Join WhatsApp

Join Now

“ਜ਼ਿੰਦਗੀ ‘ਚ ਕਦੇ ਨਹੀਂ ਭੁੱਲੇਗੀ ਇਹ ਵਿਜੇਦਸ਼ਮੀ”- ਪੰਜਾਬ ‘ਚ ਨਸ਼ਾ ਪੀੜਤ ਪਰਿਵਾਰਾਂ ਨੂੰ ਮਿਲ ਕੇ ਭਾਵੁਕ ਹੋਏ ਅਮਿਤ ਸ਼ਾਹ

On: October 20, 2026 7:52 PM

 

“ਜ਼ਿੰਦਗੀ ‘ਚ ਕਦੇ ਨਹੀਂ ਭੁੱਲੇਗੀ ਇਹ ਵਿਜੇਦਸ਼ਮੀ”- ਪੰਜਾਬ ‘ਚ ਨਸ਼ਾ ਪੀੜਤ ਪਰਿਵਾਰਾਂ ਨੂੰ ਮਿਲ ਕੇ ਭਾਵੁਕ ਹੋਏ ਅਮਿਤ ਸ਼ਾਹ

ਅਮਿਤ ਸ਼ਾਹ ਦਾ ਆਪ ਸਰਕਾਰ ‘ਤੇ ਵੱਡਾ ਹਮਲਾ: “3 ਮਹੀਨਿਆਂ ‘ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਮੁਕਰੇ, 5 ਸਾਲਾਂ ‘ਚ ਹਾਲਾਤ ਹੋਰ ਵਿਗੜੇ”

ਨਸ਼ੇ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੀਆਂ ਹੱਤਿਆਵਾਂ ‘ਤੇ ਬੋਲੇ ਅਮਿਤ ਸ਼ਾਹ: ‘AAP ਸਰਕਾਰ ਦੇ ਕਰਤਾ-ਧਰਤਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ’

ਗੁਰਦਾਸਪੁਰ, ਸੰਗਰੂਰ ਤੇ ਮਾਨਸਾ ਦੇ ਨਸ਼ਾ ਪੀੜਤ ਪਰਿਵਾਰਾਂ ਨਾਲ ਅਮਿਤ ਸ਼ਾਹ ਦੀ ਮੁਲਾਕਾਤ, ਦਿੱਲੀ ਦੀਆਂ ਕਾਗਜ਼ੀ ਰਿਪੋਰਟਾਂ ਨਾਲੋਂ ਖ਼ੌਫ਼ਨਾਕ ਦੱਸੇ ਪੰਜਾਬ ਦੇ ਹਾਲਾਤ

ਲੁਧਿਆਣਾ / ਚੰਡੀਗੜ੍ਹ 20 ਅਕਤੂਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੰਜਾਬ ਦੇ ਲੁਧਿਆਣਾ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਦੀ ਆਮ ਆਦਮੀ ਪਾਰਟੀ (AAP) ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਵਿਜੇਦਸ਼ਮੀ ਦੇ ਪਵਿੱਤਰ ਤਿਉਹਾਰ ਮੌਕੇ ਪੰਜਾਬ ਪਹੁੰਚੇ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਅਤੇ ਅੱਜ ਦੀ ਵਿਜੇਦਸ਼ਮੀ ਉਹ ਆਪਣੇ ਪੂਰੇ ਜੀਵਨ ਵਿੱਚ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੀ ਬਲੀ ਚੜ੍ਹੇ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਅੰਦਰਲੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਲੁਧਿਆਣਾ ਪਹੁੰਚਣ ਤੋਂ ਪਹਿਲਾਂ ਉਹ ਪੰਜਾਬ ਦੇ ਤਿੰਨ ਪ੍ਰਮੁੱਖ ਜ਼ਿਲ੍ਹਿਆਂ ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਦਾ ਦੌਰਾ ਕਰਕੇ ਆਏ ਹਨ। ਇਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਨੇ ਉਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਕਮਾਊ ਪੁੱਤ ਜਾਂ ਮੁਖੀ ਨਸ਼ੇ ਦੀ ਲਪੇਟ ਜਾਂ ਇਸ ਦੇ ਵਪਾਰੀਆਂ ਦੀ ਬਲੀ ਚੜ੍ਹ ਗਏ ਹਨ।

