Punjab Shops Opening Hours! ਪੰਜਾਬ ‘ਚ ਰਾਤ ਦੇ ਸਮੇਂ ਦੁਕਾਨਾਂ ਬੰਦ ਕਰਨ ਦੀ ਪਾਬੰਦੀ ਖ਼ਤਮ, ਰਜਿਸਟਰਡ ਅਦਾਰਿਆਂ ਨੂੰ ਮਿਲੇਗੀ ਸੁਵਿਧਾ! ਦੁਕਾਨਦਾਰਾਂ ਲਈ ਨਵੀਂ ਨੀਤੀ- 24 ਘੰਟੇ ਕਾਰੋਬਾਰ ਖੋਲ੍ਹਣ ਵਾਸਤੇ ਰੱਖਣਾ ਹੋਵੇਗਾ ਵੱਖਰਾ ਸਟਾਫ਼, ਨਿਯਮਾਂ ਦੀ ਪਾਲਣਾ ਜ਼ਰੂਰੀ
ਚੰਡੀਗੜ੍ਹ, 6 ਅਕਤੂਬਰ 2026- ਪੰਜਾਬ ਵਿੱਚ ਕਾਰੋਬਾਰ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਅਤੇ ਲੇਬਰ ਵਿਭਾਗ ਵੱਲੋਂ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫ਼ੈਸਲਾ ਲਿਆ ਗਿਆ ਹੈ। ਨਵੇਂ ਆਦੇਸ਼ਾਂ ਅਨੁਸਾਰ ਹੁਣ ਪੰਜਾਬ ਵਿੱਚ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ 24 ਘੰਟੇ ਅਤੇ ਸਾਲ ਦੇ 365 ਦਿਨ ਖੁੱਲ੍ਹ ਸਕਣਗੇ। (Punjab Shops Opening Hours)
ਇਸ ਤੋਂ ਪਹਿਲਾਂ ਸੂਬੇ ਵਿੱਚ ਜ਼ਿਲ੍ਹਾ ਮੈਜਿਸਟ੍ਰੇਟਾਂ ਵੱਲੋਂ ਆਪਣੇ-ਆਪਣੇ ਖੇਤਰਾਂ ਵਿੱਚ ਸੁਰੱਖਿਆ ਅਤੇ ਹੋਰ ਕਾਰਨਾਂ ਕਰਕੇ ਰਾਤ 10 ਵਜੇ ਜਾਂ 11 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਸਨ, ਜਿਸ ਨਾਲ ਦੇਰ ਰਾਤ ਤੱਕ ਕੰਮ ਕਰਨ ਵਾਲੇ ਵਪਾਰੀਆਂ ਅਤੇ ਗਾਹਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਲੇਬਰ ਵਿਭਾਗ ਵੱਲੋਂ ਜਾਰੀ ਕੀਤੀ ਗਈ ਨਵੀਂ ਨੀਤੀ ਨਾਲ ਇਹ ਪਾਬੰਦੀ ਹਟਾ ਦਿੱਤੀ ਗਈ ਹੈ। ਹਾਲਾਂਕਿ, ਸਰਕਾਰ ਨੇ ਇਹ ਸੁਵਿਧਾ ਬਿਨ੍ਹਾਂ ਕਿਸੇ ਨਿਯਮ ਤੋਂ ਨਹੀਂ ਦਿੱਤੀ ਹੈ।
