ਸ਼ੁੱਕਰਵਾਰ, ਮਈ 23, 2025
Home Blog Page 2

ਪੰਜਾਬ ‘ਚ ਵੱਡੀ ਵਾਰਦਾਤ: ਸਾਬਕਾ ਸਰਪੰਚ ਨੇ ਗੋਲੀਆਂ ਮਾਰ ਕੇ ਕੀਤਾ ਵਿਅਕਤੀ ਦਾ ਕਤਲ

 

ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਸੀ ਝਗੜਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਤਰਨ ਤਾਰਨ ਦੇ ਪਿੰਡ ਰਟੌਲ ਵਿਖੇ ਪੰਚਾਇਤੀ ਜਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਸਾਬਕਾ ਸਰਪੰਚ ਦੇ ਵੱਲੋਂ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।

ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀਬਾਰੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਕੁਝ ਲੋਕ ਇਸ ਨਾਲ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਵਿਅਕਤੀ ਦੀ ਪਹਿਛਾਣ ਜਰਨੈਲ ਸਿੰਘ ਵਜੋਂ ਹੋਈ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤਰਨ ਤਾਰਨ ਦੇ ਪਿੰਡ ਰਟੌਲ ਵਿਖੇ ਅੱਜ ਪੰਚਾਇਤੀ ਜਮੀਨ ਦੀ ਬੋਲੀ ਚੱਲ ਰਹੀ ਸੀ, ਇਸੇ ਦੌਰਾਨ ਹੀ ਦੋ ਧਿਰਾਂ ਦੇ ਵਿਚਾਲੇ ਝਗੜਾ ਹੋ ਗਿਆ।

ਜਿਸ ਦੇ ਕਾਰਨ ਇਕ ਸਾਬਕਾ ਸਰਪੰਚ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਹਮਲੇ ਵਿੱਚ ਵਿਅਕਤੀ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਕੁਝ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਹਨ। ਉਥੇ ਦੂਜੇ ਪਾਸੇ ਪੁਲਿਸ ਨੇ ਕੇਸ ਦਰਜ ਕਰਕੇ ਕਥਿਤ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਖਡੂਰ ਸਾਹਿਬ ਵਿੱਚ ਵੀ ਅੰਨ੍ਹੇਵਾਹ ਗੋਲੀਬਾਰੀ ਦਾ ਮਾਮਲਾ

ਦੱਸ ਦਈਏ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਇੱਕ ਵਪਾਰੀ ‘ਤੇ ਅੰਨ੍ਹੇਵਾਹ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੁਗਲਾਨੀ ਪਿੰਡ ਵਿੱਚ ਵਾਪਰੀ, ਜਿੱਥੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਵਪਾਰੀ ‘ਤੇ ਗੋਲੀਆਂ ਚਲਾ ਦਿੱਤੀਆਂ।

ਇੱਕ ਗੋਲੀ ਵਪਾਰੀ ਦੀ ਲੱਤ ਵਿੱਚ ਲੱਗੀ। ਇਸ ਘਟਨਾ ਵਿੱਚ ਕਾਰੋਬਾਰੀ ਭਗਵੰਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਹਮਲਾਵਰ ਉਸ ਕੋਲੋਂ 9 ਲੱਖ ਰੁਪਏ ਲੁੱਟ ਕੇ ਭੱਜ ਗਏ। ਜ਼ਖਮੀ ਕਾਰੋਬਾਰੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਗਵੰਤ ਸਿੰਘ ਨਾਲ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਕਾਰੋਬਾਰ ਦੀ ਸਾਰੀ ਰਕਮ ਇਕੱਠੇ ਕਰਕੇ ਕਾਰ ਵਿੱਚ ਘਰ ਵਾਪਸ ਜਾ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀ ਆਏ ਅਤੇ ਅਚਾਨਕ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਹਮਲੇ ਵਿੱਚ ਭਗਵੰਤ ਸਿੰਘ ਦੀ ਲੱਤ ਵਿੱਚ ਗੋਲੀ ਲੱਗੀ ਸੀ। ਗੋਲੀ ਲੱਗਣ ਤੋਂ ਬਾਅਦ ਜਿਵੇਂ ਹੀ ਉਹ ਜ਼ਮੀਨ ‘ਤੇ ਡਿੱਗ ਪਿਆ, ਦੋਸ਼ੀ ਉਸਦਾ ਬੈਗ ਲੈ ਕੇ ਮੌਕੇ ਤੋਂ ਭੱਜ ਗਿਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਵੇਰੋਵਾਲ ਥਾਣੇ ਦੀ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਪੰਜਾਬ ਸਰਕਾਰ ਦਾ ਮਜ਼ਦੂਰ ਵਰਗ ਲਈ ਵੱਡਾ ਫ਼ੈਸਲਾ..!

 

ਮਜ਼ਦੂਰੀ ਦਰਾਂ ਵਿੱਚ ਵਾਧੇ ਨਾਲ ਮਜ਼ਦੂਰਾਂ ਨੂੰ ਇੱਕ ਸਾਲ ਅੰਦਰ 10 ਕਰੋੜ ਰੁਪਏ ਦਾ ਲਾਭ ਹੋਵੇਗਾ: ਲਾਲ ਚੰਦ ਕਟਾਰੂਚੱਕ

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਵੱਲੋਂ ਮੰਡੀਆਂ ਵਿੱਚ ਲੋਡਿੰਗ ਕਾਰਜਾਂ ‘ਚ ਲੱਗੇ ਮਜ਼ਦੂਰਾਂ ਲਈ ਦਰਾਂ ਵਿੱਚ ਵਾਧੇ ਦਾ ਐਲਾਨ

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਸਰਕਾਰ ਮੰਡੀਆਂ ਵਿੱਚ ਖਰੀਦ ਕਾਰਜਾਂ ਨਾਲ ਸਬੰਧਤ ਸਾਰੇ ਭਾਈਵਾਲਾਂ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਪ੍ਰਗਟਾਵਾ ਕਰਦਿਆਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੰਡੀਆਂ ਵਿੱਚ ਲੋਡਿੰਗ ਦਾ ਕੰਮ ਕਰਨ ਵਾਲੇ ਮਜ਼ਦੂਰ ਵੀ ਖਰੀਦ ਪ੍ਰਕਿਰਿਆ ਦਾ ਅਹਿਮ ਹਿੱਸਾ ਹਨ ਅਤੇ ਇਸ ਲਈ ਉਨ੍ਹਾਂ ਦੀ ਮਜ਼ਦੂਰੀ ਵਧਾ ਕੇ 2.64 ਰੁਪਏ ਪ੍ਰਤੀ ਬੋਰੀ ਕਰ ਦਿੱਤੀ ਗਈ ਹੈ।

ਕੈਬਨਿਟ ਮੰਤਰੀ ਨੇ ਅੱਜ ਇੱਥੇ ਅਨਾਜ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਸਾਲ ਪਹਿਲਾਂ ਤੱਕ ਮਜ਼ਦੂਰਾਂ ਨੂੰ ਪ੍ਰਤੀ ਬੋਰੀ 1.80 ਰੁਪਏ ਮਿਲਦੇ ਸਨ, ਜਿਸਨੂੰ 41 ਪੈਸੇ ਵਧਾ ਕੇ 2.21 ਰੁਪਏ ਪ੍ਰਤੀ ਬੋਰੀ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਹੁਣ ਮਜ਼ਦੂਰੀ ਦਰਾਂ ਵਿੱਚ 43 ਪੈਸੇ ਦਾ ਹੋਰ ਵਾਧਾ ਕਰਨ ਦੇ ਨਾਲ ਇੱਕ ਸਾਲ ਅੰਦਰ ਮਜ਼ਦੂਰੀ ਦਰਾਂ ਵਿੱਚ ਕੁੱਲ 84 ਪੈਸੇ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਮਜ਼ਦੂਰਾਂ ਨੂੰ ਕੁੱਲ 10 ਕਰੋੜ ਰੁਪਏ ਦਾ ਲਾਭ ਹੋਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ ਕਦਮ ਮਜ਼ਦੂਰ ਵਰਗ ਦੀ ਭਲਾਈ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਠੋਸ ਪ੍ਰਮਾਣ ਹੈ।

