BREAKING: ਕੀ MLA ਜੌੜਾਮਾਜਰਾ ਛੱਡਣਗੇ AAP? ਪਾਰਟੀ ਬਦਲਣ ਦੀਆਂ ਅਟਕਲਾਂ ‘ਤੇ ਸਾਬਕਾ ਮੰਤਰੀ ਨੇ ਤੋੜੀ ਚੁੱਪ

 

BREAKING: ਕੀ ਚੇਤਨ ਸਿੰਘ ਜੌੜਾਮਾਜਰਾ ਛੱਡਣਗੇ AAP? ਪਾਰਟੀ ਬਦਲਣ ਦੀਆਂ ਅਟਕਲਾਂ ‘ਤੇ ਸਾਬਕਾ ਮੰਤਰੀ ਨੇ ਤੋੜੀ ਚੁੱਪ

ਪਾਰਟੀ ਛੱਡਣ ਦੀਆਂ ਖ਼ਬਰਾਂ ਨੂੰ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਸਿਰਫ਼ ਅਫ਼ਵਾਹ

“ਮੈਂ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ ਅਤੇ ਹਮੇਸ਼ਾਂ ਵਫ਼ਾਦਾਰ ਰਹਾਂਗਾ” – ਜੌੜਾਮਾਜਰਾ

ਸਾਬਕਾ ਮੰਤਰੀ ਨੇ ਵਿਰੋਧੀਆਂ ਅਤੇ ਸ਼ਰਾਰਤੀ ਅੰਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ

ਚੰਡੀਗੜ੍ਹ/ਪਟਿਆਲਾ, 17 May 2026-

ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ (AAP) ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਪਾਰਟੀ ਛੱਡਣ ਅਤੇ ਕਿਸੇ ਦੂਜੇ ਸਿਆਸੀ ਦਲ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਤੇਜ਼ੀ ਨਾਲ ਚੱਲ ਰਹੀਆਂ ਸਨ।

ਇਨ੍ਹਾਂ ਸਿਆਸੀ ਚਰਚਾਵਾਂ ਅਤੇ ਅਫ਼ਵਾਹਾਂ ‘ਤੇ ਹੁਣ ਖੁਦ ਚੇਤਨ ਸਿੰਘ ਜੌੜਾਮਾਜਰਾ ਨੇ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਪਾਰਟੀ ਛੱਡਣ ਦੀਆਂ ਸਾਰੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਆਪਣੀ ਸਿਆਸੀ ਸਥਿਤੀ ਸਪੱਸ਼ਟ ਕਰਦਿਆਂ ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ, “ਮੈਂ, ਚੇਤਨ ਸਿੰਘ ਜੌੜਾਮਾਜਰਾ, ਅੱਜ ਵੀ ਆਮ ਆਦਮੀ ਪਾਰਟੀ (AAP) ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਹਾਂ। ਮੈਂ ਅਤੀਤ ਵਿੱਚ ਵੀ ਪਾਰਟੀ ਲਈ ਕੰਮ ਕੀਤਾ ਹੈ ਅਤੇ ਭਵਿੱਖ ਵਿੱਚ ਹਮੇਸ਼ਾਂ ਪਾਰਟੀ ਦਾ ਇੱਕ ਵਫ਼ਾਦਾਰ ਸਿਪਾਹੀ ਬਣ ਕੇ ਰਹਾਂਗਾ।”

ਜੌੜਾਮਾਜਰਾ ਨੇ ਅਫ਼ਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ

ਸੋਸ਼ਲ ਮੀਡੀਆ ਅਤੇ ਸਿਆਸੀ ਗਲਿਆਰਿਆਂ ਵਿੱਚ ਚੱਲ ਰਹੀਆਂ ਖ਼ਬਰਾਂ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਨਿੱਜੀ ਹਿੱਤਾਂ ਜਾਂ ਸਿਆਸੀ ਲਾਹੇ ਲਈ ਜਾਣਬੁੱਝ ਕੇ ਗ਼ਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਜਨਤਾ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਬੇਬੁਨਿਆਦ ਗੱਲਾਂ ਤੋਂ ਸਾਵਧਾਨ ਰਹਿਣ।

ਜੌੜਾਮਾਜਰਾ ਨੇ ਅੱਗੇ ਕਿਹਾ, “ਮੇਰਾ ਵਿਸ਼ਵਾਸ ਸਿਰਫ਼ ਤੇ ਸਿਰਫ਼ ਲੋਕਾਂ ਦੀ ਨਿਰਪੱਖ ਸੇਵਾ ਕਰਨ ਅਤੇ ਪਾਰਟੀ ਦੀ ਲੋਕ-ਪੱਖੀ ਸੋਚ ਨੂੰ ਅੱਗੇ ਵਧਾਉਣ ਵਿੱਚ ਹੈ। ਹਲਕੇ ਦੇ ਲੋਕਾਂ ਵੱਲੋਂ ਮਿਲ ਰਿਹਾ ਪਿਆਰ, ਵਿਸ਼ਵਾਸ ਅਤੇ ਸਹਿਯੋਗ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।”

ਦੱਸਣਯੋਗ ਹੈ ਕਿ ਚੇਤਨ ਸਿੰਘ ਜੌੜਾਮਾਜਰਾ ਦੇ ਇਸ ਸਪੱਸ਼ਟ ਬਿਆਨ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਵਿਰੋਧੀਆਂ ਦੇ ਦਾਅਵਿਆਂ ਨੂੰ ਝਟਕਾ ਲੱਗਾ ਹੈ, ਉੱਥੇ ਹੀ ‘ਆਪ’ ਖੇਮੇ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ।