Join WhatsApp

Join Now

ਅਮਿਤ ਸ਼ਾਹ ਦੇ ਪੰਜਾਬ ਦੌਰੇ ‘ਤੇ CM ਮਾਨ ਦਾ ਵੱਡਾ ਹਮਲਾ; “ਪੰਜਾਬ ਦੀ ਧਰਤੀ ‘ਤੇ ਆ ਕੇ ਘਟੀਆ ਸਿਆਸਤ ਕਰ ਰਹੇ ਨੇ ਗ੍ਰਹਿ ਮੰਤਰੀ”

On: October 20, 2026 5:10 PM

 

ਅਮਿਤ ਸ਼ਾਹ ਦੇ ਪੰਜਾਬ ਦੌਰੇ ‘ਤੇ CM ਮਾਨ ਦਾ ਵੱਡਾ ਹਮਲਾ; “ਪੰਜਾਬ ਦੀ ਧਰਤੀ ‘ਤੇ ਆ ਕੇ ਘਟੀਆ ਸਿਆਸਤ ਕਰ ਰਹੇ ਨੇ ਗ੍ਰਹਿ ਮੰਤਰੀ”

ਭਗਵੰਤ ਮਾਨ ਨੇ ਕਿਹਾ- ਅਡਾਨੀ ਦੀਆਂ ਬੰਦਰਗਾਹਾਂ ਤੋਂ ਆ ਰਹੀਆਂ ਨੇ ਨਸ਼ੇ ਦੀਆਂ ਵੱਡੀਆਂ ਖੇਪਾਂ, ਭਾਜਪਾ ਚੁੱਪ ਕਿਉਂ?

“ਅਕਾਲੀ-ਭਾਜਪਾ ਸਰਕਾਰ ਵੇਲੇ ਹੀ ਪੰਜਾਬ ਵਿੱਚ ਫੈਲਿਆ ਨਸ਼ਾ”: CM ਨੇ ਕੇਂਦਰ ਸਰਕਾਰ ਨੂੰ ਘੇਰਿਆ- “ਕਿਸਾਨਾਂ ਅਤੇ ਪੰਜਾਬ ਦੇ ਹੱਕਾਂ ਵੇਲੇ ਕਿੱਥੇ ਜਾਂਦੀ ਹੈ ਚਿੰਤਾ?”: ਅਮਿਤ ਸ਼ਾਹ ਨੂੰ ਮੁੱਖ ਮੰਤਰੀ ਮਾਨ ਦੇ ਤਿੱਖੇ ਸਵਾਲ

ਚੰਡੀਗੜ੍ਹ 20 ਅਕਤੂਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਨੂੰ ਲੈ ਕੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਬਹੁਤ ਹੀ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਮਿਤ ਸ਼ਾਹ ਪੰਜਾਬ ਆਏ ਹਨ ਅਤੇ ਲਾਸ਼ਾਂ ਉੱਤੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਹਨ ਪਰ ਕੇਂਦਰ ਸਰਕਾਰ ਨੇ ਕਦੇ ਵੀ ਇਨ੍ਹਾਂ ਵੱਲ ਗੰਭੀਰ ਧਿਆਨ ਨਹੀਂ ਦਿੱਤਾ। ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਕਿ ਜਿਨ੍ਹਾਂ ਰਾਜਾਂ ਤੋਂ ਸਭ ਤੋਂ ਵੱਧ ਨਸ਼ਾ ਆ ਰਿਹਾ ਹੈ, ਉੱਥੇ ਭਾਜਪਾ ਦੀ ਹੀ ਸਰਕਾਰ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ 2007 ਤੋਂ 2017 ਤੱਕ ਅਕਾਲੀ ਦਲ ਨਾਲ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਸੀ, ਉਸ ਸਮੇਂ ਪੰਜਾਬ ਵਿੱਚ ਕੁਇੰਟਲਾਂ ਦੇ ਹਿਸਾਬ ਨਾਲ ਡਰੱਗਜ਼ (ਨਸ਼ਾ) ਆਈ ਸੀ, ਉਦੋਂ ਉਨ੍ਹਾਂ ਨੂੰ ਪੰਜਾਬ ਨੂੰ ਬਚਾਉਣ ਦੀ ਚਿੰਤਾ ਕਿਉਂ ਨਹੀਂ ਹੋਈ? ਉਨ੍ਹਾਂ ਪੁੱਛਿਆ ਕਿ ਉਦੋਂ ਅਕਾਲੀ ਨੇਤਾਵਾਂ ਖ਼ਾਸ ਕਰਕੇ ਮਜੀਠੀਆ ਵਿਰੁੱਧ ਸੀ.ਬੀ.ਆਈ. (CBI) ਜਾਂਚ ਦੀ ਮੰਗ ਉੱਤੇ ਕੇਂਦਰ ਨੇ ਕਾਰਵਾਈ ਕਿਉਂ ਨਹੀਂ ਕੀਤੀ? ਕਿਉਂਕਿ ਉਦੋਂ ਉਹ ਆਪਸ ਵਿੱਚ ਭਾਈਵਾਲ ਸਨ। ਸਾਲ 2014 ਵਿੱਚ ਕੇਂਦਰ ਵਿੱਚ ਸਰਕਾਰ ਬਣਨ ਤੋਂ ਬਾਅਦ ਵੀ ਨਸ਼ਾ ਉਸੇ ਤਰ੍ਹਾਂ ਚੱਲਦਾ ਰਿਹਾ ਅਤੇ ਵੱਡੇ-ਵੱਡੇ ਡਰੱਗ ਤਸਕਰਾਂ ਦੀ ਤਾਰ ਮੰਤਰੀਆਂ ਨਾਲ ਜੁੜੀ ਹੋਈ ਸੀ, ਪਰ ਉਦੋਂ ਕੋਈ ਸਖ਼ਤ ਕਦਮ ਕਿਉਂ ਨਹੀਂ ਚੁੱਕਿਆ ਗਿਆ?

