Weather Update: ਤੇਜ਼ ਤੂਫ਼ਾਨ ਅਤੇ ਅਸਮਾਨੀ ਬਿਜਲੀ ਦਾ ਕਹਿਰ; ਹੁਣ ਤੱਕ 100 ਲੋਕਾਂ ਦੀ ਮੌਤ
ਤੇਜ਼ ਹਨੇਰੀ-ਤੂਫ਼ਾਨ ਕਾਰਨ ਹਾਹਾਕਾਰ; ਕਈ ਜ਼ਿਲ੍ਹਿਆਂ ‘ਚ ਜਾਨ-ਮਾਲ ਦਾ ਵੱਡਾ ਨੁਕਸਾਨ-ਭਦੋਹੀ ਜ਼ਿਲ੍ਹੇ ‘ਚ ਸਭ ਤੋਂ ਵੱਧ ਮਾਰ; ਮਕਾਨ ਉੱਤੇ ਦਰੱਖਤ ਡਿੱਗਣ ਕਾਰਨ ਮਾਂ ਤੇ ਦੋ ਧੀਆਂ ਦੀ ਮੌਤ
ਬਿਜਲੀ ਦੇ ਖੰਭੇ ਉਖੜਨ ਕਾਰਨ ਕਈ ਇਲਾਕਿਆਂ ‘ਚ ਪਸਰਿਆ ਹਨੇਰਾ; ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ
ਨਵੀਂ ਦਿੱਲੀ, 14 ਮਈ 2026:
Weather Update- ਪੰਜਾਬ ਸਮੇਤ ਉੱਤਰ ਭਾਰਤ ਵਿੱਚ ਇਸ ਵੇਲੇ ਮੌਸਮ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ। ਕਈ ਜਗਾਵਾਂ ‘ਤੇ ਤਾਂ ਭਿਆਨਕ ਗਰਮੀ ਪੈ ਰਹੀ ਹੈ, ਕੁਝ ਜਗਾਵਾਂ ਤੋਂ ਖਬਰਾਂ ਭਾਰੀ ਮੀਂਹ, ਤੇਜ ਤੂਫਾਨ ਅਤੇ ਅਸਮਾਨੀ ਬਿਜਲੀ ਡਿੱਗਣ ਦੀਆਂ ਮਿਲ ਰਹੀਆਂ ਹਨ।
ਤਾਜ਼ਾ ਖਬਰ, ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ, ਜਿੱਥੇ ਬੁੱਧਵਾਰ ਦੇਰ ਸ਼ਾਮ ਕੁਦਰਤ ਨੇ ਅਜਿਹਾ ਕਹਿਰ ਢਾਹਿਆ ਕਿ ਹੱਸਦੇ-ਵੱਸਦੇ ਕਈ ਪਰਿਵਾਰ ਉਜੜ ਗਏ।
ਤੇਜ਼ ਹਨੇਰੀ, ਤੂਫ਼ਾਨ ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁਣ ਤੱਕ 100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਕੁਦਰਤੀ ਆਫ਼ਤ ਨੇ ਜਿੱਥੇ ਇਨਸਾਨੀ ਜਾਨਾਂ ਲਈਆਂ, ਉੱਥੇ ਹੀ ਵੱਡੀ ਗਿਣਤੀ ਵਿੱਚ ਪਸ਼ੂਆਂ ਅਤੇ ਜਾਇਦਾਦ ਦਾ ਵੀ ਨੁਕਸਾਨ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਭਦੋਹੀ ਜ਼ਿਲ੍ਹੇ ਵਿੱਚ ਤੂਫ਼ਾਨ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ। ਇੱਥੇ ਵੱਖ-ਵੱਖ ਹਾਦਸਿਆਂ ਵਿੱਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਭਦੋਹੀ ਦੇ ਸੂਰੀਆਵਾਂ ਥਾਣਾ ਖੇਤਰ ਦੇ ਪਿੰਡ ਖੜਗਸੇਨਪੱਟੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਮਕਾਨ ਉੱਤੇ ਭਾਰੀ ਦਰੱਖਤ ਡਿੱਗਣ ਕਾਰਨ ਇੱਕ ਔਰਤ ਅਤੇ ਉਸਦੀਆਂ ਦੋ ਮਾਸੂਮ ਬੇਟੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 16 ਪਸ਼ੂਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।
ਬੁੱਧਵਾਰ ਸ਼ਾਮ ਕਰੀਬ 5:30 ਵਜੇ ਮੌਸਮ ਨੇ ਅਚਾਨਕ ਕਰਵਟ ਲਈ। ਦੇਖਦੇ ਹੀ ਦੇਖਦੇ ਆਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਤੇਜ਼ ਹਵਾਵਾਂ ਨੇ ਤੂਫ਼ਾਨ ਦਾ ਰੂਪ ਧਾਰਨ ਕਰ ਲਿਆ।
ਤੂਫ਼ਾਨ ਇੰਨਾ ਭਿਆਨਕ ਸੀ ਕਿ ਕਈ ਸਾਲ ਪੁਰਾਣੇ ਦਰੱਖਤ ਜੜ੍ਹੋਂ ਉਖੜ ਗਏ। ਕਈ ਥਾਵਾਂ ‘ਤੇ ਕੱਚੇ ਮਕਾਨਾਂ ਦੀਆਂ ਦੀਵਾਰਾਂ ਅਤੇ ਛੱਤਾਂ ਡਿੱਗਣ ਕਾਰਨ ਲੋਕ ਮਲਬੇ ਹੇਠ ਦੱਬ ਗਏ। ਔਰਾਈ ਥਾਣਾ ਖੇਤਰ ਵਿੱਚ ਵੀ ਦਰੱਖਤਾਂ ਹੇਠ ਆਉਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ।
ਤੇਜ਼ ਹਵਾਵਾਂ ਕਾਰਨ ਬਿਜਲੀ ਦੇ ਸੈਂਕੜੇ ਖੰਭੇ ਅਤੇ ਤਾਰਾਂ ਟੁੱਟ ਗਈਆਂ, ਜਿਸ ਕਾਰਨ ਅੱਧੇ ਤੋਂ ਵੱਧ ਸੂਬੇ ਵਿੱਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਮੁੱਖ ਮੰਤਰੀ ਦਫ਼ਤਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਪੀੜਤਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਤੁਰੰਤ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਕੁਝ ਹੋਰ ਇਲਾਕਿਆਂ ਵਿੱਚ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਹੈ।