ਭੰਡਾਰਨ ਸਮਰੱਥਾ ਦੇ ਸਬੰਧ ਵਿੱਚ ਕਟਾਰੂਚੱਕ ਨੇ ਦੱਸਿਆ ਕਿ ਅੱਜ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਗਈ ਵੀਡੀਓ ਕਾਨਫਰੰਸਿੰਗ ਵਿੱਚ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਢੁਕਵੀਂ ਭੰਡਾਰਨ ਸਮਰੱਥਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾਂ ਨੂੰ ਇਸ ਮੁੱਦੇ ‘ਤੇ ਕੋਈ ਮੁਸ਼ਕਲ ਨਾ ਆਉਣ ਦਾ ਭਰੋਸਾ ਦਿੱਤਾ ਗਿਆ ਹੈ।

ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਸੂਬੇ 2676 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ 1864 ਨਿਯਮਤ ਅਤੇ 812 ਆਰਜ਼ੀ ਹਨ। ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿੱਚ 4.19 ਲੱਖ ਮੀਟ੍ਰਿਕ ਟਨ (ਐਲ.ਐਮ.ਟੀ.) ਕਣਕ ਆ ਚੁੱਕੀ ਹੈ ਅਤੇ ਇਸ ਵਿੱਚੋਂ 3.22 ਐਲ.ਐਮ.ਟੀ. ਕਣਕ ਖਰੀਦੀ ਜਾ ਚੁੱਕੀ ਹੈ ਜੋ ਕਿ 76 ਫੀਸਦ ਬਣਦੀ ਹੈ। ਇਸਦੇ ਨਾਲ ਹੀ ਐਮ.ਐਸ.ਪੀ. ਦੇ ਸਬੰਧ ਵਿੱਚ 151 ਕਰੋੜ ਰੁਪਏ ਦਾ ਭੁਗਤਾਨ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਹੋ ਚੁੱਕਾ ਹੈ।

ਸੂਬਾ ਸਰਕਾਰ ਦੀਆਂ ਹੋਰ ਭਲਾਈ ਕੇਂਦਰਿਤ ਪਹਿਲਕਦਮੀਆਂ ‘ਤੇ ਧਿਆਨ ਕੇਂਦਰਿਤ ਕਰਦਿਆਂ ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਪਹਿਲਾਂ ਡਿਪੂ ਹੋਲਡਰਾਂ ਦੀ ਮਾਰਜਿਨ ਮਨੀ 8 ਸਾਲਾਂ ਬਾਅਦ 50 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 90 ਰੁਪਏ ਪ੍ਰਤੀ ਕੁਇੰਟਲ ਕੀਤੀ ਗਈ ਸੀ।

ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਫਸਲ ਦੇ ਦਾਣੇ-ਦਾਣੇ ਦੀ ਖਰੀਦ ਲਈ ਵਚਨਬੱਧ ਹੈ, ਸ੍ਰੀ ਕਟਾਰੂਚੱਕ ਨੇ ਕਿਹਾ ਕਿ ਖਰੀਦ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਰਾਹੁਲ ਤਿਵਾੜੀ ਅਤੇ ਸਕੱਤਰ-ਕਮ-ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਵੀ ਮੌਜੂਦ ਸਨ।

ਵੱਡੀ ਖ਼ਬਰ: SGPC ਮੁਲਾਜ਼ਮਾਂ ਦੇ DA ‘ਚ 4% ਵਾਧਾ, ਰਾਜੋਆਣਾ ਦੀ ਫਾਂਸੀ ਬਾਰੇ ਵੀ ਲਿਆ ਸਖ਼ਤ ਸਟੈਂਡ

ਵੱਡੀ ਖ਼ਬਰ: SGPC ਮੁਲਾਜ਼ਮਾਂ ਦੇ DA ‘ਚ 4% ਵਾਧਾ, ਰਾਜੋਆਣਾ ਦੀ ਫਾਂਸੀ ਬਾਰੇ ਵੀ ਲਿਆ ਸਖ਼ਤ ਸਟੈਂਡ

ਅੰਮ੍ਰਿਤਸਰ :

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਹੋਈ।

ਮੀਟਿੰਗ ’ਚ ਜਾਣਕਾਰੀ ਅਨੁਸਾਰ ਮੀਟਿੰਗ ਦੇ ਵਿਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਚਾਰ ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਧਾਮੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਸੇਵਾ ਕਾਲ ਸਬੰਧੀ ਨਿਯਮ ਬਣਾਉਣ ਲਈ ਮੰਗੇ ਗਏ ਸੁਝਾਵਾਂ ਸਬੰਧੀ ਹੋਰ ਸਮਾਂ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਬੰਧੀ ਕੇਂਦਰ ਸਰਕਾਰ ਆਰ- ਪਾਰ ਦਾ ਫੈਸਲਾ ਦੇਵੇ।

ਮੀਟਿੰਗ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਨਾਲ-ਨਾਲ ਭਾਈ ਸਤੀ ਦਾਸ ਜੀ ,ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਕਰਵਾਉਣ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਤਾਗੱਦੀ ਸਮਾਗਮ 18 ਅਪ੍ਰੈਲ ਤੋਂ ਆਰੰਭ ਹੋਣਗੇ ਬਾਰੇ ਜਾਣਕਾਰੀ ਦਿੱਤੀ ਗਈ।

ਇਨ੍ਹਾਂ 350 ਸਾਲਾ ਸ਼ਤਾਬਦੀਆਂ ਨੂੰ ਮਨਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਜ ਕਰੋੜ ਰੁਪਏ ਦਾ ਵੱਖਰਾ ਬਜਟ ਰੱਖਿਆ ਹੈ।

 

Weather Alert: ਮੌਸਮ ਵਿਭਾਗ ਵੱਲੋਂ ਚੱਕਰਵਾਤੀ ਤੂਫ਼ਾਨ ਦਾ ਅਲਰਟ ਜਾਰੀ

 

Weather Alert: ਜਿੱਥੇ ਇੱਕ ਪਾਸੇ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ, ਉੱਥੇ ਦੂਜੇ ਪਾਸੇ ਤੂਫ਼ਾਨ ਦੇ ਨਾਲ ਮੀਂਹ ਪਵੇਗਾ। ਧੂੜ ਭਰੀ ਹਨੇਰੀ ਅਤੇ ਮੀਂਹ ਗਰਮੀ ਤੋਂ ਰਾਹਤ ਪ੍ਰਦਾਨ ਕਰਨਗੇ।ਚੱਕਰਵਾਤੀ ਸਰਕੂਲੇਸ਼ਨ ਦੇ ਨਾਲ ਪੱਛਮੀ ਗੜਬੜ ਵੀ ਸਰਗਰਮ ਹੈ।

ਇਸ ਸਬੰਧੀ ਮੌਸਮ ਵਿਭਾਗ (IMD) ਨੇ ਅਲਰਟ ਜਾਰੀ ਕੀਤਾ ਹੈ। ਪੰਜਾਬ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਇਸ ਗੜਬੜੀ ਦਾ ਵੀ ਅਸਰ ਵੇਖਣ ਨੂੰ ਮਿਲ ਸਕਦਾ ਹੈ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਗਲੇ ਦਿਨਾਂ ਵਿੱਚ ਹੋ ਸਕਦੀ ਹੈ।

ਇੱਕ ਚੱਕਰਵਾਤੀ ਸਰਕੂਲੇਸ਼ਨ ਪੱਛਮੀ ਰਾਜਸਥਾਨ ਉੱਤੇ, ਦੂਜਾ ਦੱਖਣੀ ਮੱਧ ਪ੍ਰਦੇਸ਼ ਦੇ ਕੇਂਦਰੀ ਹਿੱਸੇ ਉੱਤੇ, ਤੀਜਾ ਮੰਨਾਰ ਦੀ ਖਾੜੀ ਉੱਤੇ, ਚੌਥਾ ਦੱਖਣ-ਪੱਛਮੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਤਾਮਿਲਨਾਡੂ ਉੱਤੇ ਅਤੇ ਪੰਜਵਾਂ ਪੱਛਮੀ ਅਸਾਮ ਉੱਤੇ ਬਣਿਆ ਹੈ।

