Punjab News: ਦਾਦੇ ਨੇ ਪੋਤੀ ਨਾਲ ਕੀਤਾ ਬਲਾਤਕਾਰ
ਬਠਿੰਡਾ, 3 ਮਈ 2026- ਬਠਿੰਡਾ ਜ਼ਿਲ੍ਹੇ ਵਿੱਚ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 50 ਸਾਲਾ ਵਿਅਕਤੀ ‘ਤੇ ਆਪਣੀ ਹੀ 12 ਸਾਲਾ ਸੌਤੇਲੀ ਪੋਤੀ ਨਾਲ ਲਗਾਤਾਰ ਦੋ ਸਾਲਾਂ ਤੱਕ ਜਬਰ-ਜ਼ਨਾਹ ਕਰਨ ਦਾ ਇਲਜ਼ਾਮ ਲੱਗਿਆ ਹੈ।
ਦੋਸ਼ ਹੈ ਕਿ ਦਾਦੇ ਨੇ ਪਹਿਲਾਂ ਮਾਸੂਮ ਬੱਚੀ ਨੂੰ ਨਸ਼ੇ ਦੀ ਲਤ ਲਗਾਈ ਅਤੇ ਫਿਰ ਉਸ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ।
ਇਸ ਘਿਨਾਣੀ ਕਰਤੂਤ ਦਾ ਖੁਲਾਸਾ 26 ਅਪ੍ਰੈਲ ਨੂੰ ਹੋਇਆ ਜਦੋਂ ਬੱਚੀ ਦੀ ਮਾਂ ਨੇ ਉਸ ਨੂੰ ਨਸ਼ੇ ਵਾਲਾ ਕੈਪਸੂਲ ਖਾਂਦੇ ਹੋਏ ਦੇਖਿਆ। ਜਦੋਂ ਮਾਂ ਨੇ ਸ਼ੱਕ ਹੋਣ ‘ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਬੱਚੀ ਨੇ ਰੋਂਦਿਆਂ ਆਪਣੇ ਨਾਲ ਪਿਛਲੇ ਦੋ ਸਾਲਾਂ ਤੋਂ ਹੋ ਰਹੀ ਦਰਿੰਦਗੀ ਦੀ ਪੂਰੀ ਕਹਾਣੀ ਦੱਸੀ। ਬੱਚੀ ਨੇ ਦੱਸਿਆ ਕਿ ਜਿਸ ਨੂੰ ਉਹ ‘ਰਾਜਾ ਪਾਪਾ’ ਕਹਿ ਕੇ ਬੁਲਾਉਂਦੀ ਸੀ, ਉਹੀ ਉਸ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਸੀ।
ਪੀੜਤ ਬੱਚੀ ਦੀ ਮਾਂ ਨੇ ਪੁਲਿਸ ‘ਤੇ ਵੀ ਬੇਹੱਦ ਗੰਭੀਰ ਇਲਜ਼ਾਮ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਇਕ ਪੁਲਿਸ ਅਧਿਕਾਰੀ ਨੇ ਉਸ ਦੀ ਅਨਪੜ੍ਹਤਾ ਦਾ ਫਾਇਦਾ ਉਠਾਇਆ ਅਤੇ ਡਰਾ-ਧਮਕਾ ਕੇ ਕੋਰੇ ਕਾਗਜ਼ਾਂ ‘ਤੇ ਅੰਗੂਠੇ ਲਗਵਾ ਲਏ। ਮਾਂ ਅਨੁਸਾਰ ਪੁਲਿਸ ਇਸ ਸੰਗੀਨ ਮਾਮਲੇ ਨੂੰ “ਸਮਝੌਤੇ” ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ।
ਜਦੋਂ “ਜਸਟਿਸ ਫ਼ਾਰ ਆਲ ਆਰਗੇਨਾਈਜ਼ੇਸ਼ਨ” ਨੇ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਅਤੇ ਪ੍ਰਸ਼ਾਸਨ ਦਾ ਵਿਰੋਧ ਕੀਤਾ, ਤਾਂ ਪੁਲਿਸ ਹਰਕਤ ਵਿੱਚ ਆਈ।
ਐਸ.ਐਚ.ਓ. ਕੈਨਾਲ ਹਰਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪੋਕਸੋ (POCSO) ਐਕਟ ਅਤੇ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ, ਜਦਕਿ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।






