Join WhatsApp

Join Now

BREAKING- ਮਨੀਲਾ ‘ਚ ਪੰਜਾਬਣ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ

On: May 11, 2026 7:22 PM

 

BREAKING- ਮਨੀਲਾ ‘ਚ ਪੰਜਾਬਣ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ

ਫਰੀਦਕੋਟ ਦੇ ਪਿੰਡ ਘਣੀਏ ਵਾਲਾ ਦੀ ਰਹਿਣ ਵਾਲੀ ਸੀ ਮ੍ਰਿਤਕਾ ਸੁਖਵੀਰ ਕੌਰ ਬਰਾੜ- ਮਨੀਲਾ ਵਿੱਚ ਕਾਰੋਬਾਰੀ ਕੁਲੈਕਸ਼ਨ ਦੌਰਾਨ ਵਾਪਰੀ ਖ਼ੂਨੀ ਘਟਨਾ

ਪਤਨੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਤੀ ਮਨੀਲਾ ਲਈ ਰਵਾਨਾ; ਪਿੰਡ ਵਿੱਚ ਸੋਗ ਦੀ ਲਹਿਰ

ਪੰਜਗਰਾਈਂ ਕਲਾਂ/ਫਰੀਦਕੋਟ, 11 ਮਈ 2026- ਵਿਦੇਸ਼ੀ ਧਰਤੀ ਮਨੀਲਾ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਏ ਵਾਲਾ ਨਾਲ ਸਬੰਧਤ ਇੱਕ ਪੰਜਾਬੀ ਮਹਿਲਾ ਸੁਖਵੀਰ ਕੌਰ ਬਰਾੜ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਸੁਖਵੀਰ ਕੌਰ, ਜੋ ਕਿ ਇਕਬਾਲ ਸਿੰਘ ਬਰਾੜ ਦੀ ਪਤਨੀ ਸੀ, ਲੰਮੇ ਸਮੇਂ ਤੋਂ ਮਨੀਲਾ ਵਿੱਚ ਆਪਣਾ ਕਾਰੋਬਾਰ ਕਰ ਰਹੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਕੌਰ ਬਰਾੜ ਜਦੋਂ ਆਪਣੇ ਕਾਰੋਬਾਰ ਦੀ ਕੁਲੈਕਸ਼ਨ ਦੇ ਸਬੰਧ ਵਿੱਚ ਬਾਜ਼ਾਰ ਜਾ ਰਹੀ ਸੀ, ਤਾਂ ਰਸਤੇ ਵਿੱਚ ਘਾਤ ਲਾਈ ਬੈਠੇ ਅਣਪਛਾਤੇ ਹਮਲਾਵਰਾਂ ਨੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਹਮਲਾ ਇੰਨਾ ਭਿਆਨਕ ਸੀ ਕਿ ਗੋਲੀਆਂ ਲੱਗਣ ਕਾਰਨ ਸੁਖਵੀਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਜ਼ਿਕਰਯੋਗ ਹੈ ਕਿ ਮ੍ਰਿਤਕਾ ਦੇ ਪਤੀ ਇਕਬਾਲ ਸਿੰਘ ਬਰਾੜ ਇਨੀਂ ਦਿਨੀਂ ਆਪਣੇ ਜੱਦੀ ਪਿੰਡ ਘਣੀਏ ਵਾਲਾ (ਫਰੀਦਕੋਟ) ਆਏ ਹੋਏ ਸਨ।

ਜਿਵੇਂ ਹੀ ਉਨ੍ਹਾਂ ਨੂੰ ਮਨੀਲਾ ਵਿੱਚ ਆਪਣੀ ਪਤਨੀ ਦੇ ਕਤਲ ਦੀ ਖ਼ਬਰ ਮਿਲੀ, ਪਰਿਵਾਰ ਵਿੱਚ ਚੀਕ-ਚਿਹਾੜਾ ਮਚ ਗਿਆ। ਉਹ ਤੁਰੰਤ ਮਨੀਲਾ ਲਈ ਰਵਾਨਾ ਹੋ ਗਏ ਹਨ।

ਤਰਸੇਮ ਸਿੰਘ ਬਰਾੜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਸੁਖਵੀਰ ਕੌਰ ਦੀ ਮ੍ਰਿਤਕ ਦੇਹ ਨੂੰ ਮਨੀਲਾ ਤੋਂ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਮ੍ਰਿਤਕ ਦੇਹ ਪਿੰਡ ਪੁੱਜਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਘਣੀਏ ਵਾਲਾ ਵਿਖੇ ਕੀਤਾ ਜਾਵੇਗਾ। ਇਸ ਦੁਖਦਾਈ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

 

Leave a Comment