Join WhatsApp

Join Now

ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀਆਂ ਲੱਗਣ ਕਾਰਨ ਮੌਤ! ਪੁਲਿਸ ਦੱਸ ਰਹੀ ਐਕਸੀਡੈਂਟਲ ਫਾਇਰ, ਪਰਿਵਾਰ ਨੇ ਲਾਏ ਗੰਭੀਰ ਦੋਸ਼

On: ਸਤੰਬਰ 3, 2026 2:25 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ਪੁਲਿਸ ਦੇ ਥਾਣੇਦਾਰ ਦੀ ਗੋਲੀਆਂ ਲੱਗਣ ਕਾਰਨ ਮੌਤ! ਪੁਲਿਸ ਦੱਸ ਰਹੀ ਐਕਸੀਡੈਂਟਲ ਫਾਇਰ, ਪਰਿਵਾਰ ਨੇ ਲਾਏ ਗੰਭੀਰ ਦੋਸ਼

4 ਤੋਂ 5 ਗੋਲੀਆਂ ਲੱਗਣ ਨਾਲ ਏ.ਐੱਸ.ਆਈ. ਦੀ ਗਈ ਜਾਨ, ਪਰਿਵਾਰ ਬੋਲਿਆ- ਛੁੱਟੀ ਨਾ ਮਿਲਣ ਅਤੇ ਡਿਊਟੀ ਦੇ ਤਣਾਅ ਤੋਂ ਸੀ ਪਰੇਸ਼ਾਨ

ਮੋਹਾਲੀ/ਚੰਡੀਗੜ੍ਹ, 2 ਸਤੰਬਰ 2026- ਮੋਹਾਲੀ ਦੇ ਸੈਕਟਰ 80 ਤੋਂ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ (ਰਿਟਾਇਰਡ) ਸੀਨੀਅਰ ਅਫਸਰ ਦੀ ਸੁਰੱਖਿਆ ਵਿੱਚ ਤੈਨਾਤ ਗਨਮੈਨ, ਏ.ਐੱਸ.ਆਈ. (ASI) ਓਂਕਾਰ ਸਿੰਘ ਦੀ ਸਰਕਾਰੀ ਪਿਸਤੌਲ ਤੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ, ਓਂਕਾਰ ਸਿੰਘ ਦੇ ਸਿਰ ਅਤੇ ਸਰੀਰ ‘ਤੇ 4 ਤੋਂ 5 ਗੋਲੀਆਂ ਲੱਗੀਆਂ ਹਨ।

ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇਹ ਨੂੰ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦਾ ਹੱਥ (ਫਾਊਲ ਪਲੇ) ਨਹੀਂ ਹੈ। ਪੁਲਿਸ ਮੁਤਾਬਕ ਇਹ ਇੱਕ ਹਾਦਸਾ (ਐਕਸੀਡੈਂਟਲ ਫਾਇਰ) ਜਾਪਦਾ ਹੈ, ਜਿਸ ਵਿੱਚ ਗਨਮੈਨ ਦੀ ਆਪਣੀ ਹੀ ਪਿਸਤੌਲ ਤੋਂ ਗੋਲੀਆਂ ਚੱਲ ਗਈਆਂ ਅਤੇ ਉਸ ਦੀ ਮੌਤ ਹੋ ਗਈ। ਪੁਲਿਸ ਟੀਮਾਂ ਵੱਲੋਂ ਕ੍ਰਾਈਮ ਸੀਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰ ਦੇ ਸਵਾਲ, ‘ਜੇ ਹਾਦਸਾ ਸੀ ਤਾਂ 4-5 ਗੋਲੀਆਂ ਕਿਵੇਂ ਚੱਲੀਆਂ?’