ਇੱਕ ਟ੍ਰਫ਼ ਮੱਧ ਦੱਖਣੀ ਮੱਧ ਪ੍ਰਦੇਸ਼ ਉੱਤੇ ਚੱਕਰਵਾਤੀ ਸਰਕੂਲੇਸ਼ਨ ਤੋਂ ਦੱਖਣੀ ਗੰਗਾ ਪੱਛਮੀ ਬੰਗਾਲ ਤੱਕ ਫੈਲਿਆ ਹੋਇਆ ਹੈ, ਜਦੋਂ ਕਿ ਦੂਜਾ ਟ੍ਰਫ਼ ਮੱਧ ਦੱਖਣੀ ਮੱਧ ਪ੍ਰਦੇਸ਼ ਉੱਤੇ ਚੱਕਰਵਾਤੀ ਸਰਕੂਲੇਸ਼ਨ ਤੋਂ ਦੱਖਣੀ ਅੰਦਰੂਨੀ ਕਰਨਾਟਕ ਤੱਕ ਫੈਲਿਆ ਹੋਇਆ ਹੈ। ਇਸ ਦੇ ਪ੍ਰਭਾਵ ਕਾਰਨ ਕਈ ਰਾਜਾਂ ਵਿੱਚ ਤੂਫਾਨ ਦੇ ਨਾਲ-ਨਾਲ ਭਾਰੀ ਬਾਰਿਸ਼ ਹੋਵੇਗੀ।

ਧੂੜ ਭਰੀ ਹਨੇਰੀ ਚੱਲੇਗੀ, ਬੱਦਲ ਵਰ੍ਹਣਗੇ

ਉੱਤਰ-ਪੂਰਬ ਅਤੇ ਪੂਰਬੀ ਭਾਰਤ ਵਿੱਚ ਅਗਲੇ 5 ਦਿਨਾਂ ਤੱਕ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਵੇਗੀ।

ਮੱਧ ਭਾਰਤ ਅਤੇ ਮਹਾਰਾਸ਼ਟਰ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਅਤੇ ਧੂੜ ਭਰੀਆਂ ਹਨੇਰੀਆਂ ਆਉਣਗੀਆਂ। ਬਿਹਾਰ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ ਵਿੱਚ 17 ਅਪ੍ਰੈਲ ਨੂੰ ਅਤੇ ਅਸਾਮ ਵਿੱਚ 16-17 ਅਪ੍ਰੈਲ ਨੂੰ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈ ਸਕਦਾ ਹੈ।

ਝਾਰਖੰਡ, ਓਡੀਸ਼ਾ ਅਤੇ ਮੇਘਾਲਿਆ ਵਿੱਚ 16-18 ਅਪ੍ਰੈਲ ਦੌਰਾਨ ਮੀਂਹ ਦੇ ਨਾਲ-ਨਾਲ ਗੜੇਮਾਰੀ ਹੋਵੇਗੀ ਅਤੇ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਪੱਛਮੀ ਗੜਬੜੀ ਫਿਰ ਹੋਵੇਗੀ ਸਰਗਰਮ

ਇੱਕ ਪੱਛਮੀ ਗੜਬੜੀ 16 ਤੋਂ 20 ਅਪ੍ਰੈਲ ਦੇ ਵਿਚਕਾਰ ਪੱਛਮੀ ਹਿਮਾਲਿਆਈ ਖੇਤਰ ਨੂੰ ਪ੍ਰਭਾਵਿਤ ਕਰੇਗੀ, ਜਿਸ ਨਾਲ 18-19 ਅਪ੍ਰੈਲ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਅਤੇ ਗੜੇਮਾਰੀ ਹੋਵੇਗੀ।

18 ਤੋਂ 20 ਅਪ੍ਰੈਲ ਤੱਕ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਅਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਰਾਜਸਥਾਨ ਵਿੱਚ 16-17 ਅਪ੍ਰੈਲ ਨੂੰ ਧੂੜ ਭਰੇ ਤੂਫਾਨ ਆਉਣ ਦੀ ਸੰਭਾਵਨਾ ਹੈ।

ਉਪ-ਹਿਮਾਲੀਅਨ ਅਤੇ ਗੰਗਾ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 17-18 ਅਪ੍ਰੈਲ ਨੂੰ ਬੱਦਲਵਾਈ ਰਹੇਗੀ ਅਤੇ ਛੱਤੀਸਗੜ੍ਹ ਵਿੱਚ 16 ਅਪ੍ਰੈਲ ਨੂੰ ਬੱਦਲਵਾਈ ਰਹੇਗੀ। ਤਾਮਿਲਨਾਡੂ, ਪੁਡੂਚੇਰੀ, ਤੱਟਵਰਤੀ ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਵਿੱਚ ਅਗਲੇ 5 ਦਿਨਾਂ ਦੌਰਾਨ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਸਕਦੀ ਹੈ। 17 ਅਪ੍ਰੈਲ ਨੂੰ ਕੇਰਲ ਵਿੱਚ ਮੀਂਹ ਪਵੇਗਾ।

ਆਈਐਮਡੀ ਨੇ ਗਰਮੀ ਦੀ ਲਹਿਰ ਦੀ ਜਾਰੀ ਕੀਤੀ ਚੇਤਾਵਨੀ

ਆਈਐਮਡੀ ਨੇ ਗਰਮੀ ਅਤੇ ਗਰਮੀ ਦੀ ਲਹਿਰ ਦੇ ਸੰਬੰਧ ਵਿੱਚ ਇੱਕ ਅਲਰਟ ਜਾਰੀ ਕੀਤਾ ਹੈ। ਰਾਜਸਥਾਨ ਵਿੱਚ 16-18 ਅਪ੍ਰੈਲ ਦੌਰਾਨ ਗਰਮੀ ਦੀ ਲਹਿਰ ਜਾਰੀ ਰਹੇਗੀ, ਜਦੋਂ ਕਿ ਗੁਜਰਾਤ ਵਿੱਚ 15-17 ਅਪ੍ਰੈਲ ਦੌਰਾਨ ਤੇਜ਼ ਗਰਮੀ ਅਤੇ ਗਰਮੀ ਦੀ ਲਹਿਰ ਦੀ ਸਥਿਤੀ ਰਹੇਗੀ।

ਗੋਆ ਅਤੇ ਕੋਂਕਣ, ਕੇਰਲ, ਤਾਮਿਲਨਾਡੂ, ਪੁਡੂਚੇਰੀ, ਤੱਟਵਰਤੀ ਕਰਨਾਟਕ, ਮੱਧ ਮਹਾਰਾਸ਼ਟਰ ਵਿੱਚ ਗਰਮ ਹਵਾਵਾਂ ਚੱਲਣਗੀਆਂ। ਸੋਮਵਾਰ ਨੂੰ ਦੇਸ਼ ਭਰ ਵਿੱਚ ਰਾਜਸਥਾਨ ਦੇ ਬਾੜਮੇਰ ਵਿੱਚ ਸਭ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਹਾਰਾਸ਼ਟਰ, ਉੱਤਰੀ ਤੇਲੰਗਾਨਾ, ਅੰਦਰੂਨੀ ਓਡੀਸ਼ਾ, ਅੰਦਰੂਨੀ ਰਾਇਲਸੀਮਾ ਵਿੱਚ ਵੱਧ ਤੋਂ ਵੱਧ ਤਾਪਮਾਨ 40-44 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਦਰਜ ਕੀਤਾ ਗਿਆ।

ਜਦੋਂ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਗੰਗਾ ਪੱਛਮੀ ਬੰਗਾਲ, ਤੱਟਵਰਤੀ ਆਂਧਰਾ ਪ੍ਰਦੇਸ਼, ਗੋਆ, ਉੱਤਰੀ ਅੰਦਰੂਨੀ ਕਰਨਾਟਕ, ਤਾਮਿਲਨਾਡੂ, ਪੁਡੂਚੇਰੀ, ਕੇਰਲ ਵਿੱਚ ਵੱਧ ਤੋਂ ਵੱਧ ਤਾਪਮਾਨ 35-39 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ।

ਦਿੱਲੀ ACR ਨੂੰ ਬੱਦਲਾਂ ਨਾਲ ਢੱਕਿਆ

ਦਿੱਲੀ ਐਨਸੀਆਰ ਵਿੱਚ, ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਰਾਜਧਾਨੀ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 36 ਤੋਂ 38 ਡਿਗਰੀ ਅਤੇ 22 ਤੋਂ 24 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। 16 ਤੋਂ 18 ਅਪ੍ਰੈਲ ਤੱਕ ਦਿੱਲੀ ਐਨਸੀਆਰ ਵਿੱਚ ਅਸਮਾਨ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗਾ। ਵੱਧ ਤੋਂ ਵੱਧ ਤਾਪਮਾਨ 39 ਤੋਂ 41 ਡਿਗਰੀ ਤੱਕ ਪਹੁੰਚ ਸਕਦਾ ਹੈ।

 

Punjab News: ਹੁਣ ‘ਸਾਧੂ’ ਆਵੇਗਾ ਜੇਲ੍ਹੋਂ ਬਾਹਰ!

