ਵੱਡੀ ਖ਼ਬਰ: AC ਫਟਣ ਕਾਰਨ 9 ਲੋਕਾਂ ਦੀ ਮੌਤ

 

ਵੱਡੀ ਖ਼ਬਰ: AC ਫਟਣ ਕਾਰਨ 9 ਲੋਕਾਂ ਦੀ ਮੌਤ

ਨਵੀਂ ਦਿੱਲੀ, 3 ਮਈ 2026: ਦਿੱਲੀ ਦੇ ਵਿਵੇਕ ਵਿਹਾਰ ਇਲਾਕੇ ਵਿੱਚ ਅੱਜ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਏਸੀ (AC) ਫਟਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ।

ਪੂਰਬੀ ਦਿੱਲੀ ਦੇ ਸ਼ਾਹਦਰਾ ਦੇ ਪੌਸ਼ ਇਲਾਕੇ ਵਿਵੇਕ ਵਿਹਾਰ ਵਿੱਚ ਸਥਿਤ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਸਵੇਰੇ ਕਰੀਬ 3:47 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਕੜੀ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।

ਬਚਾਅ ਕਾਰਜਾਂ ਦੌਰਾਨ 12 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ 9 ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ 3 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ।

ਕਿਵੇਂ ਹੋਇਆ ਧਮਾਕਾ?

ਜਾਣਕਾਰੀ ਅਨੁਸਾਰ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਸਥਿਤ ਫਲੈਟ ਵਿੱਚ ਏਸੀ (AC) ਬਲਾਸਟ ਹੋਇਆ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਉਨ੍ਹਾਂ ਨੇ ਤੀਜੀ ਮੰਜ਼ਿਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਲੋਕ ਅੱਗ ਤੋਂ ਬਚਣ ਲਈ ਛੱਤ ਵੱਲ ਭੱਜੇ, ਪਰ ਛੱਤ ਦਾ ਦਰਵਾਜ਼ਾ ਬੰਦ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ ਅਤੇ ਅੰਦਰ ਹੀ ਦਮ ਤੋੜ ਦਿੱਤਾ।

ਮ੍ਰਿਤਕਾਂ ਵਿੱਚੋਂ 4 ਲੋਕ ਦੂਜੀ ਮੰਜ਼ਿਲ ‘ਤੇ ਸਨ। ਤਿੰਨ ਲੋਕਾਂ ਦੀਆਂ ਲਾਸ਼ਾਂ ਬਿਸਤਰੇ ‘ਤੇ ਹੀ ਮਿਲੀਆਂ ਹਨ। ਲਾਸ਼ਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸ਼ਾਹਦਰਾ ਜ਼ਿਲ੍ਹੇ ਦੇ ਡੀਸੀਪੀ (DCP) ਰਾਜੇਂਦਰ ਪ੍ਰਸਾਦ ਮੀਣਾ ਵੀ ਮੌਕੇ ‘ਤੇ ਪਹੁੰਚੇ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਚਸ਼ਮਦੀਦਾਂ ਅਨੁਸਾਰ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਲਾਕੇ ਵਿੱਚ ਦਹਿਸ਼ਤ ਫੈਲ ਗਈ।