ਸੀਟੂ ਨੂੰ ਵੱਡਾ ਝਟਕਾ; 250 ਤੋਂ ਵੱਧ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ‘ਸਰਵ ਯੂਨੀਅਨ’ ‘ਚ ਸ਼ਾਮਲ
ਜਲੰਧਰ, 3 ਮਈ 2026: ਅੱਜ ਜਲੰਧਰ ਦੇ ਸ਼ਹੀਦ ਭਗਤ ਸਿੰਘ ਹਾਲ ਵਿਖੇ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਦੇ ਆਂਗਣਵਾੜੀ ਢਾਂਚੇ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ।
ਕ੍ਰੱਚ ਯੂਨੀਅਨ ਦੀ ਪੰਜਾਬ ਪ੍ਰਧਾਨ ਕਿਰਨ ਬਾਲਾ ਦੀ ਅਗਵਾਈ ਹੇਠ ਪੂਰੇ ਪੰਜਾਬ ਤੋਂ ਲਗਭਗ 250 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸੀਟੂ (CITU) ਯੂਨੀਅਨ ਨੂੰ ਛੱਡ ਕੇ ਸਰਵ ਯੂਨੀਅਨ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।
ਮੀਟਿੰਗ ਦੌਰਾਨ ਕ੍ਰੱਚ ਵਰਕਰਾਂ ਨੇ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਸ਼ਾਸਨਿਕ ਅਣਗਹਿਲੀ ਵਿਰੁੱਧ ਕਈ ਗੰਭੀਰ ਮੁੱਦੇ ਚੁੱਕੇ। ਵਰਕਰਾਂ ਨੇ ਦੱਸਿਆ ਕਿ ਅਕਤੂਬਰ 2020 ਤੋਂ ਮਾਰਚ 2022 ਅਤੇ ਸਤੰਬਰ 2023 ਤੋਂ ਫਰਵਰੀ 2024 ਤੱਕ ਦਾ ਮਾਨਭੱਤਾ ਅਜੇ ਤੱਕ ਬਕਾਇਆ ਹੈ।
ਕ੍ਰੱਚ ਸੈਂਟਰਾਂ ਦੀਆਂ ਆਪਣੀਆਂ ਬਿਲਡਿੰਗਾਂ ਨਹੀਂ ਹਨ ਅਤੇ ਬੱਚਿਆਂ ਲਈ ਸਪਲੀਮੈਂਟਰੀ ਨਿਊਟ੍ਰੀਸ਼ਨ (ਪੌਸ਼ਟਿਕ ਖ਼ੁਰਾਕ) ਦਾ ਕੋਈ ਪ੍ਰਬੰਧ ਨਹੀਂ ਹੈ। ਵਰਕਰਾਂ ਨੂੰ ਸਿਰਫ਼ 5500 ਰੁਪਏ ਅਤੇ ਹੈਲਪਰਾਂ ਨੂੰ 3000 ਰੁਪਏ ਦਿੱਤੇ ਜਾ ਰਹੇ ਹਨ।
ਦੋਸ਼ ਲਾਇਆ ਗਿਆ ਕਿ ਸੈਂਟਰ ਦੇ ਸਾਮਾਨ ਲਈ ਜਾਰੀ ਕੀਤੇ ਗਏ 7800 ਰੁਪਏ (1300 ਰੁਪਏ ਪ੍ਰਤੀ ਮਹੀਨਾ) ਗੁਰਦਾਸਪੁਰ ਦੇ ਦਰੰਗਲਾ ਬਲਾਕ ਨੂੰ ਛੱਡ ਕੇ ਕਿਤੇ ਵੀ ਨਹੀਂ ਦਿੱਤੇ ਗਏ। ਕਈ ਜਗ੍ਹਾ ਸੀਡੀਪੀਓ (CDPO) ਵੱਲੋਂ ਖਾਤੇ ਵਿੱਚੋਂ ਪੈਸੇ ਕਢਵਾ ਕੇ ਵਾਪਿਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਕੋਈ ਹੱਲ ਨਾ ਕੱਢਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਤਿੱਖਾ ਸੰਘਰਸ਼ ਵਿਢਿਆ ਜਾਵੇਗਾ।
ਇਸ ਮੌਕੇ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ, ਬਟਾਲਾ ਤੋਂ ਪਰਮ, ਪਠਾਨਕੋਟ ਤੋਂ ਤਰਜੋਤ, ਮੋਗਾ ਤੋਂ ਮੁਨੀਸ਼ਾ, ਹੁਸਿਆਰਪੁਰ ਤੋਂ ਸਰਿਤਾ, ਜਲੰਧਰ ਤੋਂ ਸੁਨੀਤਾ ਰਾਣੀ, ਨਵਾਂ ਸ਼ਹਿਰ ਤੋਂ ਰਾਜਿੰਦਰ ਪਾਲ ਕੌਰ, ਫਹਿਤਗੜ੍ਹ ਤੋਂ ਰੇਨੂ ਬਾਲਾ, ਮਲੋਟ ਤੋਂ ਰੋਜੀ ਬਾਲਾ, ਸ੍ਰੀ ਮੁਕਤਸਰ ਸਾਹਿਬ ਤੋਂ ਗੁਰਮੀਤ ਕੌਰ, ਫਗਵਾੜਾ ਤੋਂ ਸੀਆ, ਮਾਨਸਾ ਤੋਂ ਸੋਨੀਆ, ਬਰਨਾਲਾ ਤੋਂ ਮਨਜੀਤ ਕੌਰ, ਬਠਿੰਡਾ ਤੋਂ ਸਰਬਜੀਤ ਕੌਰ, ਰੋਪੜ-ਸ਼੍ਰੀ ਆਨੰਦਪੁਰ ਸਾਹਿਬ ਤੋਂ ਦਰਸ਼ਨ ਸਿੰਘ, ਰੋਪੜ ਤੋਂ ਸੁਨੀਤਾ (ਨੂਰਪੁਰ), ਚਮਕੌਰ ਸਾਹਿਬ ਤੋਂ ਰਾਜਿੰਦਰ ਕੌਰ ਸਮੇਤ ਵੱਖ-ਵੱਖ ਜਿਲ੍ਹਿਆਂ ਦੀਆਂ ਪ੍ਰਧਾਨਾਂ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।