 

Sadhu Singh Dharamsot: ਸੁਪਰੀਮ ਕੋਰਟ ਨੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੱਡੀ ਰਾਹਤ ਦਿੱਤੀ ਹੈ।

ਸੁਪਰੀਮ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਹੈ। ਕਾਬਿਲੇਗੌਰ ਹੈ ਕਿ ਸਾਧੂ ਸਿੰਘ ਧਰਮਸੋਤ ਇਸ ਸਮੇਂ ਨਾਭਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਧਰਮਸੋਤ ਨੂੰ ਕੀਤਾ ਸੀ ਗ੍ਰਿਫ਼ਤਾਰ

ਦੱਸ ਦਈਏ ਕਿ ਈਡੀ ਨੇ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਧਰਮਸੋਤ ਨੂੰ ਜਨਵਰੀ ਵਿੱਚ ਈਡੀ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਧਰਮਸੋਤ ‘ਤੇ ਦੋਸ਼ ਹੈ ਕਿ ਜਦੋਂ ਉਹ ਮਾਰਚ 2016 ਤੋਂ ਮਾਰਚ 2022 ਤੱਕ ਜੰਗਲਾਤ ਮੰਤਰੀ ਸਨ, ਉਸ ਸਮੇਂ ਦੌਰਾਨ ਉਨ੍ਹਾਂ ਦੀ ਆਮਦਨ 2.37 ਕਰੋੜ ਰੁਪਏ ਸੀ, ਜਦੋਂ ਕਿ ਉਨ੍ਹਾਂ ਵੱਲੋਂ 8.76 ਕਰੋੜ ਰੁਪਏ ਖਰਚ ਕੀਤੇ ਗਏ ਸਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਸਤੰਬਰ 2024 ਵਿਚ ਹਾਈ ਕੋਰਟ ਨੇ ਉਨ੍ਹਾਂ ਦੀ ਨਿਯਮਤ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਅਦਾਲਤ ਨੇ ਉਸ ਨੂੰ ‘ਜੰਗਲ ਘਪਲੇ’ ਦਾ ਮਾਸਟਰਮਾਈਂਡ ਦੱਸਿਆ ਸੀ।

ਹਾਈ ਕੋਰਟ ਨੇ ਕਿਹਾ ਸੀ, “ਪਹਿਲੀ ਨਜ਼ਰ ਨਾਲ, ਇਹ ਸਪੱਸ਼ਟ ਹੈ ਕਿ ਪਟੀਸ਼ਨਕਰਤਾ (ਜੰਗਲਾਤ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ) ਨੇ ਅਪਰਾਧ ਦੀ ਵੱਡੀ ਰਕਮ ਕਮਾਈ ਅਤੇ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਬੇਲੋੜੇ ਪੈਸੇ ਵਜੋਂ ਪੇਸ਼ ਕਰਕੇ ਧੋਖਾਧੜੀ ਕੀਤੀ। ਇਸ ਤੋਂ ਬਾਅਦ ਧਰਮਸੋਤ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ।

ਧਰਮਸੋਤ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਅਤੇ ਵਕੀਲ ਅਮਨ ਪੰਵਾਰ ਅਤੇ ਸੁਮੇਰ ਬੋਪਾਰਾਏ ਪੇਸ਼ ਹੋਏ ਤੇ ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।

 

Punjab News; ਪੰਜਾਬ ਦੇ 856 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ, 500 ਨਵੇਂ ਪ੍ਰਿੰਸੀਪਲਾਂ ਦੀ ਤੈਨਾਤੀ ਦੀਆਂ ਚੱਲੀਆਂ ਗੱਲਾਂ

 

9 ਸਿਖਿਆ ਬਲਾਕਾਂ ਵਿਚ ਇਕ ਵੀ ਪ੍ਰਿੰਸੀਪਲ ਹੀ ਨਹੀਂ- ਡੀਟੀਐਫ਼

ਗੁਰਪ੍ਰੀਤ, ਚੰਡੀਗੜ੍ਹ

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਦੀ ਸਥਿਤੀ ਨੂੰ ਲੈ ਕੇ ਪਿਛਲੇ ਦਿਨੀਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ਼.) ਵਲੋਂ ਜਾਰੀ ਰਿਪੋਰਟ ਅਨੁਸਾਰ 1927 ਵਿਚੋਂ 856 (44 ਫ਼ੀ ਸਦੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀ ਖ਼ਾਲੀ ਹੋਣ, 10 ਜ਼ਿਲ੍ਹਿਆਂ ਅਤੇ 77 ਸਿਖਿਆ ਬਲਾਕਾਂ ਦੇ 50 ਫ਼ੀ ਸਦੀ ਤੋਂ ਜ਼ਿਆਦਾ ਸਕੂਲਾਂ ਵਿਚ ਕੋਈ ਵੀ ਪ੍ਰਿੰਸੀਪਲ ਨਾ ਹੋਣ ਦੇ ਖ਼ੁਲਾਸੇ ਹੋਏ ਹਨ।

ਹਾਲਾਂਕਿ ਹੁਣ ਪੰਜਾਬ ਸਰਕਾਰ ਨੇ ਪੰਜਾਬ ਸਕੂਲਾਂ ਨੁੰ ਨਵੇਂ ਪ੍ਰਿੰਸੀਪਲ ਦੇਣ ਦਾ ਫ਼ੈਸਲਾ ਕੀਤਾ ਹੈ। ਪਰ ਇਹ ਨਵੇਂ ਪ੍ਰਿੰਸੀਪਲ ਸਕੂਲਾਂ ਵਿੱਚ ਕਦੋਂ ਤੈਨਾਤ ਹੋਣਗੇ, ਇਹ ਸਵਾਲ ਜਿਊਂ ਦਾ ਤਿਊਂ ਬਣਿਆ ਹੋਇਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ, ਸਕੂਲ ਪ੍ਰਿੰਸੀਪਲਾਂ ਲਈ ਪ੍ਰਮੋਸ਼ਨ ਕੋਟਾ ਵਧਾ ਕੇ 75% ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਸੂਬੇ ਦੇ ਸਕੂਲਾਂ ਵਿੱਚ 500 ਨਵੇਂ ਪ੍ਰਿੰਸੀਪਲਾਂ ਦੀ ਨਿਯੁਕਤੀ ਦਾ ਰਾਹ ਪੱਧਰਾ ਹੋਵੇਗਾ।

ਪਿਛਲੀ ਕਾਂਗਰਸ ਸਰਕਾਰ ਦੌਰਾਨ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਲਈ ਕੋਟਾ ਘਟਾ ਕੇ 50% ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਭਾਰੀ ਘਾਟ ਪੈਦਾ ਹੋ ਗਈ ਸੀ। ਇਸ ਬਦਲਾਅ ਨੇ ਨਾ ਸਿਰਫ਼ ਯੋਗ ਸੀਨੀਅਰ ਅਧਿਆਪਕਾਂ ਲਈ ਤਰੱਕੀ ਦੇ ਮੌਕਿਆਂ ਨੂੰ ਰੋਕਿਆ, ਸਗੋਂ ਭਰਤੀ ਪ੍ਰਕਿਰਿਆਵਾਂ ਵਿੱਚ ਦੇਰੀ ਅਤੇ ਕਾਨੂੰਨੀ ਵਿਵਾਦਾਂ ਕਾਰਨ ਮਹੱਤਵਪੂਰਨ ਪੋਸਟਾਂ ਵੀ ਭਰ ਨਹੀਂ ਸਕਿਆਂ।