ਗ੍ਰਹਿ ਮੰਤਰੀ ਨੇ ਦੱਸਿਆ, “ਗੁਰਦਾਸਪੁਰ ਵਿੱਚ 40 ਸਾਲਾ ਵਿਕਰਮਜੀਤ ਸਿੰਘ, ਸੰਗਰੂਰ ਵਿੱਚ ਗੁਲਜ਼ਾਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਵਿੱਚ ਪਰਵਿੰਦਰ ਸਿੰਘ ਝੋਟਾ ਇਹ ਤਿੰਨੋਂ ਅਜਿਹੇ ਵਿਅਕਤੀ ਸਨ ਜੋ ਆਪਣੇ ਇਲਾਕਿਆਂ ਵਿੱਚ ਨਸ਼ੇ (ਚਿੱਟੇ) ਦੇ ਖ਼ਿਲਾਫ਼ ਮਜ਼ਬੂਤੀ ਨਾਲ ਲੜਾਈ ਲੜ ਰਹੇ ਸਨ। ਨਸ਼ੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਕਰਕੇ ਜਾਂ ਤਾਂ ਇਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਜਾਂ ਫਿਰ ਇਨ੍ਹਾਂ ਨੂੰ ਅਜਿਹੇ ਹਾਲਾਤਾਂ ਵਿੱਚ ਧੱਕ ਦਿੱਤਾ ਗਿਆ ਕਿ ਇਨ੍ਹਾਂ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ।”

ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਅਮਿਤ ਸ਼ਾਹ ਨੇ ਕਿਹਾ, “ਮੈਂ ਪਿਛਲੇ 30 ਸਾਲਾਂ ਤੋਂ ਵਿਧਾਨ ਸਭਾ ਅਤੇ ਲੋਕ ਸਭਾ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ। ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਰਹਿੰਦਿਆਂ ਅਤੇ ਹੁਣ ਦੇਸ਼ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੈਂ ਦੇਸ਼ ਭਰ ਵਿੱਚ ਕਈ ਦੁਖਦਾਈ ਹਾਦਸਿਆਂ ਅਤੇ ਘਟਨਾਵਾਂ ਦੇ ਪੀੜਤ ਪਰਿਵਾਰਾਂ ਨੂੰ ਮਿਲਿਆ ਹਾਂ। ਪਰ ਮੈਂ ਅੱਜ ਦੇਸ਼ ਦੀ ਜਨਤਾ ਅਤੇ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਪੂਰੇ ਜੀਵਨ ਵਿੱਚ ਕਦੇ ਵੀ ਆਪਣੇ ਆਪ ਨੂੰ ਇੰਨਾ ਦੁਖੀ ਅਤੇ ਮਾਇਊਸ ਨਹੀਂ ਪਾਇਆ ਜਿੰਨਾ ਅੱਜ ਇਨ੍ਹਾਂ ਪਰਿਵਾਰਾਂ ਨੂੰ ਮਿਲ ਕੇ ਹੋਇਆ ਹਾਂ।”

