Crime News! ਵੱਡੀ ਖ਼ਬਰ: ਕੈਬਨਿਟ ਮੰਤਰੀ ਦਾ ਬੇਟਾ ਗ੍ਰਿਫਤਾਰ, 17 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼

 

Crime News! ਵੱਡੀ ਖ਼ਬਰ: ਕੈਬਨਿਟ ਮੰਤਰੀ ਦਾ ਬੇਟਾ ਗ੍ਰਿਫਤਾਰ; 17 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦਾ ਦੋਸ਼

17 ਸਾਲ ਦੀ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਆਰੋਪ ਹੇਠ ਸਾਈਬਰਾਬਾਦ ਪੁਲਿਸ ਦੀ ਵੱਡੀ ਕਾਰਵਾਈ

ਦੇਸ਼ ਛੱਡ ਕੇ ਭੱਜਣ ਤੋਂ ਰੋਕਣ ਲਈ ਪੁਲਿਸ ਨੇ ਜਾਰੀ ਕੀਤਾ ਸੀ ‘ਲੁੱਕਆਊਟ ਸਰਕੂਲਰ’ (LOC)

ਮੰਤਰੀ ਬੰਦੀ ਸੰਜੇ ਨੇ ਕਿਹਾ- “ਮੈਂ ਖੁਦ ਪੁੱਤਰ ਨੂੰ ਪੁਲਿਸ ਹਵਾਲੇ ਕੀਤਾ”, ਕਮਿਸ਼ਨਰ ਬੋਲੇ- “ਅਸੀਂ ਬਾਹਰੀ ਇਲਾਕੇ ਤੋਂ ਦਬੋਚਿਆ”

Crime News! ਹੈਦਰਾਬਾਦ, 17 ਮਈ 2026: ਤੇਲੰਗਾਨਾ ਦੀ ਸਾਈਬਰਾਬਾਦ ਪੁਲਿਸ ਨੇ ਇੱਕ ਹਾਈ-ਪ੍ਰੋਫਾਈਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਦੇ ਪੁੱਤਰ ਬੰਦੀ ਭਾਗੀਰਥ ਸਾਈ ਨੂੰ ਪੋਕਸੋ (POCSO) ਐਕਟ ਤਹਿਤ ਹਿਰਾਸਤ ਵਿੱਚ ਲਿਆ ਹੈ।

ਇਸ ਹਾਈ-ਪ੍ਰੋਫਾਈਲ ਗ੍ਰਿਫ਼ਤਾਰੀ ਤੋਂ ਬਾਅਦ ਕੇਂਦਰੀ ਮੰਤਰੀ ਦੇ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਬਿਆਨਾਂ ਵਿੱਚ ਵੱਡਾ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ, ਬੰਦੀ ਭਾਗੀਰਥ ਦੇ ਖਿਲਾਫ ਹੈਦਰਾਬਾਦ ਦੇ ਪੇਟਬਸ਼ੀਰਾਬਾਦ ਥਾਣੇ ਵਿੱਚ 17 ਸਾਲ ਦੀ ਇੱਕ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਆਰੋਪ ਹੇਠ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਸ਼ਨੀਵਾਰ ਸਵੇਰੇ ਹੀ ਮੁਲਜ਼ਮ ਦੇ ਖਿਲਾਫ ਦੇਸ਼ ਛੱਡ ਕੇ ਭੱਜਣ ਦੇ ਖ਼ਦਸ਼ੇ ਕਾਰਨ ‘ਲੁੱਕਆਊਟ ਸਰਕੂਲਰ’ (LOC) ਜਾਰੀ ਕਰ ਦਿੱਤਾ ਸੀ।

ਮੁਲਜ਼ਮ ਦੀ ਭਾਲ ਲਈ ਪੁਲਿਸ ਦੀਆਂ 4 ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਕੇਂਦਰੀ ਮੰਤਰੀ ਦੇ ਕਈ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਵੀ ਕੀਤੀ।

ਇਸ ਪੂਰੀ ਕਾਰਵਾਈ ਨੂੰ ਲੈ ਕੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਚਰਚਾ ਗਰਮ ਹੈ। ਇੱਕ ਪਾਸੇ ਜਿੱਥੇ ਕੇਂਦਰੀ ਰਾਜ ਮੰਤਰੀ ਬੰਦੀ ਸੰਜੇ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕਾਨੂੰਨ ਦਾ ਸਨਮਾਨ ਕਰਦੇ ਹੋਏ ਖੁਦ ਆਪਣੇ ਪੁੱਤਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਪੁਲਿਸ ਦੇ ਹਵਾਲੇ (ਸਰੈਂਡਰ) ਕੀਤਾ ਹੈ।

ਦੂਜੇ ਪਾਸੇ, ਪੁਲਿਸ ਨੇ ਮੰਤਰੀ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਸਾਈਬਰਾਬਾਦ ਦੇ ਪੁਲਿਸ ਕਮਿਸ਼ਨਰ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਆਤਮਸਮਰਪਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਸਾਫ਼ ਕਿਹਾ, “ਇਹ ਕੋਈ ਆਤਮਸਮਰਪਣ ਨਹੀਂ ਹੈ।

ਸਾਡੀ ਵਿਸ਼ੇਸ਼ ਟੀਮ ਨੇ ਮੁਲਜ਼ਮ ਬੰਦੀ ਭਾਗੀਰਥ ਨੂੰ ਹੈਦਰਾਬਾਦ ਦੇ ਬਾਹਰੀ ਇਲਾਕੇ ਤੋਂ ਘੇਰਾਬੰਦੀ ਕਰਕੇ ਗ੍ਰਿਫ਼ਤਾਰ ਕੀਤਾ ਹੈ ਅਤੇ ਅਗਲੇਰੀ ਕਾਨੂੰਨੀ ਪ੍ਰਕਿਰਿਆ ਲਈ ਉਸ ਨੂੰ ਥਾਣੇ ਲਿਆਂਦਾ ਗਿਆ ਹੈ।”

ਪੁਲਿਸ ਮੁਤਾਬਕ ਮਾਮਲੇ ਦੀ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।