ਸੀ.ਐੱਮ. ਮਾਨ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਡੇਢ ਸਾਲ ਦਿੱਲੀ ਦੀਆਂ ਬਾਰਡਰਾਂ ‘ਤੇ ਕਿਸਾਨਾਂ ਦਾ ਧਰਨਾ ਚੱਲਿਆ ਅਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋਏ, ਉਸ ਸਮੇਂ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਪੰਜਾਬ ਸਰਕਾਰ ਨੇ ਆਪਣੇ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਪੰਜਾਬ ਆਉਂਦੇ ਹਨ, ਤਾਂ ਉਨ੍ਹਾਂ ਨੂੰ ਉਦੋਂ ਪੰਜਾਬ ਦੇ ਕਿਸਾਨਾਂ ਅਤੇ ਪੀੜਤ ਪਰਿਵਾਰਾਂ ਦੀ ਯਾਦ ਕਿਉਂ ਨਹੀਂ ਆਉਂਦੀ? ਸਿਰਫ਼ ਚੋਣਾਂ ਵੇਲੇ ਹੀ ਪੰਜਾਬ ਦੀ ਯਾਦ ਕਿਉਂ ਆਉਂਦੀ ਹੈ?

ਮੁੱਖ ਮੰਤਰੀ ਨੇ ਗੁਜਰਾਤ ਦੀ ਕਾਂਡਲਾ ਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੋਂ ਅਡਾਨੀ ਦੇ ਪੋਰਟ ਤੋਂ ਹਜ਼ਾਰਾਂ ਕਿਲੋਗ੍ਰਾਮ ਨਸ਼ੇ ਦੀਆਂ ਖੇਪਾਂ ਫੜੀਆਂ ਜਾਂਦੀਆਂ ਹਨ, ਪਰ ਗੁਜਰਾਤ ਪੁਲਿਸ ਜਾਂ ਕੇਂਦਰ ਸਰਕਾਰ ਇਸ ਨੂੰ ਉੱਥੋਂ ਕਿਉਂ ਨਹੀਂ ਰੋਕ ਪਾਉਂਦੀ? ਬੀ.ਐੱਸ.ਐੱਫ. (BSF) ਦੀ ਰੇਂਜ ਬਾਰਡਰ ਤੋਂ 50 ਕਿਲੋਮੀਟਰ ਅੰਦਰ ਤੱਕ ਹੈ ਅਤੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲੇ ਨਸ਼ੇ ਨੂੰ ਰੋਕਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਉਨ੍ਹਾਂ ਮੁੰਬਈ ਵਿੱਚ ਅਦਾਕਾਰ ‘ਤੇ ਹੋਈ ਫਾਇਰਿੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁਲਜ਼ਮ ਕੋਟਾ (ਰਾਜਸਥਾਨ) ਤੋਂ ਫੜੇ ਗਏ ਹਨ ਅਤੇ ਉਨ੍ਹਾਂ ਦੇ ਤਾਰ ਹਰਿਆਣਾ ਨਾਲ ਜੁੜੇ ਹੋਏ ਹਨ। ਰਾਜਸਥਾਨ ਅਤੇ ਹਰਿਆਣਾ ਦੋਵਾਂ ਥਾਵਾਂ ‘ਤੇ ਭਾਜਪਾ ਦੀ ਸਰਕਾਰ ਹੈ, ਫਿਰ ਵੀ ਕੇਂਦਰ ਸਰਕਾਰ ਪੰਜਾਬ ਵਿੱਚ ਆ ਕੇ ਲਾਅ ਐਂਡ ਆਰਡਰ (Law and Order) ਦੀਆਂ ਗੱਲਾਂ ਕਰਦੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀਆਂ ਨਰਸਰੀਆਂ ਬਣ ਚੁੱਕੇ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ ਅਤੇ ਸਾਬਰਮਤੀ ਤੇ ਤਿਹਾੜ ਵਰਗੀਆਂ ਵੱਡੀਆਂ ਜੇਲਾਂ ਕੇਂਦਰ ਜਾਂ ਭਾਜਪਾ ਸ਼ਾਸਿਤ ਰਾਜਾਂ ਦੇ ਅੰਦਰ ਆਉਂਦੀਆਂ ਹਨ, ਜਿੱਥੋਂ ਗੈਂਗਸਟਰ ਬੈਠ ਕੇ ਅਪਰਾਧ ਚਲਾਉਂਦੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਜਦੋਂ ਚੰਡੀਗੜ੍ਹ ਵਿੱਚ ਪੰਜਾਬ ਦੇ ਹੱਕ ਖੋਹੇ ਜਾਂਦੇ ਹਨ, ਯੂਨੀਵਰਸਿਟੀ ਦੇ ਸਿੰਡੀਕੇਟ ਵਿੱਚ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਰਾਜਸਥਾਨ ਤੇ ਹਰਿਆਣਾ ਨੂੰ ਪਾਣੀ ਦੇਣ ਦੀਆਂ ਗੱਲਾਂ ਹੁੰਦੀਆਂ ਹਨ ਅਤੇ ਬੀ.ਬੀ.ਐੱਮ.ਬੀ. (BBMB) ਵਿੱਚ ਪੰਜਾਬ ਦੀ ਮੈਂਬਰਸ਼ਿਪ ਘਟਾਈ ਜਾਂਦੀ ਹੈ, ਉਦੋਂ ਕੇਂਦਰ ਸਰਕਾਰ ਨੂੰ ਕਦੇ ਪੰਜਾਬ ਦੀ ਚਿੰਤਾ ਨਹੀਂ ਹੁੰਦੀ। ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ, ਤਾਂ ਅਚਾਨਕ ਪੰਜਾਬ ਪ੍ਰਤੀ ਹਮਦਰਦੀ ਜਾਗ ਪਈ ਹੈ।

ਸੀ.ਐੱਮ. ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਹਜ਼ਾਰਾਂ ਤਸਕਰ ਫੜੇ ਗਏ ਹਨ, ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਘਰ ਢਾਏ ਗਏ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਅਸਲ ਵਿੱਚ ਨਸ਼ਾ ਖ਼ਤਮ ਕਰਨਾ ਹੈ ਤਾਂ ਐੱਨ.ਡੀ.ਪੀ.ਐੱਸ. (NDPS) ਕਾਨੂੰਨ ਵਿੱਚ ਸੋਧ ਕਰਕੇ ਇਸ ਨੂੰ ਹੋਰ ਸਖ਼ਤ ਬਣਾਇਆ ਜਾਵੇ, ਤਾਂ ਜੋ ਪਿੰਡਾਂ ਵਿੱਚੋਂ ਫੜੇ ਗਏ ਤਸਕਰ ਤੁਰੰਤ ਜ਼ਮਾਨਤ ‘ਤੇ ਬਾਹਰ ਨਾ ਆ ਸਕਣ। ਅੰਤ ਵਿੱਚ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਲਾਹ ਦਿੱਤੀ ਕਿ ਪੰਜਾਬ ਆ ਕੇ ਘਟੀਆ ਅਤੇ ਭੜਕਾਊ ਰਾਜਨੀਤੀ ਕਰਨ ਦੀ ਬਜਾਏ ਲੋਕਾਂ ਦੇ ਦੁੱਖ ਵੰਡਾਏ ਜਾਣ ਅਤੇ ਦੇਸ਼ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਆਪਣੀ ਅਸਲ ਜ਼ਿੰਮੇਵਾਰੀ ਨਿਭਾਈ ਜਾਵੇ।

 

Leave a Comment