ਪੰਜਾਬ ਸਰਕਾਰ ਵੱਲੋਂ ਪ੍ਰਿੰਸੀਪਲਾਂ ਲਈ 75% ਪ੍ਰਮੋਸ਼ਨ ਕੋਟੇ ਨੂੰ ਬਹਾਲ ਕਰਨ ਦਾ ਫ਼ੈਸਲਾ- ਮੰਤਰੀ ਬੈਂਸ ਦਾ ਦਾਅਵਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੀ ਸਰਕਾਰ ਦੀਆਂ ਅਸਫਲਤਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ, “2018 ਵਿੱਚ ਕਾਂਗਰਸ ਸਰਕਾਰ ਨੇ ਨਿਯਮਾਂ ਵਿੱਚ ਬਦਲਾਅ ਕੀਤਾ, ਪ੍ਰਿੰਸੀਪਲਾਂ ਲਈ ਪ੍ਰਮੋਸ਼ਨ ਕੋਟਾ 75% ਤੋਂ ਘਟਾ ਕੇ 50% ਕਰ ਦਿੱਤਾ ਸੀ। ਇਸ ਬੇਇਨਸਾਫ਼ੀ ਵਾਲੇ ਬਦਲਾਅ ਨੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਤੋਂ ਵਾਂਝਾ ਕਰ ਦਿੱਤਾ ਅਤੇ ਬਹੁਤ ਸਾਰੇ ਸਕੂਲਾਂ ਨੂੰ ਪ੍ਰਿੰਸੀਪਲਾਂ ਨਹੀਂ ਮਿਲ ਸਕੇ। 50% ਸਿੱਧੀ ਭਰਤੀ ਕੋਟੇ ਕਾਰਨ ਨਿਯੁਕਤੀਆਂ ਦਾ ਬੈਕਲਾਗ ਕਾਨੂੰਨੀ ਚੁਣੌਤੀਆਂ ਵਿੱਚ ਫਸ ਗਿਆ, ਜਿਸ ਨਾਲ ਸਮੱਸਿਆ ਹੋਰ ਵੀ ਗੁੰਝਲਦਾਰ ਹੋ ਗਈ।”

ਮੰਤਰੀ ਬੈਂਸ ਨੇ ਪੰਜਾਬ ਸਰਕਾਰ ਦੇ ਪ੍ਰਿੰਸੀਪਲਾਂ ਲਈ 75% ਪ੍ਰਮੋਸ਼ਨ ਕੋਟੇ ਨੂੰ ਬਹਾਲ ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ, ਜਿਸ ਨਾਲ ਵੱਡੀ ਗਿਣਤੀ ਵਿੱਚ ਯੋਗ ਸੀਨੀਅਰ ਅਧਿਆਪਕ ਸਕੂਲਾਂ ਵਿੱਚ ਲੀਡਰਸ਼ਿਪ ਭੂਮਿਕਾਵਾਂ ਸੰਭਾਲ ਸਕਣਗੇ। ਉਨ੍ਹਾਂ ਅੱਗੇ ਕਿਹਾ, “ਇਹ ਫ਼ੈਸਲਾ ਰਾਜ ਭਰ ਵਿੱਚ ਲਗਭਗ 500 ਨਵੇਂ ਪ੍ਰਿੰਸੀਪਲਾਂ ਦੀ ਤਰੱਕੀ ਨੂੰ ਸਮਰੱਥ ਬਣਾਏਗਾ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇਗਾ ਕਿ ਸਾਡੇ ਸਕੂਲਾਂ ਵਿੱਚ ਵਿੱਦਿਅਕ ਉੱਤਮਤਾ ਨੂੰ ਅੱਗੇ ਵਧਾਉਣ ਲਈ ਪ੍ਰਭਾਵਸ਼ਾਲੀ ਆਗੂ ਹੋਣ। ਇਹ ਸਾਡੇ ਸਿੱਖਿਅਕਾਂ ਦੇ ਅਧਿਕਾਰਾਂ ਨੂੰ ਵੀ ਬਹਾਲ ਕਰਦਾ ਹੈ, ਜੋ ਪਿਛਲੀ ਸਰਕਾਰ ਦੁਆਰਾ ਬੇਇਨਸਾਫ਼ੀ ਨਾਲ ਖੋਹ ਲਏ ਗਏ ਸਨ।”

ਮੰਤਰੀ ਨੇ ਅੱਗੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਹਮੇਸ਼ਾ ਅਧਿਆਪਕਾਂ ਦੇ ਸਸ਼ਕਤੀਕਰਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਇਹ ਇਤਿਹਾਸਕ ਫ਼ੈਸਲਾ ਸਿੱਖਿਆ ਖੇਤਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

1927 ਵਿਚੋਂ 856 ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀ ਖ਼ਾਲੀ ਹੋਣ- ਡੀਟੀਐਫ਼

ਡੀ.ਟੀ.ਐਫ਼. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦਸਿਆ ਕਿ ਜਥੇਬੰਦਕ ਢਾਂਚੇ ਰਾਹੀਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ 73 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 60 ਅਤੇ ਬਰਨਾਲੇ ਦੇ 47 ਵਿਚੋਂ 36 ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀਆਂ ਖ਼ਾਲੀ ਹਨ ਅਤੇ ਇਥੇ ਪ੍ਰਿੰਸੀਪਲਾਂ ਦੀ ਮੌਜੂਦਗੀ ਪੱਖੋਂ ਹਾਲ ਸੱਭ ਤੋਂ ਮੰਦੜੇ ਹਨ।

ਇਸੇ ਤਰ੍ਹਾਂ ਸੰਗਰੂਰ ਵਿਚ 95 ਵਿਚੋਂ 57 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀਆਂ ਖ਼ਾਲੀ ਪਈਆਂ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ 109 ਵਿਚੋਂ 17, ਫ਼ਤਿਹਗੜ੍ਹ ਸਾਹਿਬ ਦੇ 44 ਵਿਚੋਂ 11, ਬਠਿੰਡਾ ਦੇ 129 ਵਿਚੋਂ 82, ਫ਼ਿਰੋਜ਼ਪੁਰ ਦੇ 63 ਵਿਚੋਂ 33, ਫ਼ਾਜ਼ਿਲਕਾ 79 ਵਿਚੋਂ 18 ਸਕੂਲਾਂ ਵਿਚ ਅਸਾਮੀਆਂ ਖ਼ਾਲੀ ਪਈਆਂ ਹਨ।

ਇਹੀ ਹਾਲ ਮੁਕਤਸਰ ਵਿਚ ਵੀ ਹੈ ਜਿਥੇ 88 ਵਿਚੋਂ 32, ਮੋਗਾ ਦੇ 84 ਵਿਚੋਂ 56, ਫ਼ਰੀਦਕੋਟ ਦੇ 42 ਵਿਚੋਂ 18, ਮਾਲੇਰਕੋਟਲਾ ਦੇ 27 ਵਿਚੋਂ 14, ਲੁਧਿਆਣਾ ਦੇ 182 ਵਿਚੋਂ 69, ਅੰਮ੍ਰਿਤਸਰ ਦੇ 119 ਵਿਚੋਂ 36 ਜਗਾਵਾਂ ਤੇ ਅਸਾਮੀਆਂ ਖ਼ਾਲੀ ਪਾਈਆਂ ਹਨ। ਹੋਰਨਾਂ ਜ਼ਿਲ੍ਹਿਆਂ ਵਿਚੋਂ ਤਰਨਤਾਰਨ ਦੇ 77 ਵਿਚੋਂ 51, ਗੁਰਦਾਸਪੁਰ ਦੇ 117 ਵਿਚੋਂ 47, ਪਠਾਨਕੋਟ ਦੇ 47 ਵਿਚੋਂ 13, ਜਲੰਧਰ ਦੇ 159 ਵਿਚੋਂ 69, ਨਵਾਂ ਸ਼ਹਿਰ ਦੇ 52 ਵਿਚੋਂ 30, ਹੁਸ਼ਿਆਰਪੁਰ ਦੇ 130 ਵਿਚੋਂ 56 ਅਤੇ ਕਪੂਰਥਲਾ ਦੇ 62 ਵਿਚੋਂ 37 ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀਆਂ ਖ਼ਾਲੀ ਪਈਆਂ ਹਨ। ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਜ਼ਿਲ੍ਹੇ ਰੂਪਨਗਰ ਵਿਚ ਵੀ 55 ਵਿਚੋਂ 13 ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲ ਦੀ ਅਸਾਮੀ ਖ਼ਾਲੀ ਹੈ।

