ਵੱਡੀ ਖ਼ਬਰ: ਪੰਜਾਬ ਹਰਿਆਣਾ High Court ਦੇ ਸੀਨੀਅਰ ਐਡਵੋਕੇਟ ਗਗਨਦੀਪ ਜੰਮੂ ‘ਤੇ ਜਾਨਲੇਵਾ ਹਮਲਾ!
ਗੋਲੀਆਂ ਚੱਲਣ ਦੇ ਬਾਵਜੂਦ ਵਾਲ-ਵਾਲ ਬਚੇ ਐਡਵੋਕੇਟ ਗਗਨਦੀਪ ਜੰਮੂ, ਪੂਰੀ ਤਰ੍ਹਾਂ ਸੁਰੱਖਿਅਤ
“ਇਹ ਹਮਲਾ ਸਿਰਫ਼ ਇੱਕ ਵਕੀਲ ‘ਤੇ ਨਹੀਂ, ਬਲਕਿ ਪੂਰੇ ਕਾਨੂੰਨੀ ਭਾਈਚਾਰੇ ਦੀ ਆਜ਼ਾਦੀ ‘ਤੇ ਹੈ” – ਪਰਮਪ੍ਰੀਤ ਸਿੰਘ ਬਾਜਵਾ
ਬਾਰ ਐਸੋਸੀਏਸ਼ਨ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸੁਰੱਖਿਆ ਦੀ ਕੀਤੀ ਮੰਗ
ਚੰਡੀਗੜ੍ਹ, 19 ਮਈ 2026– ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ (PHHCBA) ਦੇ ਸਾਬਕਾ ਆਨਰੇਰੀ ਸਕੱਤਰ ਗਗਨਦੀਪ ਜੰਮੂ ‘ਤੇ ਬੀਤੇ ਦਿਨੀਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਦੇ ਇਰਾਦੇ ਨਾਲ ਇੱਕ ਕਾਇਰਤਾਪੂਰਨ ਅਤੇ ਘਿਨਾਉਣਾ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਮਲਾਵਰਾਂ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ, ਪਰ ਸ਼ੁਕਰ ਰਿਹਾ ਕਿ ਇਸ ਗੋਲੀਬਾਰੀ ਵਿੱਚ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਪੂਰੇ ਵਕੀਲ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੌਜੂਦਾ ਆਨਰੇਰੀ ਸਕੱਤਰ ਪਰਮਪ੍ਰੀਤ ਸਿੰਘ ਬਾਜਵਾ (ਹੈਰੀ) ਐਡਵੋਕੇਟ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਬਾਰ ਐਸੋਸੀਏਸ਼ਨ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਅਪਰਾਧਿਕ ਕੰਮ ਨਾ ਸਿਰਫ਼ ਇੱਕ ਵਿਅਕਤੀਗਤ ਵਕੀਲ ‘ਤੇ ਹਮਲਾ ਹਨ, ਬਲਕਿ ਇਹ ਸਮੁੱਚੇ ਕਾਨੂੰਨੀ ਭਾਈਚਾਰੇ ਦੀ ਇੱਜ਼ਤ, ਆਜ਼ਾਦੀ ਅਤੇ ਨਿਡਰ ਹੋ ਕੇ ਕੰਮ ਕਰਨ ਦੇ ਅਧਿਕਾਰ ‘ਤੇ ਇੱਕ ਸਿੱਧਾ ਹਮਲਾ ਹੈ।
ਬਾਰ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਇਸ ਮੁਸ਼ਕਲ ਘੜੀ ਵਿੱਚ ਪੂਰੀ ਬਾਰ ਮਜ਼ਬੂਤੀ ਨਾਲ ਗਗਨਦੀਪ ਜੰਮੂ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਇੱਕਜੁੱਟ ਹੋ ਕੇ ਖੜ੍ਹੀ ਹੈ।
PHHCBA ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇ।
ਇਸ ਦੇ ਨਾਲ ਹੀ ਬਾਰ ਨੇ ਮੰਗ ਕੀਤੀ ਹੈ ਕਿ ਵਕੀਲਾਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਤਾਂ ਜੋ ਬਾਰ ਦੇ ਸਾਰੇ ਮੈਂਬਰ ਬਿਨਾਂ ਕਿਸੇ ਡਰ, ਭੈਅ ਜਾਂ ਖ਼ਤਰੇ ਦੇ ਆਪਣੇ ਪੇਸ਼ੇਵਰ ਫਰਜ਼ ਨਿਭਾ ਸਕਣ।
ਬਾਰ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹਿੰਸਾ ਅਤੇ ਕਾਨੂੰਨਹੀਣਤਾ ਦੇ ਅਜਿਹੇ ਕੰਮਾਂ ਵਿਰੁੱਧ ਪੂਰਾ ਬਾਰ ਭਾਈਚਾਰਾ ਇੱਕਜੁੱਟ ਹੈ ਅਤੇ ਇਨਸਾਫ਼ ਮਿਲਣ ਤੱਕ ਚੁੱਪ ਨਹੀਂ ਬੈਠੇਗਾ।