24 ਘੰਟੇ ਦੁਕਾਨਾਂ ਖੋਲ੍ਹਣ ਲਈ ਲੇਬਰ ਵਿਭਾਗ ਵੱਲੋਂ ਕਈ ਸਖ਼ਤ ਸ਼ਰਤਾਂ ਅਤੇ ਰੂਲ-ਰੈਗੂਲੇਸ਼ਨ ਤੈਅ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨੀ ਹਰੇਕ ਦੁਕਾਨਦਾਰ ਲਈ ਲਾਜ਼ਮੀ ਹੋਵੇਗੀ। 24 ਘੰਟੇ ਦੁਕਾਨ ਖੋਲ੍ਹਣ ਦੀ ਇਜਾਜ਼ਤ ਸਿਰਫ਼ ਉਨ੍ਹਾਂ ਹੀ ਅਦਾਰਿਆਂ ਜਾਂ ਦੁਕਾਨਾਂ ਨੂੰ ਮਿਲੇਗੀ ਜੋ ਲੇਬਰ ਵਿਭਾਗ ਕੋਲ ਅਧਿਕਾਰਤ ਤੌਰ ‘ਤੇ ਰਜਿਸਟਰਡ (Registered) ਹਨ। ਅਣ-ਰਜਿਸਟਰਡ ਦੁਕਾਨਾਂ ਇਸ ਨਵੀਂ ਨੀਤੀ ਦਾ ਲਾਭ ਨਹੀਂ ਲੈ ਸਕਣਗੀਆਂ। ਸਭ ਤੋਂ ਮਹੱਤਵਪੂਰਨ ਸ਼ਰਤ ਇਹ ਹੈ ਕਿ ਕੋਈ ਵੀ ਦੁਕਾਨਦਾਰ ਆਪਣੇ ਮੌਜੂਦਾ ਸਟਾਫ਼ ਤੋਂ 24 ਘੰਟੇ ਕੰਮ ਨਹੀਂ ਲੈ ਸਕਦਾ।
ਰਾਤ ਦੀ ਡਿਊਟੀ ਲਈ ਵੱਖਰਾ ਸਟਾਫ਼ ਰੱਖਣਾ ਪਵੇਗਾ ਅਤੇ ਦਿਨ ਦੀ ਡਿਊਟੀ ਲਈ ਵੱਖਰਾ ਸਟਾਫ਼ ਹੋਵੇਗਾ। ਲੇਬਰ ਕਾਨੂੰਨਾਂ ਦੇ ਮੁਤਾਬਕ ਕਿਸੇ ਵੀ ਕਰਮਚਾਰੀ ਤੋਂ ਨਿਰਧਾਰਤ ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ। ਰਾਤ ਦੇ ਸਮੇਂ ਕੰਮ ਕਰਨ ਵਾਲੇ ਕਰਮਚਾਰੀਆਂ, ਖਾਸ ਕਰਕੇ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਲਈ ਠੋਸ ਇੰਤਜ਼ਾਮ ਕਰਨੇ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਲਈ ਖਾਣ-ਪੀਣ, ਓਵਰਟਾਈਮ ਅਤੇ ਛੁੱਟੀਆਂ ਦੇ ਨਿਯਮ ਵੀ ਲੇਬਰ ਕਾਨੂੰਨ ਦੇ ਅਨੁਸਾਰ ਹੀ ਤੈਅ ਹੋਣਗੇ।
ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣ ਦੀ ਉਮੀਦ ਹੈ, ਕਿਉਂਕਿ ਦੁਕਾਨਾਂ ਨੂੰ 24 ਘੰਟੇ ਚਲਾਉਣ ਲਈ ਵਾਧੂ ਸਟਾਫ਼ ਦੀ ਲੋੜ ਪਵੇਗੀ। ਇਸ ਤੋਂ ਇਲਾਵਾ, ਦੇਰ ਰਾਤ ਸਫ਼ਰ ਕਰਨ ਵਾਲੇ ਯਾਤਰੀਆਂ, ਆਈ.ਟੀ. ਸੈਕਟਰ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਅਤੇ ਹੋਰ ਆਮ ਨਾਗਰਿਕਾਂ ਨੂੰ ਵੀ ਜ਼ਰੂਰੀ ਵਸਤੂਆਂ ਦੀ ਖਰੀਦਦਾਰੀ ਵਿੱਚ ਵੱਡੀ ਰਾਹਤ ਮਿਲੇਗੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਅਤੇ ਰਾਜ ਵਿੱਚ ਵਪਾਰ ਕਰਨ ਦਾ ਮਾਹੌਲ ਹੋਰ ਬਿਹਤਰ ਹੋਵੇਗਾ।
