9 ਸਿਖਿਆ ਬਲਾਕਾਂ ਵਿਚ ਇਕ ਵੀ ਪ੍ਰਿੰਸੀਪਲ ਹੀ ਨਹੀਂ- ਡੀਟੀਐਫ਼

ਇਸ ਦੌਰਾਨ ਇਹ ਵੀ ਤੱਥ ਸਾਹਮਣੇ ਆਇਆ ਕਿ 9 ਸਿਖਿਆ ਬਲਾਕਾਂ ਵਿਚ ਇਕ ਵੀ ਪ੍ਰਿੰਸੀਪਲ ਹੀ ਨਹੀਂ ਹੈ। ਜਿਨ੍ਹਾਂ ਵਿਚ ਸੰਗਰੂਰ ਜ਼ਿਲ੍ਹੇ ਦਾ ਮੂਨਕ, ਹੁਸ਼ਿਆਰਪੁਰ ਦਾ ਗੜ੍ਹਸ਼ੰਕਰ-2, ਕਪੂਰਥਲੇ ਦੇ ਸੁਲਤਾਨਪੁਰ ਤੇ ਭੁਲੱਥ, ਨਵਾਂ ਸ਼ਹਿਰ ਦਾ ਸੜੋਆ, ਤਰਨਤਾਰਨ ਦਾ ਵਲਟੋਹਾ, ਜਲੰਧਰ ਦੇ ਸ਼ਾਹਕੋਟ ਤੇ ਨੂਰਮਹਿਲ ਅਤੇ ਅੰਮ੍ਰਿਤਸਰ ਦਾ ਅਜਨਾਲਾ-2 ਬਲਾਕ ਸ਼ਾਮਲ ਹਨ। ਇਸ ਤੋਂ ਇਲਾਵਾ 13 ਸਿਖਿਆ ਬਲਾਕਾਂ ਵਿਚ ਕੇਵਲ ਇਕ-ਇਕ ਪ੍ਰਿੰਸੀਪਲ ਹੀ ਮੌਜੂਦ ਹੈ। ਜਿਥੇ ਬਾਕੀ ਥਾਵਾਂ ’ਤੇ ਪ੍ਰਿੰਸੀਪਲਾਂ ਦੀ ਘਾਟ ਹੈ ਉੱਥੇ ਮੋਹਾਲੀ ਜ਼ਿਲ੍ਹੇ ਦੀਆਂ 47 ਵਿਚੋਂ 46 ਅਸਾਮੀਆਂ ਭਰੀਆਂ ਹੋਈਆਂ ਹਨ ਅਤੇ ਇਕ ਖ਼ਾਲੀ ਹੈ।

ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਤੇ ਕੁਲਵਿੰਦਰ ਜੋਸ਼ਨ, ਪ੍ਰੈਸ ਸਕੱਤਰ ਪਵਨ ਕੁਮਾਰ ਮੁਕਤਸਰ, ਸੂਬਾਈ ਆਗੂਆਂ ਸੁਖਦੇਵ ਡਾਨਸੀਵਾਲ ਅਤੇ ਤਜਿੰਦਰ ਕਪੂਰਥਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਰਕਾਰੀ ਸਕੂਲਾਂ ਵਿਚ ਮਿਆਰੀ ਸਿਖਿਆ ਦੇਣ ਲਈ ਸਾਰੇ ਕਾਡਰਾਂ ਦੀਆਂ ਸਮੁੱਚੀਆਂ ਅਸਾਮੀਆਂ ਭਰਕੇ, ਅਧਿਆਪਕਾਂ ਤੋਂ ਲਏ ਜਾ ਰਹੇ ਗ਼ੈਰ ਵਿਦਿਅਕ ਕੰਮਾਂ ’ਤੇ ਮੁਕੰਮਲ ਰੋਕ ਲਗਾ ਕੇ ਅਤੇ ਕੇਂਦਰੀ ਸਿਖਿਆ ਨੀਤੀ-2020 ਲਾਗੂ ਕਰਨ ਦੀ ਥਾਂ ਪੰਜਾਬ ਦੇ ਸਥਾਨਕ ਹਾਲਾਤ ਅਨੁਸਾਰ ਅਪਣੀ ਸਿਖਿਆ ਨੀਤੀ ਤਿਆਰ ਕਰਦਿਆਂ ਸਿਖਿਆ ਖੇਤਰ ਵਿਚ ਬੁਨਿਆਦੀ ਸੁਧਾਰ ਕਰਨ ਵਲ ਵਧਣਾ ਚਾਹੀਦਾ ਹੈ।

 

ਸਰਕਾਰੀ ਸਕੂਲ ਕਦੇ ਵੀ ‘ਓਹਨਾ’ ਦੇ ਏਜੰਡੇ ’ਤੇ ਨਹੀਂ ਰਹੇ- ਭਗਵੰਤ ਮਾਨ ਦਾ ਵੱਡਾ ਬਿਆਨ

 

ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਸਮਰਪਿਤ ਹੋ ਕੇ ਕਰਦੇ ਰਹਾਂਗੇ-ਮੁੱਖ ਮੰਤਰੀ ਨੇ ਲਿਆ ਸੰਕਲਪ

ਛਾਜਲੀ ਵਿਖੇ ‘ਸਕੂਲ ਆਫ ਐਮੀਨੈਂਸ’ ਲੋਕਾਂ ਨੂੰ ਕੀਤਾ ਸਮਰਪਿਤ

ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣਗੇ ‘ਸਕੂਲ ਆਫ ਐਮੀਨੈਂਸ’

ਪੰਜਾਬ ਨੈੱਟਵਰਕ, ਛਾਜਲੀ (ਸੰਗਰੂਰ)

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਦਾ ਇਰਾਦਾ ਅਤੇ ਇੱਛਾ ਸ਼ਕਤੀ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਪੰਜਾਬੀਆਂ ਦੀ ਤਰੱਕੀ ਨੂੰ ਯਕੀਨੀ ਬਣਾਉਣਾ ਹੈ ਅਤੇ ਉਹ ਇਸ ਮਨੋਰਥ ਲਈ ਲੋਕਾਂ ਦੀ ਜੀਅ-ਜਾਨ ਨਾਲ ਸੇਵਾ ਕਰ ਰਹੀ ਹੈ।

ਅੱਜ ਇੱਥੇ ਨਵੇਂ ਬਣੇ ‘ਸਕੂਲ ਆਫ਼ ਐਮੀਨੈਂਸ’ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਤੇ ਤਰੱਕੀ ਨੂੰ ਵੱਡਾ ਹੁਲਾਰਾ ਦੇਣ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਅਤੇ ਹੋਰ ਸਾਰੇ ਖੇਤਰਾਂ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਵਿਆਪਕ ਵਿਕਾਸ ਹੋਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇਸ ਕਰਕੇ ਸੰਭਵ ਹੋ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਦਾ ਉਦੇਸ਼ ਸਮਰਪਣ, ਵਚਨਬੱਧਤਾ ਅਤੇ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸੇਵਾ ਕਰਨ ਲਈ ਅਜਿਹੇ ਉਪਰਾਲਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ ਸਗੋਂ ਉਲਟਾ ਹਾਕਮ ਬਣ ਕੇ ਸੱਤਾ ਭੋਗੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਸੂਬਾ ਗਲਤ ਹੱਥਾਂ ਵਿੱਚ ਸੀ ਜਿਸ ਕਾਰਨ ਸੂਬੇ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਉਨ੍ਹਾਂ ਦੀ ਸਰਕਾਰ ਨੇ ਜਨਤਕ ਸਰੋਕਾਰ ਵਾਲੇ ਅਜਿਹੇ ਭਲਾਈ ਕਾਰਜਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵੱਡੇ ਨੇਤਾਵਾਂ ਦੇ ਧੀਆਂ-ਪੁੱਤਰ ਤਾਂ ਪਹਾੜਾਂ ਵਾਲੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਸਨ, ਜਿਸ ਕਾਰਨ ਸਰਕਾਰੀ ਸਕੂਲ ਕਦੇ ਵੀ ਉਨ੍ਹਾਂ ਦੇ ਏਜੰਡੇ ’ਤੇ ਨਹੀਂ ਰਹੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਿੱਖਿਆ ਦੇਣ ਦੀ ਬਜਾਏ ਸਰਕਾਰੀ ਸਕੂਲ ਸਿਰਫ਼ ਮਿਡ-ਡੇ-ਮੀਲ ਦਾ ਜ਼ਰੀਆ ਬਣ ਗਏ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਇਕੋ-ਇਕ ਉਦੇਸ਼ ਨਾਲ ਸੂਬੇ ਭਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਜੀਵਨ ਵਿੱਚ ਬੁਲੰਦੀਆਂ ਛੂਹ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵਰਗੇ ਕੌਮੀ ਨੇਤਾਵਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਸਕੂਲਾਂ ਦਾ ਨਿਰਮਾਣ ਕਰਕੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਿਖਰਲਾ ਸਥਾਨ ਪ੍ਰਾਪਤ ਕਰਨ ਦੇ ਸੁਪਨਿਆਂ ਦੀ ਉਡਾਣ ਭਰਨ ਲਈ ਖੰਭ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਵੱਡੀ ਕ੍ਰਾਂਤੀ ਵੱਲ ਵਧ ਰਿਹਾ ਹੈ ਅਤੇ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਸਕੂਲ ਇਸ ਦੀ ਬਿਹਤਰ ਮਿਸਾਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਯਾਦਗਾਰੀ ਮੌਕਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ, ਦੇਸ਼ ਦਾ ਮੋਹਰੀ ਸੂਬਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀ ਕਰਨਗੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਉਪਰਾਲੇ ਨਾਲ ਵਿਦਿਆਰਥੀਆਂ ਦੀ ਤਕਦੀਰ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਲਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਨੂੰ ਸਮਾਜ ਦੇ ਕਮਜ਼ੋਰ ਤੇ ਪਛੜੇ ਵਰਗਾਂ ਤੋਂ ਵਿੱਤ ਮੰਤਰੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਅਹੁਦਾ ਅਮੀਰ ਆਗੂਆਂ ਲਈ ਰਾਖਵਾਂ ਹੁੰਦਾ ਸੀ ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ‘ਕਾਕਾ ਜੀ’ ਵਜੋਂ ਜਾਣਿਆ ਜਾਂਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਇਕ ਇਤਿਹਾਸਕ ਬਦਲਾਅ ਹੈ ਕਿਉਂਕਿ ਸੱਤਾ ਆਮ ਆਦਮੀ ਦੇ ਹੱਥਾਂ ਵਿੱਚ ਸੌਂਪੀ ਗਈ ਹੈ, ਜੋ ਕਿ ਸਾਡੇ ਮਹਾਨ ਰਾਸ਼ਟਰੀ ਆਗੂਆਂ ਦਾ ਸੁਪਨਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਨਸ਼ਿਆਂ, ਰੇਤ, ਟਰਾਂਸਪੋਰਟ, ਕੇਬਲ ਅਤੇ ਹੋਰ ਮਾਫੀਏ ਨੂੰ ਪਨਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪੰਜਾਬ ਅਤੇ ਪੰਜਾਬੀਆਂ ਨਾਲ ਕੋਈ ਹਮਦਰਦੀ ਨਹੀਂ ਸੀ ਸਗੋਂ ਉਨ੍ਹਾਂ ਨੇ ਸੂਬੇ ਦੇ ਖਜ਼ਾਨੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਆਗੂਆਂ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਕਦੇ ਮੁਆਫ਼ ਨਹੀਂ ਕਰਨਗੇ।

