CBI ਦੀ ਕਾਰਵਾਈ ‘ਤੇ OSD ਘੁੰਮਣ ਦਾ ਵੱਡਾ ਬਿਆਨ! “ਝੂਠੇ ਇਲਜ਼ਾਮਾਂ ਨਾਲ ਕੰਮ ਡੀ-ਰੇਲ ਕਰਨ ਦੀ ਕੋਸ਼ਿਸ਼, 2027 ‘ਚ ਫਿਰ ਬਣੇਗੀ ‘ਆਪ’ ਸਰਕਾਰ”
ਸੀਐੱਮ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਸੀਬੀਆਈ ਅੱਗੇ ਮੁੜ ਹੋਏ ਪੇਸ਼, 4 ਨਵੰਬਰ ਨੂੰ ਫਿਰ ਬੁਲਾਇਆ– OSD ਰਾਜਬੀਰ ਸਿੰਘ ਘੁੰਮਣ ਦਾ ਬਿਆਨ! “ਕੇਸ ‘ਚੋਂ ਕੁਝ ਨਹੀਂ ਨਿਕਲਣਾ, ਸਿਰਫ਼ ਬਾਰ-ਬਾਰ ਇੱਕੋ ਸਵਾਲ ਦੁਹਰਾਏ ਜਾ ਰਹੇ ਹਨ”
ਸੀਬੀਆਈ (CBI) ਪੁੱਛਗਿੱਛ ਤੋਂ ਬਾਅਦ ਰਾਜਬੀਰ ਘੁੰਮਣ ਦਾ ਬਿਆਨ: “ਸੱਚ ਬਦਲਦਾ ਨਹੀਂ, ਕੇਂਦਰ ਵੱਲੋਂ ਕੰਮ ਰੋਕਣ ਲਈ ਪਾਇਆ ਜਾ ਰਿਹੈ ਪ੍ਰੈਸ਼ਰ”
Punjab Network
ਚੰਡੀਗੜ੍ਹ, 31 ਅਕਤੂਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (OSD) ਰਾਜਬੀਰ ਸਿੰਘ ਘੁੰਮਣ ਅੱਜ ਸ਼ਨੀਵਾਰ ਨੂੰ ਕੇਂਦਰੀ ਜਾਂਚ ਏਜੰਸੀ (CBI) ਦੇ ਸਾਹਮਣੇ ਇੱਕ ਵਾਰ ਫਿਰ ਪੇਸ਼ ਹੋਏ। ਲਗਭਗ ਦੋ ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ ਆਉਣ ਵਾਲੀ 4 ਨਵੰਬਰ ਨੂੰ ਦੁਬਾਰਾ ਹਾਜ਼ਰ ਹੋਣ ਲਈ ਕਿਹਾ ਹੈ। ਸੀਬੀਆਈ ਦਫ਼ਤਰ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਬੀਰ ਸਿੰਘ ਘੁੰਮਣ ਨੇ ਸਪੱਸ਼ਟ ਕੀਤਾ ਕਿ ਜਾਂਚ ਏਜੰਸੀ ਕੋਲ ਕੋਈ ਨਵਾਂ ਸਵਾਲ ਨਹੀਂ ਹੈ ਅਤੇ ਇਸ ਪੂਰੇ ਮਾਮਲੇ ਵਿੱਚੋਂ ਕੁਝ ਵੀ ਨਿਕਲਣ ਵਾਲਾ ਨਹੀਂ ਹੈ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ, “ਅੱਜ ਵੀ ਮੇਰੇ ਤੋਂ ਪਹਿਲਾਂ ਵਾਲੇ ਹੀ ਸਵਾਲ ਪੁੱਛੇ ਗਏ ਹਨ। ਜਾਂਚ ਏਜੰਸੀ ਕੋਲ ਕੋਈ ਨਵੇਂ ਤੱਥ ਜਾਂ ਸਵਾਲ ਨਹੀਂ ਹਨ, ਇਸੇ ਕਰਕੇ ਇੱਕੋ ਗੱਲ ਨੂੰ ਤੀਜੀ-ਤੀਜੀ ਵਾਰ ਦੁਹਰਾਇਆ ਜਾ ਰਿਹਾ ਹੈ। ਘੁੰਮਣ ਨੇ ਕਿਹਾ, ਜਿਸ ਚੈਟ ਦੇ ਆਧਾਰ ‘ਤੇ ਸਵਾਲ ਕੀਤੇ ਜਾ ਰਹੇ ਹਨ, ਉਸ ਵਿੱਚ ਨਾ ਤਾਂ ਮੇਰਾ ਕੋਈ ਨਾਮ ਹੈ ਅਤੇ ਨਾ ਹੀ ਮੇਰੀ ਕੋਈ ਸ਼ਮੂਲੀਅਤ ਹੈ। ਮੈਨੂੰ ਜ਼ਬਰਦਸਤੀ ਇਸ ਮਾਮਲੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”
