ਪੰਜਾਬ ‘ਚ ਕੱਲ੍ਹ ਦੀ ਰਾਤ ਨੂੰ ਫਿਰ ਹੋਵੇਗਾ ‘ਬਲੈਕ ਆਊਟ’
ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਪੁਖ਼ਤਾ
Punjab News, 23 ਅਪ੍ਰੈਲ, 2026- ਪੰਜਾਬ ਭਰ ਦੇ ਵਿੱਚ ਆਉਣ ਵਾਲੀ 24 ਅਪ੍ਰੈਲ ਨੂੰ ‘ਬਲੈਕ ਆਊਟ’ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਨੂੰ ਅਲਰਟ ਮੋਡ ‘ਤੇ ਰਹਿਣ ਲਈ ਕਿਹਾ ਗਿਆ ਹੈ।
ਕੀ ਹੈ ਪੂਰਾ ਸ਼ਡਿਊਲ?
ਜਾਣਕਾਰੀ ਅਨੁਸਾਰ, ਇਹ ਬਲੈਕ ਆਊਟ ਰਾਤ ਦੇ ਸਮੇਂ (ਰਾਤ 8:00 ਵਜੇ ਤੋਂ ਲੈ ਕੇ 8:15 ਵਜੇ ਤੱਕ) ਕੀਤਾ ਜਾਵੇਗਾ। ਇਹ ਬਲੈਕ ਆਊਟ ਕੁੱਲ 15 ਮਿੰਟ ਲਈ ਰਹੇਗਾ। ਇਸ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਾਇਰਨ ਵਜਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾ ਸਕੇ।
ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ- ‘ਪੈਨਿਕ’ ਨਾ ਹੋਵੋ/ ਅਫ਼ਵਾਹਾਂ ਤੋਂ ਬਚੋ
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕੀਤੀ ਗਈ ਹੈ ਕਿ ਇਸ ਬਲੈਕ ਆਊਟ ਦੌਰਾਨ ਘਬਰਾਉਣ (Panic) ਦੀ ਲੋੜ ਨਹੀਂ ਹੈ। ਇਹ ਇੱਕ ਨਿਯਮਿਤ ਪ੍ਰਕਿਰਿਆ ਦੇ ਤਹਿਤ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਨੂੰ ਸਿਰਫ਼ ਅਲਰਟ ਰਹਿਣ ਦੀ ਲੋੜ ਹੈ।
ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਗਲਤ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਲੋਕ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਯਕੀਨ ਕਰਨ।
24 ਅਪ੍ਰੈਲ ਦੇ ਇਸ ਬਲੈਕ ਆਊਟ ਲਈ ਸੁਰੱਖਿਆ ਅਤੇ ਹੋਰ ਪ੍ਰਬੰਧ ਪੂਰੀ ਤਰ੍ਹਾਂ ਪੁਖ਼ਤਾ ਕਰ ਲਏ ਗਏ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ।
ਪੰਜਾਬ ਵਿੱਚ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼
ਚੰਡੀਗੜ੍ਹ, 22 ਅਪ੍ਰੈਲ 2026- ਸੂਬੇ ਵਿੱਚ ਸਿਵਲ ਡਿਫੈਂਸ ਸਬੰਧੀ ਤਿਆਰੀ ਦੀ ਅਜ਼ਮਾਇਸ਼ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ 24 ਅਪ੍ਰੈਲ, 2026 ਨੂੰ ਸ਼ਾਮ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਉਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ।
ਇਹ ਐਕਸਰਸਾਈਜ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿੱਚ ਕਰਵਾਈ ਜਾ ਰਹੀ ਹੈ।
ਇਹ ਮੌਕ ਐਕਸਰਸਾਈਜ਼ ਇੱਕ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਦੋ ਮਿੰਟ ਦੀ ਮਿਆਦ ਲਈ ਹਾਈ-ਲੋਅ ਪਿੱਚ ਸਾਇਰਨ ਵਜਾਏ ਜਾਣਗੇ।
ਇਸ ਅਭਿਆਸ ਦੌਰਾਨ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਪਛਾਣੇ ਗਏ ਖਾਸ ਖੇਤਰਾਂ ਵਿੱਚ ਇੱਕ ਸਿਮੂਲੇਟਿਡ ਬਲੈਕਆਉਟ ਲਾਗੂ ਕੀਤਾ ਜਾਵੇਗਾ।
ਇਹਨਾਂ ਪਛਾਣੇ ਗਏ ਖੇਤਰਾਂ ਵਿੱਚ ਆਮ ਲੋਕਾਂ ਨੂੰ ਬਲੈਕਆਉਟ ਪੀਰੀਅਡ ਦੌਰਾਨ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਹਦਾਇਤ ਹੋਵੇਗੀ। ਜਦਕਿ ਡ੍ਰਿਲ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੀਆਂ।
ਇਹ ਐਕਸਰਸਾਈਜ਼ ਇੱਕ ‘‘ਆਲ ਕਲੀਅਰ’’ ਸਿਗਨਲ ਨਾਲ ਸਮਾਪਤ ਹੋਵੇਗੀ, ਜਿਸ ਤਹਿਤ ਹਾਈ-ਪਿਚ ਸਾਇਰਨ ਲਗਾਤਾਰ ਦੋ ਮਿੰਟ ਲਈ ਵਜਾਇਆ ਜਾਵੇਗਾ, ਜੋ ਐਕਸਰਸਾਈਜ਼ ਦੀ ਰਸਮੀ ਸਮਾਪਤੀ ਨੂੰ ਦਰਸਾਏਗਾ।
ਇਸ ਮੌਕ ਅਭਿਆਸ ਦੌਰਾਨ, ਵੱਖ-ਵੱਖ ਐਮਰਜੈਂਸੀ ਕਾਰਜਾਂ ਜਿਵੇਂ ਫਾਇਰ ਰਿਸਪਾਂਸ ਆਪ੍ਰੇਸ਼ਨ, ਖੋਜ ਅਤੇ ਬਚਾਅ ਕਾਰਜ, ਫਸਟ-ਏਡ ਅਤੇ ਡਾਕਟਰੀ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਸੁਰੱਖਿਅਤ ਕੱਢਣ ਦੇ ਨਾਲ-ਨਾਲ ਟ੍ਰੈਫਿਕ ਅਤੇ ਭੀੜ ਕੰਟਰੋਲ ਉਪਾਅ ਸ਼ਾਮਲ ਹਨ,ਰਾਹੀਂ ਫੀਲਡ ਤਾਲਮੇਲ ਦੀ ਜਾਂਚ ਕੀਤੀ ਜਾਵੇਗੀ।
ਸੂਬਾ ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਰੁਟੀਨ ਪ੍ਰਕਿਰਿਆਤਮਕ ਅਭਿਆਸ ਹੈ, ਜੋ ਸੂਬੇ ਵਿੱਚ ਸਿਵਲ ਡਿਫੈਂਸ ਤਿਆਰੀ ਦਾ ਮੁਲਾਂਕਣ ਕਰਨ ਅਤੇ ਵਧਾਉਣ ਲਈ ਤਿਆਰ ਕੀਤਾ ਗਿਆ ਹੈ।