ਅਮਿਤ ਸ਼ਾਹ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੇ ਨਾਲ-ਨਾਲ ਆਸ-ਪਾਸ ਦੇ ਉਹ ਲੋਕ ਵੀ ਉੱਥੇ ਇਕੱਠੇ ਹੋਏ ਸਨ ਜੋ ਚਿੱਟੇ ਦੇ ਕਾਰੋਬਾਰ ਤੋਂ ਬੁਰੀ ਤਰ੍ਹਾਂ ਤੰਗ-ਪ੍ਰੇਸ਼ਾਨ ਹਨ। ਲੋਕਾਂ ਨੇ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਦੀ ਜੋ ਅਸਲ ਤਸਵੀਰ ਬਿਆਨ ਕੀਤੀ ਹੈ, ਉਹ ਦਿੱਲੀ ਵਿੱਚ ਬੈਠ ਕੇ ਪੜ੍ਹੀਆਂ ਜਾਣ ਵਾਲੀਆਂ ਸਰਕਾਰੀ ਅਤੇ ਕਾਗਜ਼ੀ ਰਿਪੋਰਟਾਂ ਨਾਲੋਂ ਕਈ ਗੁਣਾ ਜ਼ਿਆਦਾ ਹਿਲਾ ਕੇ ਰੱਖ ਦੇਣ ਵਾਲੀ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਗ੍ਰਹਿ ਮੰਤਰੀ ਨੇ ਕਿਹਾ, “ਮੈਂ ਅੱਜ ਸੂਬਾ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤ ਖੋਹੇ ਹਨ, ਜਿਨ੍ਹਾਂ ਭੈਣਾਂ ਨੇ ਆਪਣੇ ਭਰਾ ਖੋਹੇ ਹਨ ਅਤੇ ਜਿਨ੍ਹਾਂ ਔਰਤਾਂ ਦੇ ਸੁਹਾਗ ਉੱਜੜ ਗਏ ਹਨ, ਉਨ੍ਹਾਂ ਸਾਰਿਆਂ ਨੂੰ ਇਸ ‘ਆਪ’ ਸਰਕਾਰ ਕੋਲ ਕੀ ਜਵਾਬ ਹੈ? ਬਹਾਨੇ ਬਣਾਉਣ ਤੋਂ ਇਲਾਵਾ ਮੈਂ ਅੱਜ ਤੱਕ ਪੰਜਾਬ ਸਰਕਾਰ ਕੋਲੋਂ ਕੋਈ ਠੋਸ ਜਵਾਬ ਨਹੀਂ ਸੁਣਿਆ।”

“ਬਦਲਾਅ ਦੇ ਵਾਅਦੇ ਨਾਲ ਗੱਦੀ ‘ਤੇ ਬੈਠੇ ਸਨ, 5 ਸਾਲਾਂ ‘ਚ ਹਾਲਾਤ ਹੋਰ ਵਿਗੜੇ”

ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਬਾਰੇ ਗੱਲ ਕਰਦਿਆਂ ਅਮਿਤ ਸ਼ਾਹ ਨੇ ਸੂਬਾ ਸਰਕਾਰ ਦੇ ਪੁਰਾਣੇ ਵਾਅਦਿਆਂ ਦੀ ਯਾਦ ਦਿਵਾਈ। ਉਨ੍ਹਾਂ ਕਿਹਾ, “ਜਦੋਂ ਮੈਂ ਪਹਿਲਾਂ ਪੰਜਾਬ ਆਇਆ ਸੀ ਤਾਂ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਰੈਲੀ ਨੂੰ ਸੰਬੋਧਨ ਕਰਨ ਆਇਆ ਸੀ। ਮੈਂ ਪੰਜਾਬ ਦੇ ਲੋਕਾਂ ਅਤੇ ਸਰਕਾਰ ਨੂੰ ਨਸ਼ੇ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਨਸ਼ੇ ‘ਤੇ ਠੱਲ੍ਹ ਪਾਉਣ ਦੀ ਬਜਾਏ ਉਲਟਾ ਮੇਰੇ ‘ਤੇ ਹੀ ਸਿਆਸੀ ਦੋਸ਼ ਮੜ੍ਹ ਦਿੱਤੇ ਗਏ।”

ਉਨ੍ਹਾਂ ਅੱਗੇ ਕਿਹਾ, “ਅੱਜ ਮੈਂ ਇੱਥੇ ਦੁਖੀ ਅਤੇ ਪੀੜਤ ਲੋਕਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਗਾਉਣ ਅਤੇ ਉਨ੍ਹਾਂ ਨੂੰ ਹਮਦਰਦੀ ਦੇਣ ਆਇਆ ਹਾਂ। ਮੇਰਾ ਕੋਈ ਰਾਜਨੀਤਿਕ ਏਜੰਡਾ ਨਹੀਂ ਸੀ, ਪਰ ਫਿਰ ਵੀ ਮੇਰੇ ਖ਼ਿਲਾਫ਼ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਗਈ। ਮੈਂ ਸਰਕਾਰ ਦੇ ਆਗੂਆਂ ਨੂੰ ਸਿਰਫ਼ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਅਪਸ਼ਬਦ ਬੋਲਣ ਨਾਲ ਜਾਂ ਮੇਰੀ ਆਲੋਚਨਾ ਕਰਨ ਨਾਲ ਪੰਜਾਬ ਦਾ ਭਲਾ ਨਹੀਂ ਹੋਵੇਗਾ। ਜੇਕਰ ਤੁਹਾਨੂੰ ਮੈਨੂੰ ਬੁਰਾ-ਭਲਾ ਕਹਿ ਕੇ ਸੰਤੁਸ਼ਟੀ ਮਿਲਦੀ ਹੈ ਤਾਂ ਜ਼ਰੂਰ ਕਹੋ, ਪਰ ਖ਼ੁਦਾ ਦੇ ਵਾਸਤੇ ਪੰਜਾਬ ਵਿੱਚੋਂ ਨਸ਼ੇ ਦਾ ਕਾਰੋਬਾਰ ਤਾਂ ਖ਼ਤਮ ਕਰੋ! ਚਿੱਟੇ ਦੇ ਇਸ ਘਿਨੌਣੇ ਵਪਾਰ ਨੂੰ ਤਾਂ ਬੰਦ ਕਰਵਾਓ।”

