Join WhatsApp

Join Now

ਨਵੀਂ ਕਾਰ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ! ਹੁਣ ਸ਼ੋਅਰੂਮ ਤੋਂ ਹੀ ਤੁਰੰਤ ਮਿਲੇਗੀ ਆਰ.ਸੀ; ਪੰਜਾਬ ਸਰਕਾਰ ਵਲੋਂ ਨਵੀਂ ਯੋਜਨਾ ਦੀ ਤਿਆਰੀ

On: ਸਤੰਬਰ 13, 2026 11:53 ਪੂਃ ਦੁਃ

 

ਨਵੀਂ ਕਾਰ ਖ਼ਰੀਦਣ ਵਾਲਿਆਂ ਨੂੰ ਵੱਡੀ ਰਾਹਤ! ਹੁਣ ਸ਼ੋਅਰੂਮ ਤੋਂ ਹੀ ਤੁਰੰਤ ਮਿਲੇਗੀ ਆਰ.ਸੀ; ਪੰਜਾਬ ਸਰਕਾਰ ਵਲੋਂ ਨਵੀਂ ਯੋਜਨਾ ਦੀ ਤਿਆਰੀ

ਚੰਡੀਗੜ੍ਹ 13 ਸਤੰਬਰ 2026 –

ਨਵੀਂ ਕਾਰ ਖ਼ਰੀਦਣ ਤੋਂ ਬਾਅਦ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਪ੍ਰਾਪਤ ਕਰਨ ਲਈ ਚੰਡੀਗੜ੍ਹ ਵੱਲੋਂ ਆਉਣ ਵਾਲੇ ਕਾਰਡ ਦਾ ਲੰਮਾ ਇੰਤਜ਼ਾਰ ਹੁਣ ਜਲਦ ਖ਼ਤਮ ਹੋਣ ਜਾ ਰਹਾ ਹੈ। ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਆਰਸੀ ਪ੍ਰਿੰਟਿੰਗ ਦੀ ਪ੍ਰਕਿਰਿਆ ਨੂੰ ਕੇਂਦਰੀਕ੍ਰਿਤ ਪ੍ਰਣਾਲੀ ਤੋਂ ਹਟਾ ਕੇ ਸਥਾਨਕ ਪੱਧਰ ‘ਤੇ ਲਿਆਉਣ ਦੀ ਵੱਡੀ ਤਿਆਰੀ ਕਰ ਰਹੇ ਹਨ।

ਇਸ ਨਵੀਂ ਯੋਜਨਾ ਤਹਿਤ ਲੁਧਿਆਣਾ ਸਮੇਤ ਸੂਬੇ ਦੇ ਹੋਰਨਾਂ ਮੁੱਖ ਸ਼ਹਿਰਾਂ ਵਿੱਚ ਅਧਿਕਾਰਤ ਏਜੰਸੀਆਂ ਰਾਹੀਂ ਕਾਰ ਡੀਲਰਾਂ ਦੇ ਸ਼ੋਅਰੂਮਾਂ ਵਿੱਚ ਹੀ ਪ੍ਰਿੰਟਿੰਗ ਦਾ ਤਕਨੀਕੀ ਸੈਟਅਪ ਲਗਾਇਆ ਜਾਵੇਗਾ। ਜਿਵੇਂ ਹੀ ਵਾਹਨ ਦੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਵੇਗੀ, ਡੀਲਰ ਮੌਕੇ ‘ਤੇ ਹੀ ਆਰਸੀ ਕਾਰਡ ਪ੍ਰਿੰਟ ਕਰਕੇ ਗਾਹਕ ਨੂੰ ਸੌਂਪ ਦੇਵੇਗਾ।

ਫਿਲਹਾਲ ਲੋਕਾਂ ਨੂੰ ਨਵੀਂ ਕਾਰ ਦੀ ਆਰਸੀ ਲਈ ਇੱਕ ਹਫ਼ਤੇ ਤੋਂ 15 ਦਿਨ ਅਤੇ ਕਈ ਵਾਰ ਪੋਸਟਲ ਦੇਰੀ ਕਾਰਨ ਇੱਕ-ਇੱਕ ਮਹੀਨੇ ਤੱਕ ਖੱਜਲ-ਖੁਆਰ ਹੋਣਾ ਪੈਂਦਾ ਹੈ। ਸਥਾਨਕ ਪੱਧਰ ‘ਤੇ ਸ਼ੋਅਰੂਮਾਂ ਵਿੱਚ ਹੀ ਪ੍ਰਿੰਟਿੰਗ ਸ਼ੁਰੂ ਹੋਣ ਨਾਲ ਇਹ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ।

ਇਸ ਤੋਂ ਇਲਾਵਾ ਸਰਕਾਰ ਪੁਰਾਣੇ ਵਾਹਨਾਂ ਦੀ ਆਰਸੀ ਰਿਨਿਊ ਕਰਨ ਵਰਗੀਆਂ ਸੇਵਾਵਾਂ ਵੀ ਡੀਲਰ ਪੱਧਰ ‘ਤੇ ਦੇਣ ਬਾਰੇ ਵਿਚਾਰ ਕਰ ਰਹੀ ਹੈ, ਜਿਸ ‘ਤੇ ਜਲਦ ਫ਼ੈਸਲਾ ਲਿਆ ਜਾ ਸਕਦਾ ਹੈ।

ਨਵੀਂ ਵਿਵਸਥਾ ਅਧੀਨ ਡੀਲਰ ਦੇ ਸ਼ੋਅਰੂਮ ਵਿੱਚ ਲੋੜੀਂਦੀ ਮਸ਼ੀਨਰੀ ਅਤੇ ਤਕਨੀਕੀ ਸਾਧਨ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਅਧਿਕਾਰਤ ਏਜੰਸੀ ਦੀ ਹੋਵੇਗੀ। ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਆਰਸੀ ਦੀ ਪ੍ਰਿੰਟਿੰਗ, ਸੁਰੱਖਿਆ ਫੀਚਰਜ਼ ਅਤੇ ਵਾਹਨ ਮਾਲਕਾਂ ਦੇ ਡਾਟਾ ਦੀ ਪ੍ਰਾਈਵੇਸੀ ਨਾਲ ਸਬੰਧਤ ਕੜੇ ਮਾਪਦੰਡ ਤੈਅ ਕੀਤੇ ਜਾ ਰਹੇ ਹਨ।

ਟਰਾਂਸਪੋਰਟ ਵਿਭਾਗ, ਏਜੰਸੀਆਂ ਅਤੇ ਡੀਲਰਾਂ ਵਿਚਕਾਰ ਫੀਸਾਂ, ਤਕਨੀਕੀ ਪ੍ਰਬੰਧਾਂ ਅਤੇ ਸੰਚਾਲਨ ਦੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਗੱਲਬਾਤ ਅੰਤਿਮ ਚਰਨ ‘ਚ ਹੈ। ਸਰਕਾਰ ਵੱਲੋਂ ਹਰੀ ਝੰਡੀ ਮਿਲਦੇ ਹੀ ਇਸ ਯੋਜਨਾ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰ ਦਿੱਤਾ ਜਾਵੇਗਾ।

Leave a Comment