਿਆ ਹੈ।
ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਤੁਰੰਤ ਤਲਬ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਣੇਕੇ ਦੀ ਅਗਵਾਈ ਹੇਠ ਪੁੱਜੇ ਮੈਂਬਰਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੱਸਿਆ ਕਿ, 6 ਅਪਰੈਲ ਨੂੰ ਅਕਾਲੀ ਦਲ ਦੀ ਇੱਕ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸੀ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਉਨ੍ਹਾਂ ਨੂੰ ਸਿਆਸਤ ਤੋਂ ਬਾਹਰ ਕਰਨ ਅਤੇ ਸਰੀਰਕ ਤੌਰ ‘ਤੇ ਖ਼ਤਮ ਕਰਨ ਦੀ ਇੱਕ ਸਿਆਸੀ ਸਾਜ਼ਿਸ਼ ਸੀ।
ਵਿਰੋਧੀ ਮੈਂਬਰਾਂ ਅਨੁਸਾਰ 2 ਦਸੰਬਰ ਨੂੰ ਸੁਖਬੀਰ ਬਾਦਲ ਨੇ ਖ਼ੁਦ ਸੰਗਤ ਦੀ ਹਜ਼ੂਰੀ ਵਿੱਚ ਆਪਣੇ ਗੁਨਾਹ ਕਬੂਲ ਕੇ ਤਨਖਾਹ ਭੁਗਤੀ ਸੀ, ਪਰ ਹੁਣ ਉਹ ਇਸ ਪੰਜ ਪ੍ਰਧਾਨੀ ਪ੍ਰੰਪਰਾ ਨੂੰ ‘ਸਾਜ਼ਿਸ਼’ ਦੱਸ ਕੇ ਸਿੱਧੀ ਚੁਣੌਤੀ ਦੇ ਰਹੇ ਹਨ।
ਮੰਗ ਪੱਤਰ ਰਾਹੀਂ ਅਪੀਲ ਕੀਤੀ ਗਈ ਹੈ ਕਿ ਸੁਖਬੀਰ ਬਾਦਲ ਤੋਂ ਉਨ੍ਹਾਂ ਦੇ ਇਸ ਬਿਆਨ ਦੇ ਸਬੂਤ ਮੰਗੇ ਜਾਣ। ਜੇਕਰ ਉਹ ਸਬੂਤ ਪੇਸ਼ ਨਹੀਂ ਕਰ ਸਕਦੇ, ਤਾਂ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਨ ਅਤੇ ਅਕਾਲ ਤਖ਼ਤ ਸਾਹਿਬ ਦੀ ਤੌਹੀਨ ਕਰਨ ਦੇ ਦੋਸ਼ ਵਿੱਚ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ।
ਐਡਵੋਕੇਟ ਧਾਮੀ ਦੀ ਚੁੱਪ ‘ਤੇ ਵੀ ਸਵਾਲ
ਵਿਰੋਧੀ ਧਿਰ ਨੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਜਵਾਬ-ਤਲਬੀ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਸੁਖਬੀਰ ਬਾਦਲ ਸਟੇਜ ਤੋਂ ਪੰਜ ਪ੍ਰਧਾਨੀ ਪ੍ਰਥਾ ਦਾ ਅਪਮਾਨ ਕਰ ਰਹੇ ਸਨ, ਉਦੋਂ ਧਾਮੀ ਉੱਥੇ ਮੌਜੂਦ ਹੋਣ ਦੇ ਬਾਵਜੂਦ ਚੁੱਪ ਰਹੇ। ਮੈਂਬਰਾਂ ਨੇ ਸਵਾਲ ਉਠਾਇਆ ਕਿ ਪ੍ਰਧਾਨ ਨੇ ਸਿੱਖ ਪ੍ਰੰਪਰਾਵਾਂ ਦੇ ਸਤਿਕਾਰ ਲਈ ਉਸ ਸਮੇਂ ਆਵਾਜ਼ ਕਿਉਂ ਨਹੀਂ ਉਠਾਈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਗ ਪੱਤਰ ਹਾਸਲ ਕਰਨ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਘਟਨਾਕ੍ਰਮ ਨੇ ਪੰਜਾਬ ਦੀ ਪੰਥਕ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ, ਕਿਉਂਕਿ ਇੱਕ ਪਾਸੇ ਅਕਾਲੀ ਦਲ ਮੁੜ ਸੁਰਜੀਤੀ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਧਾਰਮਿਕ ਮਰਿਆਦਾ ਨਾਲ ਜੁੜੇ ਇਹ ਗੰਭੀਰ ਦੋਸ਼ ਪਾਰਟੀ ਲਈ ਨਵੀਂ ਮੁਸੀਬਤ ਖੜ੍ਹੀ ਕਰ ਸਕਦੇ ਹਨ।