ਇਸ ਦੌਰਾਨ ਲੜਕੀਆਂ ਨੂੰ ਅੱਗੇ ਆਉਣ ਅਤੇ ਸਿੱਖਿਆ ਰਾਹੀਂ ਆਪਣੇ ਆਪ ਨੂੰ ਕਾਬਲ ਤੇ ਸਮਰੱਥ ਬਣਾਉਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਅੱਗੇ ਵਧ ਗਈਆਂ ਹਨ, ਜਿਨ੍ਹਾਂ ਵਿੱਚ ਉਹ ਖੇਤਰ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲਾਂ ਪੁਰਸ਼ਾਂ ਦੀ ਜਾਗੀਰ ਮੰਨਿਆ ਜਾਂਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਅਤੇ ਸੂਬੇ ਦੇ ਵਡੇਰੇ ਹਿੱਤ ਵਿੱਚ ਔਰਤਾਂ ਦਾ ਸਮਰੱਥਵਾਨ ਹੋਣਾ ਬਹੁਤ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਇਸ ਇਤਿਹਾਸਕ ਦਿਨ ਲਈ ਸਾਰੇ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਹੋਰਾਂ ਨੂੰ ਵਧਾਈ ਦਿੱਤੀ ਕਿਉਂਕਿ ਇਹ ਸ਼ਾਨਦਾਰ ਸਕੂਲ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਖੇਤਰ ਨਾਲ ਆਪਣੀ ਲੰਬੀ ਸਾਂਝ ਨੂੰ ਯਾਦ ਕੀਤਾ ਜਿੱਥੇ ਉਨ੍ਹਾਂ ਨੇ ਆਪਣਾ ਬਚਪਨ ਬਿਤਾਇਆ ਸੀ ਅਤੇ ਇੱਥੋਂ ਹੀ ਉਹ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਭਰ ਵਿੱਚ ਸਰਕਾਰੀ ਸਕੂਲਾਂ ਦਾ ਸੰਪੂਰਨ ਰੂਪ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਮੌਕੇ ਪ੍ਰਦਾਨ ਕਰ ਰਹੀ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਅਤੇ ਹੋਰ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ।

 

Good News: ਪੰਜਾਬ ਦੇ 500 ਅਧਿਆਪਕਾਂ ਨੂੰ ਮਿਲੇਗੀ ਤਰੱਕੀ: ਹਰਜੋਤ ਬੈਂਸ ਦਾ ਵੱਡਾ ਫ਼ੈਸਲਾ

 

ਸਰਕਾਰ ਵੱਲੋਂ ਪ੍ਰਿੰਸੀਪਲਾਂ ਲਈ ਤਰੱਕੀ ਕੋਟਾ 75 ਫ਼ੀਸਦੀ ਕਰਨ ਦਾ ਫ਼ੈਸਲਾ, 500 ਅਧਿਆਪਕਾਂ ਨੂੰ ਮਿਲੇਗੀ ਤਰੱਕੀ: ਹਰਜੋਤ ਬੈਂਸ

ਅਹਿਮ ਫ਼ੈਸਲਾ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਧਿਆਪਕਾਂ ਦੀ ਭਲਾਈ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ: ਸਿੱਖਿਆ ਮੰਤਰੀ

ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2018 ਵਿੱਚ ਕੋਟਾ 75 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕਰਨ ਨਾਲ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਹੋ ਗਈ ਸੀ ਪ੍ਰਿੰਸੀਪਲਾਂ ਦੀ ਘਾਟ

ਪੰਜਾਬ ਨੈੱਟਵਰਕ, ਚੰਡੀਗੜ੍ਹ

ਸੂਬੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਪ੍ਰਿੰਸੀਪਲਾਂ ਲਈ ਤਰੱਕੀ ਕੋਟਾ 50 ਫ਼ੀਸਦ ਤੋਂ ਵਧਾ ਕੇ 75 ਫ਼ੀਸਦ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਹੈ, ਜਿਸ ਨਾਲ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ 500 ਅਧਿਆਪਕਾਂ ਨੂੰ ਪ੍ਰਿੰਸੀਪਲ ਵਜੋਂ ਤਰੱਕੀ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਫ਼ੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਧਿਆਪਕਾਂ ਦੀ ਭਲਾਈ ਅਤੇ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਪ੍ਰਤੀ ਦ੍ਰਿੜ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ।

ਸਿੱਖਿਆ ਮੰਤਰੀ ਨੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਲਏ ਗ਼ਲਤ ਫ਼ੈਸਲੇ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਸਾਲ 2018 ਵਿੱਚ ਕਾਂਗਰਸ ਸਰਕਾਰ ਨੇ ਇਸ ਕੋਟੇ ਨੂੰ 75 ਫ਼ੀਸਦ ਤੋਂ ਘਟਾ ਕੇ 50 ਫ਼ੀਸਦ ਕਰ ਦਿੱਤਾ ਸੀ, ਜਿਸ ਕਾਰਨ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਘਾਟ ਆ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੁਣ ਇਸ ਕੋਟੇ ਨੂੰ ਮੁੜ ਵਧਾਉਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਿੰਸੀਪਲਾਂ ਦੇ ਕੋਟੇ ਵਿੱਚ ਕੀਤਾ ਇਹ ਵਾਧਾ ਮਾਹਰ ਅਤੇ ਯੋਗ ਅਧਿਆਪਕਾਂ ਨੂੰ ਅਗਵਾਈ ਦੀਆਂ ਵਿਸ਼ੇਸ਼ ਭੂਮਿਕਾਵਾਂ ਨਿਭਾਉਣ ਦੇ ਵਧੇਰੇ ਮੌਕੇ ਪ੍ਰਦਾਨ ਕਰੇਗਾ ਜਿਸ ਨਾਲ ਸਕੂਲਾਂ ਵਿੱਚ ਵਧੇਰੇ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਵਿਦਿਅਕ ਵਾਤਾਵਰਣ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।

ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਇਤਿਹਾਸਕ ਫ਼ੈਸਲਾ ਅਧਿਆਪਕਾਂ ਦੀ ਤਰੱਕੀ ਵਿੱਚ ਆਈ ਖੜੋਤ ਨੂੰ ਖ਼ਤਮ ਕਰਨ ਦੇ ਨਾਲ-ਨਾਲ ਅਕਾਦਮਿਕ ਵਿਕਾਸ ਲਈ ਵਧੇਰੇ ਅਨੁਕੂਲ ਅਤੇ ਪ੍ਰੇਰਨਾਦਾਇਕ ਮਾਹੌਲ ਪੈਦਾ ਕਰੇਗਾ।

ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਅਤੇ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਲਈ ਸਮਰਪਿਤ ਹਨ, ਇਸ ਲਈ ਸਰਕਾਰੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਵਿਧੀਆਂ ਨਾਲ ਲੈਸ ਕਰਨ ਲਈ ਪ੍ਰਮੁੱਖ ਕੌਮਾਂਤਰੀ ਅਤੇ ਕੌਮੀ ਸਿਖਲਾਈ ਸੰਸਥਾਵਾਂ ਵਿੱਚ ਭੇਜਿਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ 2000 ਕਰੋੜ ਰੁਪਏ ਦੀ ਲਾਗਤ ਨਾਲ 12,000 ਤੋਂ ਵੱਧ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਆਫ਼ ਐਮੀਨੈਂਸ ਦੀ ਸਥਾਪਨਾ ਕੀਤੀ ਗਈ ਹੈ।

 

Rain Alert: ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ, ਪੜ੍ਹੋ ਕਦੋਂ ਪਵੇਗਾ ਮੀਂਹ

 

Punjab Weather News : ਪੰਜਾਬ ਅਤੇ ਚੰਡੀਗੜ੍ਹ ਵਿੱਚ ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹੁਣ ਮੌਸਮ ਫਿਰ ਬਦਲਣ ਵਾਲਾ ਹੈ। 16 ਅਪ੍ਰੈਲ ਤੋਂ ਤਿੰਨ ਦਿਨ ਲੋਕਾਂ ਨੂੰ ਗਰਮੀ ਦੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੌਸਮ ਵਿਭਾਗ ਅਨੁਸਾਰ 17 ਅਪ੍ਰੈਲ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਜਦੋਂ ਕਿ 18 ਅਤੇ 19 ਅਪ੍ਰੈਲ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ, 16 ਤੋਂ 18 ਅਪ੍ਰੈਲ ਦੇ ਵਿਚਕਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਅਗਲੇ 48 ਤੋਂ 72 ਘੰਟਿਆਂ ਵਿੱਚ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਮੀ ਦੀ ਲਹਿਰ ਦੀ ਚਿਤਾਵਨੀ ਦਿੱਤੀ ਹੈ।

ਇਨ੍ਹਾਂ ਇਲਾਕਿਆਂ ਵਿੱਚ ਨਮੀ ਵਾਲੀ ਗਰਮੀ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਸੁਰੱਖਿਆ ਲਈ, ਛਾਂ ਵਿੱਚ ਰਹਿਣ ਅਤੇ ਹਾਈਡਰੇਟਿਡ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਗਰਮੀ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਨੂੰ ਤੇਜ਼ ਧੁੱਪ ਵਿੱਚ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਮਰੀਜ਼ਾਂ ਲਈ ਬਿਸਤਰੇ ਰਾਖਵੇਂ ਰੱਖੇ ਗਏ ਹਨ।

 

ਵੱਡੀ ਖ਼ਬਰ: SGPC ਦੀ ਅੰਤ੍ਰਿੰਗ ਕਮੇਟੀ ਦੀ 16 ਅਪ੍ਰੈਲ ਨੂੰ ਹੋਵੇਗੀ ਇਕੱਤਰਤਾ

 

SGPC Meeting :

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੁਣ 16 ਅਪ੍ਰੈਲ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਅੰਤ੍ਰਿੰਗ ਕਮੇਟੀ ਦੀ ਇਹ ਇਕੱਤਰਤਾ 15 ਅਪ੍ਰੈਲ ਲਈ ਸੱਦੀ ਗਈ ਸੀ।

ਪ੍ਰੰਤੂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਣ ਹੁਣ ਇਹ ਮੀਟਿੰਗ 16 ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ।

ਪ੍ਰਤਾਪ ਸਿੰਘ ਨੇ ਦੱਸਿਆ ਕਿ ਵਿਭਾਗੀ ਕੰਮਾਂ-ਕਾਜਾਂ ਨਾਲ ਸੰਬੰਧਤ ਰੁਟੀਨ ਦੀ ਇਸ ਇਕੱਤਰਤਾ ਦਾ ਏਜੰਡਾ ਪਹਿਲਾਂ ਹੀ ਕਾਰਜਕਾਰਨੀ ਦੇ ਮੈਂਬਰਾਂ ਨੂੰ ਭੇਜਿਆ ਜਾ ਚੁੱਕਾ ਹੈ, ਜਿਸ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 30 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੰਤ੍ਰਿੰਗ ਕਮੇਟੀ ਵੱਲੋਂ ਲਏ ਗਏ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਚਾਲੂ ਕਰਨ ਦੇ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਯਓਤੀਰਾਦਿੱਤਿਆ ਸਿੰਧੀਆ ਨਾਲ ਰਾਬਤਾ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ’ਚ ਕੈਨੇਡਾ ਤੇ ਅਮਰੀਕਾ ਦੇ ਸਿੱਖ ਆਗੂਆਂ ਵੱਲੋਂ ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕੀਤਾ ਗਿਆ ਹੈ, ਜਿਸ ਨੂੰ ਅੰਤ੍ਰਿੰਗ ਕਮੇਟੀ ਨੇ ਸੰਜੀਦਗੀ ਨਾਲ ਲਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਵਿਦੇਸ਼ਾਂ ਵਿਚ 50 ਲੱਖ ਕਰੀਬ ਸਿੱਖ ਵੱਸਦੇ ਹਨ, ਜਿਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ, ਕੈਨੇਡਾ, ਯੂਰਪੀ ਦੇਸ਼, ਆਸਟ੍ਰੇਲੀਆ, ਯੂਕੇ ਆਦਿ ਦੇਸ਼ਾਂ ਲਈ ਸਿੱਧੀਆਂ ਉਡਾਣਾਂ ਚਾਲੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਸ ਨੂੰ ਲੈ ਕੇ ਅੰਤ੍ਰਿੰਗ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਅਤੇ ਜਲਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹਵਾਬਾਜ਼ੀ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਲਈ 15 ਲੱਖ ਰੁਪਏ ਸਾਲਾਨਾ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਭਲਾਈ ਲਈ ਮਿਸਾਲ ਕਾਇਮ ਕੀਤੀ ਹੈ ਅਤੇ ਉਨ੍ਹਾਂ ਦੀ ਸੋਚ ਨੂੰ ਲੈ ਕੇ ਪਿੰਗਲਵਾੜਾ ਸੁਸਾਇਟੀ ਅੱਗੇ ਵੱਧ ਰਹੀ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ 15 ਲੱਖ ਰੁਪਏ ਦੀ ਸਾਲਾਨਾ ਸਹਾਇਤਾ ਜਾਰੀ ਰੱਖੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੰਗ ਦੇ ਮਾਹੌਲ ਦਰਮਿਆਨ ਯੂਕ੍ਰੇਨ ਤੋਂ ਵਾਪਸ ਮੁੜਦੇ ਪੰਜਾਬੀ ਪਾੜ੍ਹਿਆਂ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਸਬੰਧ ਵਿਚ ਇੰਡੋ ਕੈਨੇਡੀਅਨ ਬੱਸ ਸਰਵਿਸ ਨਾਲ ਸਮਝੌਤਾ ਕੀਤਾ ਗਿਆ ਹੈ, ਜੋ ਦਿੱਲੀ ਹਵਾਈ ਅੱਡੇ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਲੈ ਕੇ ਆਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਲਿਆਂਦੇ ਜਾਣ ਵਾਲੇ ਇਨ੍ਹਾਂ ਬੱਚਿਆਂ ਨੂੰ ਬੱਸ ਵਿਚ ਖਾਣ-ਪੀਣ ਦੀਆਂ ਸੇਵਾਵਾਂ ਦੀ ਦਿੱਤੀਆਂ ਜਾਣਗੀਆਂ ਅਤੇ ਦਿੱਲੀ ਵਿਖੇ ਬੱਚਿਆਂ ਦਾ ਸਹਿਯੋਗ ਕਰਨ ਲਈ ਦਿੱਲੀ ਸਿੱਖ ਮਿਸ਼ਨ ਦਾ ਸਟਾਫ਼ ਕਾਰਜ ਕਰੇਗਾ।