ਵੱਡੀ ਖ਼ਬਰ: ਅੱਜ ਪੰਜਾਬ ਦੇ ਟੋਲ ਪਲਾਜ਼ੇ ਹੋਏ ਫਰੀ!
ਟੋਲ ਪਲਾਜ਼ੇ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਟਲਿਆ; ਰਾਜਪਾਲ ਨਾਲ ਮੀਟਿੰਗ ਮਗਰੋਂ ਕਿਸਾਨਾਂ ਨੇ ਬਦਲੀ ਰਣਨੀਤੀ
ਚੰਡੀਗੜ੍ਹ/ਮੋਗਾ, 4 ਮਈ 2026: ਆਜ਼ਾਦ ਕਿਸਾਨ ਮੋਰਚਾ (ਏ. ਕੇ. ਐੱਮ.) ਪੰਜਾਬ ਵੱਲੋਂ ਅੱਜ 4 ਮਈ ਤੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਵਿੱਚ ਵੱਡੀ ਤਬਦੀਲੀ ਕੀਤੀ ਗਈ ਹੈ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਜੱਥੇਬੰਦੀ ਨੇ ਆਪਣੇ ਸੰਘਰਸ਼ ਦੀ ਰੂਪਰੇਖਾ ਬਦਲ ਦਿੱਤੀ ਹੈ।
ਹੁਣ ਸਿਰਫ਼ 3 ਘੰਟੇ ਫਰੀ ਰਹਿਣਗੇ ਟੋਲ
16 ਕਿਸਾਨ ਜੱਥੇਬੰਦੀਆਂ ‘ਤੇ ਅਧਾਰਿਤ ਇਸ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਹੁਣ ਸੂਬੇ ਦੇ ਟੋਲ ਪਲਾਜ਼ੇ ਪੱਕੇ ਤੌਰ ‘ਤੇ ਬੰਦ ਨਹੀਂ ਕੀਤੇ ਜਾਣਗੇ।
ਇਸ ਦੀ ਬਜਾਏ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ (ਸਿਰਫ਼ 3 ਘੰਟੇ) ਟੋਲ ਪਲਾਜ਼ੇ ਫਰੀ ਕਰਵਾ ਕੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਏ. ਕੇ. ਐੱਮ. ਪੰਜਾਬ ਦੇ ਆਗੂ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਗਵਰਨਰ ਹਾਊਸ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ (ਅੱਜ ਸ਼ਾਮ 6:15 ਵਜੇ ਗਵਰਨਰ ਹਾਊਸ, ਚੰਡੀਗੜ੍ਹ) ਸੱਦਾ ਮਿਲਿਆ ਹੈ।
ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਗੱਲਬਾਤ ਕੀਤੀ ਜਾਵੇਗੀ।
ਪਹਿਲਾਂ ਜੱਥੇਬੰਦੀ ਵੱਲੋਂ ਦਿੱਤੀ ਗਈ ਪੱਕੇ ਜਾਮ ਦੀ ਚਿਤਾਵਨੀ ਕਾਰਨ ਆਮ ਲੋਕਾਂ ਵਿੱਚ ਆਵਾਜਾਈ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਸੀ।
ਹੁਣ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਰਸਤਾ ਖੁੱਲ੍ਹਣ ਨਾਲ ਟੋਲ ਪਲਾਜ਼ਿਆਂ ‘ਤੇ ਪੂਰਨ ਜਾਮ ਨਹੀਂ ਲੱਗੇਗਾ, ਜਿਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੀ ਹੈ।