ਘੁੰਮਣ ਨੇ ਅੱਗੇ ਕਿਹਾ ਕਿ ਬਾਰ-ਬਾਰ ਇੱਕੋ ਸਵਾਲ ਪੁੱਛ ਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਾਇਦ ਬੰਦਾ ਆਪਣਾ ਬਿਆਨ ਬਦਲ ਲਵੇ। ਪਰ ਜਿਹੜਾ ਸੱਚ ਹੁੰਦਾ ਹੈ, ਉਸ ਨੂੰ ਬਾਰ-ਬਾਰ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ। ਤੁਸੀਂ 12 ਵਾਰ ਵੀ ਪੁੱਛੋਗੇ ਤਾਂ ਸੱਚ ਸਦਾ ਉਹੀ ਰਹੇਗਾ। ਉਨ੍ਹਾਂ ਕਿਹਾ, “ਜੇਕਰ ਅਸੀਂ ਕੋਈ ਗਲਤੀ ਕੀਤੀ ਹੁੰਦੀ ਤਾਂ ਮਨ ਵਿੱਚ ਕੋਈ ਡਰ ਜਾਂ ਤੜਫ ਹੁੰਦੀ। ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਵੀ ਬੁਲਾਉਣਗੇ, ਅਸੀਂ ਸਾਹਮਣਾ ਕਰਾਂਗੇ ਅਤੇ ਅੱਗੇ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇਵਾਂਗੇ।”
ਸਿਆਸੀ ਪ੍ਰੈਸ਼ਰ ਅਤੇ ਸਰਕਾਰੀ ਕੰਮਕਾਜ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਾਉਂਦਿਆਂ OSD ਘੁੰਮਣ ਨੇ ਕਿਹਾ ਕਿ ਅਸਲ ਮਕਸਦ ਸਰਕਾਰ ਦੇ ਕੰਮ ਨੂੰ ‘ਡੀ-ਰੇਲ’ (ਲੀਹੋਂ ਲਾਹੁਣਾ) ਕਰਨਾ ਹੈ। ਜਿਹੜੇ ਲੋਕ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਦਿਨ-ਰਾਤ ਕੰਮ ਸੰਭਾਲ ਰਹੇ ਹਨ, ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਜਾਂ ਕੇਂਦਰ ਸਰਕਾਰ ਆਪਣੀ ਇਸ ਸਾਜ਼ਿਸ਼ ਵਿੱਚ ਕੁਝ ਸਮੇਂ ਲਈ ਕਾਮਯਾਬ ਹੋ ਸਕਦੀ ਹੈ, ਪਰ ਅਸੀਂ ਦੁਬਾਰਾ ਉਸੇ ਤੇਜ਼ ਰਫ਼ਤਾਰ ਨਾਲ ਲੋਕਾਂ ਲਈ ਕੰਮ ਕਰਾਂਗੇ। ਪੰਜਾਬ ਦੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਸਾਰੀ ਟੀਮ ਪੂਰੀ ਚੜ੍ਹਦੀ ਕਲਾ ਵਿੱਚ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਮ ਆਦਮੀ ਪਾਰਟੀ’ ਪੂਰੇ ਬਹੁਮਤ ਨਾਲ ਮੁੜ ਤੋਂ ਪੰਜਾਬ ਵਿੱਚ ਸਰਕਾਰ ਬਣਾਏਗੀ।