ਅਮਿਤ ਸ਼ਾਹ ਨੇ ਪੰਜਾਬ ਦੀ AAP ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ, “ਮੈਂ ਸਰਕਾਰ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਸੱਤਾ ਵਿੱਚ ਆਉਣ ਤੋਂ ਪਹਿਲਾਂ 3 ਮਹੀਨਿਆਂ ਦੇ ਅੰਦਰ-ਅੰਦਰ ਨਸ਼ੇ ਦੇ ਕਾਰੋਬਾਰ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰਨ ਦਾ ਵਾਅਦਾ ਕਰਕੇ ਗੱਦੀ ‘ਤੇ ਬੈਠੇ ਸੀ। ਅੱਜ 5 ਸਾਲ ਬੀਤ ਚੁੱਕੇ ਹਨ, ਪਰ ਨਸ਼ਾ ਖ਼ਤਮ ਹੋਣ ਦੀ ਬਜਾਏ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ।”

ਉਨ੍ਹਾਂ ਸੂਬੇ ਦੀ ਲਾਅ ਐਂਡ ਆਰਡਰ ਅਤੇ ਪੁਲਿਸ ਪ੍ਰਸ਼ਾਸਨ ‘ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹਾਲਾਤ ਇਹ ਬਣ ਚੁੱਕੇ ਹਨ ਕਿ ਹੁਣ ਖ਼ੁਦ ਸਰਕਾਰ ਦੇ ਸਿਪਾਹੀ ਅਤੇ ਪੁਲਿਸ ਮੁਲਾਜ਼ਮ ਨਸ਼ਾ ਤਸਕਰੀ ਵਿੱਚ ਫੜੇ ਜਾ ਰਹੇ ਹਨ। ਉਨ੍ਹਾਂ ਕੋਲੋਂ 10-12 ਕਿੱਲੋ ਤੱਕ ਹੇਰੋਇਨ ਬਰਾਮਦ ਹੋ ਰਹੀ ਹੈ। ਜੋ ਆਮ ਨਾਗਰਿਕ ਜਾਂ ਸਮਾਜ ਸੇਵੀ ਨਸ਼ੇ ਦੇ ਖ਼ਿਲਾਫ਼ ਆਵਾਜ਼ ਚੁੱਕਦੇ ਹਨ, ਉਨ੍ਹਾਂ ਨੂੰ ਹੱਤਿਆ ਜਾਂ ਆਤਮਹੱਤਿਆ ਵੱਲ ਧੱਕ ਦਿੱਤਾ ਜਾਂਦਾ ਹੈ। ਆਪਣੇ ਸੰਬੋਧਨ ਦੇ ਅੰਤ ਵਿੱਚ ਕੇਂਦਰੀ ਗ੍ਰਹਿ ਮੰਤਰੀ ਨੇ ਬੇਹੱਦ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ, “ਪੰਜਾਬ ਦੀ ‘ਆਪ’ ਸਰਕਾਰ ਦੇ ਕਰਤਾ-ਧਰਤਿਆਂ ਨੂੰ ਅਜਿਹੇ ਹਾਲਾਤਾਂ ‘ਤੇ ਸ਼ਰਮ ਆਉਣੀ ਚਾਹੀਦੀ ਹੈ।”

 

Leave a Comment