Punjab News: ਤਰਕਸ਼ੀਲਾਂ (Rationalists) ਨੇ ਅੰਧਵਿਸ਼ਵਾਸ ਅਤੇ ਸ਼ੋਰ ਪ੍ਰਦੂਸ਼ਣ ਵਿਰੁੱਧ DC ਨੂੰ ਸੌਂਪਿਆ ਮੰਗ ਪੱਤਰ

 

Punjab News: ਤਰਕਸ਼ੀਲਾਂ (Rationalists) ਨੇ ਅੰਧਵਿਸ਼ਵਾਸ ਅਤੇ ਸ਼ੋਰ ਪ੍ਰਦੂਸ਼ਣ ਵਿਰੁੱਧ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਸੌਂਪਿਆ ਮੰਗ ਪੱਤਰ- ਜ਼ਿਲ੍ਹਾ ਮੋਨੀਟਰਿੰਗ ਕਮੇਟੀਆਂ ‘ਚ ਨੁਮਾਇੰਦਗੀ ਦੀ ਮੰਗ

Punjab Network

ਮੋਹਾਲੀ, 13 ਮਈ 2026: ਤਰਕਸ਼ੀਲ (Rationalists) ਸੁਸਾਇਟੀ ਪੰਜਾਬ ਇਕਾਈ ਮੋਹਾਲੀ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਕੇਬਲ ਟੈਲੀਵੀਜ਼ਨ ਨੈੱਟਵਰਕ ਰੂਲਜ਼ 1994 ਅਤੇ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਅਤੇ ਕੰਟਰੋਲ) ਨਿਯਮ 2000 ਅਧੀਨ ਬਣਾਈਆਂ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀਆਂ ਵਿੱਚ ਸੰਸਥਾ ਦੇ ਪ੍ਰਤੀਨਿਧਾਂ ਨੂੰ ਨਾਮਜ਼ਦ ਕਰਨ ਦੀ ਮੰਗ ਕੀਤੀ ਗਈ।

ਸੋਸਾਇਟੀ ਦੇ ਜੱਥੇਬੰਦਕ (Rationalists) ਮੁਖੀ ਸੁਰਜੀਤ ਸਿੰਘ ਨੇ ਕਿਹਾ ਕਿ ਸੰਸਥਾ ਪਿਛਲੇ 42 ਸਾਲਾਂ ਤੋਂ ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐੱਚ) ਅਨੁਸਾਰ ਸਮਾਜ ਵਿੱਚ ਵਿਗਿਆਨਕ ਚੇਤਨਾ ਅਤੇ ਤਰਕਸ਼ੀਲ ਸੋਚ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੰਧਵਿਸ਼ਵਾਸਾਂ, ਪਾਖੰਡ, ਨਸ਼ਿਆਂ, ਦਾਜ-ਦਹੇਜ, ਜਾਤ-ਪਾਤ, ਫਿਰਕਾਪ੍ਰਸਤੀ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।

ਸੋਸਾਇਟੀ ਦੇ ਮੀਡੀਆ ਮੁਖੀ ਡਾ. ਮਜੀਦ ਆਜ਼ਾਦ ਨੇ ਦੋਸ਼ ਲਗਾਇਆ ਕਿ ਕੁਝ ਟੀਵੀ ਚੈਨਲ ਅਤੇ ਬਿਜਲਈ ਮੀਡੀਆ ਅਦਾਰੇ ਅੰਧਵਿਸ਼ਵਾਸੀ ਅਤੇ ਗੈਰ-ਵਿਗਿਆਨਕ ਪ੍ਰੋਗਰਾਮਾਂ ਦਾ ਪ੍ਰਸਾਰਣ ਕਰ ਰਹੇ ਹਨ। ਪਾਖੰਡੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਦੀ ਗੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜੋ ਕਿ ਕਾਨੂੰਨਾਂ ਦੀ ਉਲੰਘਣਾ ਹੈ।

ਮੰਗ ਪੱਤਰ ਵਿੱਚ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਉੱਤੇ ਸਖ਼ਤ ਰੋਕ ਲਗਾਉਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ, ਪਟਾਕਿਆਂ ਅਤੇ ਪ੍ਰੈਸ਼ਰ ਹਾਰਨਾਂ ਰਾਹੀਂ ਪੈਦਾ ਕੀਤੇ ਜਾਂਦੇ ਸ਼ੋਰ ਉੱਤੇ ਪਾਬੰਦੀ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਜਗਤਾਰ ਸਿੰਘ ਅਤੇ ਡਾ. ਮਨਜੀਤ ਕੁਮਾਰ ਵੀ ਮੌਜੂਦ ਸਨ।