ਵੱਡੀ ਖ਼ਬਰ: CBI ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ‘ਚ ਛਾਪੇਮਾਰੀ; ਰਿਸ਼ਵਤਖੋਰੀ ਦੇ ਮਾਮਲੇ ‘ਚ ਅਹਿਮ ਗ੍ਰਿਫਤਾਰੀ

 

ਵੱਡੀ ਖ਼ਬਰ: CBI ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ‘ਚ ਛਾਪੇਮਾਰੀ; ਰਿਸ਼ਵਤਖੋਰੀ ਦੇ ਮਾਮਲੇ ‘ਚ ਅਹਿਮ ਗ੍ਰਿਫਤਾਰੀ

ਚੰਡੀਗੜ੍ਹ ਦੇ ਫਾਈਵ ਸਟਾਰ ਹੋਟਲ ਤੋਂ ਹੋਈ ਫੜੋ-ਫੜਾਈ, ਵਿਜੀਲੈਂਸ ਮੁਖੀ ਦੇ ਰੀਡਰ ਵਿਰੁੱਧ ਕੇਸ ਦਰਜ

ਚੰਡੀਗੜ੍ਹ/ਮੁਹਾਲੀ, 12 ਮਈ 2026:

ਪੰਜਾਬ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ਵਿੱਚ ਉਸ ਵੇਲੇ ਭਾਰੀ ਹਲਚਲ ਮਚ ਗਈ ਜਦੋਂ ਕੇਂਦਰੀ ਜਾਂਚ ਬਿਊਰੋ (CBI) ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਦੇਰ ਰਾਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਖੇ ਅਚਾਨਕ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਰਿਸ਼ਵਤਖੋਰੀ ਦੇ ਇੱਕ ਗੰਭੀਰ ਮਾਮਲੇ ਨਾਲ ਸਬੰਧਿਤ ਦੱਸੀ ਜਾ ਰਹੀ ਹੈ।

ਗੈਰ-ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੀਬੀਆਈ ਨੇ ਪਹਿਲਾਂ ਚੰਡੀਗੜ੍ਹ ਦੇ ਇੱਕ ਨਾਮੀ ਫਾਈਵ ਸਟਾਰ ਹੋਟਲ ਵਿੱਚ ਜਾਲ ਵਿਛਾਇਆ ਸੀ।

ਉੱਥੋਂ ਇੱਕ ਵਿਚੋਲੇ ਨੂੰ 13 ਲੱਖ ਰੁਪਏ ਦੀ ਕਥਿਤ ਰਿਸ਼ਵਤ ਦੀ ਰਾਸ਼ੀ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਪੁੱਛਗਿੱਛ ਦੇ ਆਧਾਰ ‘ਤੇ ਸੀਬੀਆਈ ਦੀਆਂ ਟੀਮਾਂ ਨੇ ਮੁਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵੱਲ ਰੁਖ਼ ਕੀਤਾ।

ਰਿਪੋਰਟਾਂ ਅਨੁਸਾਰ, ਇਸ ਭ੍ਰਿਸ਼ਟਾਚਾਰ ਦੇ ਮਾਮਲੇ ਦੀਆਂ ਤਾਰਾਂ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਦੇ ਦਫ਼ਤਰ ਨਾਲ ਜੁੜੀਆਂ ਹੋਈਆਂ ਹਨ। ਜਾਣਕਾਰੀ ਮੁਤਾਬਕ ਵਿਜੀਲੈਂਸ ਮੁਖੀ ਦੇ ਰੀਡਰ ਵਿਰੁੱਧ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਬੀਆਈ ਵੱਲੋਂ ਦਫ਼ਤਰ ਵਿੱਚ ਮੌਜੂਦ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਹਾਲਾਂਕਿ ਇਹ ਕਾਰਵਾਈ ਅੱਧੀ ਰਾਤ ਤੋਂ ਜਾਰੀ ਹੈ, ਪਰ ਅਜੇ ਤੱਕ ਨਾ ਤਾਂ ਸੀਬੀਆਈ ਅਤੇ ਨਾ ਹੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਜਾਂਚ ਏਜੰਸੀਆਂ ਇਸ ਮਾਮਲੇ ਨੂੰ ਬੇਹੱਦ ਗੁਪਤ ਰੱਖ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਲੋਟ ਵਿੱਚ ਇੱਕ ਭਾਜਪਾ ਆਗੂ ਦੇ ਘਰ ਵੀ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਵਿਜੀਲੈਂਸ ਦਫ਼ਤਰ ‘ਤੇ ਇਹ ਕਾਰਵਾਈ ਸਰਕਾਰ ਅਤੇ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣੀ ਹੋਈ ਹੈ।

ਉੱਥੇ ਹੀ ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਇੱਕ ਕੇਂਦਰੀ ਏਜੰਸੀ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਆਪਣੀ ਪੋਸਟ ਵਿੱਚ, ਮਜੀਠੀਆ ਨੇ ਕਿਹਾ ਕਿ ਇੱਕ ਕਥਿਤ ਰਿਸ਼ਵਤਖੋਰੀ ਸੌਦੇ ਦੀ ਜਾਂਚ ਇਸ ਸਮੇਂ ਚੱਲ ਰਹੀ ਹੈ।

ਉਨ੍ਹਾਂ ਅੱਗੇ ਲਿਖਿਆ ਕਿ, ਸੂਤਰਾਂ ਅਨੁਸਾਰ, ਕਥਿਤ ਸੌਦੇ ਵਿੱਚ ਇੱਕ ਪੰਜ-ਸਿਤਾਰਾ ਹੋਟਲ ਸ਼ਾਮਲ ਸੀ। ਇਸ ਮਾਮਲੇ ਸੰਬੰਧੀ ਹੋਰ ਸਨਸਨੀਖੇਜ਼ ਵੇਰਵੇ ਜਲਦੀ ਹੀ ਸਾਂਝੇ ਕੀਤੇ ਜਾਣ ਦੀ ਉਮੀਦ ਹੈ।