ਦੂਜੇ ਪਾਸੇ, ਹਸਪਤਾਲ ਦੇ ਬਾਹਰ ਬੈਠੇ ਏ.ਐੱਸ.ਆਈ. ਓਂਕਾਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਤਨੀ ਅਤੇ ਧੀ ਨੇ ਪੁਲਿਸ ਦੇ ਐਕਸੀਡੈਂਟਲ ਫਾਇਰ ਦੇ ਦਾਅਵੇ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪਿਸਤੌਲ ਡਿੱਗਣ ਜਾਂ ਹਾਦਸੇ ਨਾਲ ਗੋਲੀ ਚੱਲੀ ਹੁੰਦੀ ਤਾਂ ਇੱਕ ਗੋਲੀ ਲੱਗ ਸਕਦੀ ਸੀ, ਪਰ ਕਿਸੇ ਵਿਅਕਤੀ ਨੂੰ ਆਪਣੇ ਆਪ 4 ਤੋਂ 5 ਗੋਲੀਆਂ ਕਿਵੇਂ ਲੱਗ ਸਕਦੀਆਂ ਹਨ? ਹਸਪਤਾਲ ਵਿੱਚ ਮੌਜੂਦ ਓਂਕਾਰ ਸਿੰਘ ਦੀ ਬੇਟੀ ਅਤੇ ਪਤਨੀ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਡਿਊਟੀ ਨੂੰ ਲੈ ਕੇ ਬਹੁਤ ਜ਼ਿਆਦਾ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਵਿੱਚ ਸਨ।

ਪਰਿਵਾਰ ਮੁਤਾਬਕ, ਓਂਕਾਰ ਸਿੰਘ ਨੇ ਇੱਕ ਮਹੀਨੇ ਦੀ ਛੁੱਟੀ ਮੰਗੀ ਸੀ, ਪਰ ਉਨ੍ਹਾਂ ਨੂੰ ਛੁੱਟੀ ਨਹੀਂ ਦਿੱਤੀ ਜਾ ਰਹੀ ਸੀ। ਉਹ ਜਿਸ ਸੀਨੀਅਰ ਅਧਿਕਾਰੀ ਨਾਲ ਤੈਨਾਤ ਸਨ, ਉੱਥੇ ਰਹਿਣਾ ਨਹੀਂ ਚਾਹੁੰਦੇ ਸਨ ਅਤੇ ਆਪਣੇ ਆਰਡਰ ਨਵਾਂਸ਼ਹਿਰ ਜਾਂ ਕਿਸੇ ਹੋਰ ਥਾਂ ਬਦਲਾਉਣਾ ਚਾਹੁੰਦੇ ਸਨ। ਕੱਲ੍ਹ ਉਨ੍ਹਾਂ ਦੀ ਛੁੱਟੀ ਸੀ, ਪਰ ਐਮਰਜੈਂਸੀ ਫੋਨ ਆਉਣ ‘ਤੇ ਉਨ੍ਹਾਂ ਨੂੰ ਅਚਾਨਕ ਬੁਲਾਇਆ ਗਿਆ, ਜਿਸ ਤੋਂ ਬਾਅਦ ਇਹ ਭਾਣਾ ਵਰਤ ਗਿਆ।

ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਮੁੱਢਲੀ ਜਾਂਚ ‘ਚ ਹਾਦਸਾ ਦੱਸ ਰਹੀ ਹੈ, ਪਰ ਪਰਿਵਾਰ ਦੇ ਬਿਆਨਾਂ ਅਤੇ ਸਰੀਰ ‘ਤੇ ਲੱਗੀਆਂ 4-5 ਗੋਲੀਆਂ ਦੇ ਤੱਥਾਂ ਤੋਂ ਬਾਅਦ ਕਈ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਕੀ ਇਹ ਮਹਿਜ਼ ਇੱਕ ਹਾਦਸਾ ਸੀ, ਤਣਾਅ ਵਿੱਚ ਚੁੱਕਿਆ ਗਿਆ ਕਦਮ, ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ? ਫਿਲਹਾਲ ਪੁਲਿਸ ਫੋਰੈਂਸਿਕ ਟੀਮ ਦੀ ਮਦਦ ਨਾਲ ਜਾਂਚ ‘ਚ ਜੁਟੀ ਹੋਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।

 

Leave a Comment