BREAKING: ਪੰਜਾਬ ਪੁਲਿਸ ਦੇ ਥਾਣੇਦਾਰ ਦੀ ਪਤਨੀ ਨਾਲ ਦਿਨ ਦਿਹਾੜੇ ਲੁੱਟ!
ਲੰਬੀ ਬੱਸ ਅੱਡੇ ’ਤੇ ਦਿਨ-ਦਿਹਾੜੇ ਲੁੱਟ, ਮੋਟਰਸਾਈਕਲ ਸਵਾਰ ਦੋ ਨੌਜਵਾਨ ਔਰਤ ਦਾ ਪਰਸ ਖੋਹ ਕੇ ਫ਼ਰਾਰ
ਪਰਸ ਵਿੱਚ 9 ਹਜ਼ਾਰ ਰੁਪਏ, ਮੋਬਾਈਲ ਫ਼ੋਨ ਅਤੇ ਆਧਾਰ ਕਾਰਡ ਸੀ; ਪੀੜਤਾ ਦਾ ਪਤੀ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਏਐੱਸਆਈ ਵਜੋਂ ਤਾਇਨਾਤ
ਲੰਬੀ 17 ਨਵੰਬਰ 2026
ਸਿਆਸੀ ਹਲਕੇ ਲੰਬੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਲੰਬੀ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਇੱਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਲੁੱਟੇ ਗਏ ਪਰਸ ਵਿੱਚ ਕਰੀਬ 9 ਹਜ਼ਾਰ ਰੁਪਏ ਨਕਦੀ, ਇੱਕ ਮੋਬਾਈਲ ਫ਼ੋਨ ਅਤੇ ਆਧਾਰ ਕਾਰਡ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤਾ ਦਾ ਪਤੀ ਪੁਲੀਸ ਵਿਭਾਗ ਵਿੱਚ ਏਐੱਸਆਈ ਵਜੋਂ ਤਾਇਨਾਤ ਹੈ। ਪੀੜਤ ਔਰਤ ਦੀ ਪਛਾਣ 55 ਸਾਲਾ ਸੁਖਬੀਰ ਕੌਰ ਵਾਸੀ ਪਿੰਡ ਨਾਨਕਸਰ, ਨੇੜੇ ਕੋਟਕਪੂਰਾ ਵਜੋਂ ਹੋਈ ਹੈ। ਉਸ ਦਾ ਪਤੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਸ਼ਹਿਰ ਵਿੱਚ ਟਰੈਫਿਕ ਇੰਚਾਰਜ ਵਜੋਂ ਡਿਊਟੀ ਨਿਭਾਅ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਕੌਰ ਕੋਟਕਪੂਰਾ ਤੋਂ ਆਪਣੀ ਭੈਣ ਦੀ ਧੀ ਨੂੰ ਮਿਲਣ ਲਈ ਪਿੰਡ ਸਹਿਣਾ ਖੇੜਾ ਜਾ ਰਹੀ ਸੀ। ਇਸ ਦੌਰਾਨ ਬਾਅਦ ਦੁਪਹਿਰ ਕਰੀਬ 12:35 ਵਜੇ ਉਹ ਲੰਬੀ ਬੱਸ ਅੱਡੇ ’ਤੇ ਪੁਲ ਹੇਠਾਂ ਬੱਸ ਦੀ ਉਡੀਕ ਕਰ ਰਹੀ ਸੀ। ਉਸ ਦੇ ਇੱਕ ਮੋਬਾਈਲ ਫ਼ੋਨ ਦੀ ਬੈਟਰੀ ਖ਼ਤਮ ਹੋਣ ਕਾਰਨ ਉਸ ਨੇ ਆਪਣੇ ਬੈਗ ਵਿੱਚੋਂ ਦੂਜਾ ਫ਼ੋਨ ਕੱਢ ਕੇ ਕਿਸੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉੱਥੇ ਪਹੁੰਚੇ ਅਤੇ ਔਰਤ ਦੇ ਹੱਥੋਂ ਪਰਸ ਖੋਹ ਕੇ ਡੱਬਵਾਲੀ ਰੋਡ ਵੱਲ ਫ਼ਰਾਰ ਹੋ ਗਏ। ਅਚਾਨਕ ਵਾਪਰੀ ਇਸ ਘਟਨਾ ਕਾਰਨ ਸੁਖਬੀਰ ਕੌਰ ਲੁਟੇਰਿਆਂ ਦਾ ਪਿੱਛਾ ਵੀ ਨਹੀਂ ਕਰ ਸਕੀ।
ਵਾਰਦਾਤ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲੀਸ ਨੂੰ 112 ਨੰਬਰ ’ਤੇ ਸੂਚਨਾ ਦਿੱਤੀ ਗਈ। ਬੱਸ ਅੱਡੇ ਵਰਗੀ ਜਨਤਕ ਥਾਂ ’ਤੇ ਦਿਨ-ਦਿਹਾੜੇ ਵਾਪਰੀ ਇਸ ਲੁੱਟ ਦੀ ਘਟਨਾ ਨੇ ਪੁਲੀਸ ਦੀ ਗਸ਼ਤ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਜਨਤਕ ਥਾਵਾਂ ’ਤੇ ਵੀ ਲੋਕ ਸੁਰੱਖਿਅਤ ਨਹੀਂ ਹਨ ਤਾਂ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਣਾ ਸੁਭਾਵਿਕ ਹੈ।
ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਪਾਲ ਲੰਬੀ ਨੇ ਕਿਹਾ ਕਿ ਹਲਕੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡੇ ਵਰਗੀ ਭੀੜ-ਭੜੱਕੇ ਵਾਲੀ ਥਾਂ ’ਤੇ ਪੁਲੀਸ ਦੀ ਮੌਜੂਦਗੀ ਨਾ ਹੋਣ ਕਾਰਨ ਲੁਟੇਰਿਆਂ ਨੂੰ ਵਾਰਦਾਤ ਕਰਕੇ ਫ਼ਰਾਰ ਹੋਣ ਦਾ ਮੌਕਾ ਮਿਲਿਆ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਪੁਲੀਸ ਗਸ਼ਤ ਵਧਾਈ ਜਾਵੇ, ਬੱਸ ਅੱਡਿਆਂ ਅਤੇ ਹੋਰ ਜਨਤਕ ਥਾਵਾਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
















