Canada ‘ਚ ਵੱਡੀ ਵਾਰਦਾਤ! ਪੰਜਾਬੀ ਮੁੰਡੇ-ਕੁੜੀ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ‘ਚ ਮੁੜ ਗੂੰਜੀਆਂ ਗੋਲੀਆਂ: ਲਾਲ ਸਪੋਰਟਸ ਕਾਰ ‘ਤੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, ਪੰਜਾਬੀ ਜੋੜੇ ਦੀ ਮੌਕੇ ‘ਤੇ ਮੌਤ- ਡੈਲਟਾ ਵਾਸੀ ਪੰਜਾਬੀ ਨੌਜਵਾਨ ਅਤੇ ਉਸ ਦੀ ਮਹਿਲਾ ਮਿੱਤਰ ਨੂੰ ਨਿਸ਼ਾਨਾ ਬਣਾ ਕੇ ਮਾਰਿਆ
ਸਰੀ, 17 ਨਵੰਬਰ 2026: ਕੈਨੇਡਾ (Canada) ਦੇ ਸਰੀ ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਹਮਲਾਵਰਾਂ ਨੇ ਇੱਕ ਪੰਜਾਬੀ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਵਾਰਦਾਤ ਐਤਵਾਰ, 15 ਨਵੰਬਰ ਦੀ ਰਾਤ ਕਰੀਬ 10:38 ਵਜੇ ਵਾਪਰੀ। ਮੁੱਢਲੀ ਜਾਂਚ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਇਸ ਘਟਨਾ ਨੂੰ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ‘ਟਾਰਗੇਟ ਕਿਲਿੰਗ’ ਕਰਾਰ ਦਿੱਤਾ ਹੈ ਅਤੇ ਇਸ ਦੇ ਪਿੱਛੇ ਆਪਸੀ ਗੈਂਗਵਾਰ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ, 124ਵੀਂ ਸਟਰੀਟ ਅਤੇ 88ਵੀਂ ਐਵੇਨਿਊ ‘ਤੇ ਸਥਿਤ ਵਾਲਮਾਰਟ ਸਟੋਰ ਦੇ ਸਾਹਮਣੇ ਬਣੀ ਪਾਰਕਿੰਗ ਵਿੱਚ ਇੱਕ ਲਾਲ ਰੰਗ ਦੀ ਫੋਰਡ ਮਸਟੈਂਗ ਸਪੋਰਟਸ ਕਾਰ ਖੜ੍ਹੀ ਸੀ। ਇਸ ਕਾਰ ਵਿੱਚ ਪੰਜਾਬੀ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਸਵਾਰ ਸਨ। ਇਸੇ ਦੌਰਾਨ ਉੱਥੇ ਪਹੁੰਚੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਲੱਗਣ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ, ਹਮਲਾਵਰਾਂ ਨੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਵਾਰਦਾਤ ਵਿੱਚ ਵਰਤੀ ਗਈ ਆਪਣੀ ਚਿੱਟੇ ਰੰਗ ਦੀ ਸੇਡਾਨ ਕਾਰ ਨੂੰ ਕੁੱਝ ਦੂਰੀ ‘ਤੇ ਜਾ ਕੇ ਅੱਗ ਲਗਾ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਕੈਨੇਡੀਅਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਦੋਵੇਂ ਨੌਜਵਾਨ ਪੰਜਾਬੀ ਮੂਲ ਦੇ ਸਨ ਅਤੇ ਸਰੀ ਦੇ ਨੇੜਲੇ ਇਲਾਕੇ ਡੈਲਟਾ ਦੇ ਰਹਿਣ ਵਾਲੇ ਸਨ। ਜਾਂਚ ਅਧਿਕਾਰੀਆਂ ਨੇ ਮ੍ਰਿਤਕ ਨੌਜਵਾਨ ਦੀ ਪਛਾਣ ਕਰ ਲਈ ਹੈ ਅਤੇ ਇਸ ਦੁਖਦਾਈ ਘਟਨਾ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਾਲਾਂਕਿ, ਪੁਲਿਸ ਵੱਲੋਂ ਮ੍ਰਿਤਕ ਮੁਟਿਆਰ ਦੀ ਅਧਿਕਾਰਤ ਪਛਾਣ ਕਰਨ ਦੀ ਪ੍ਰਕਿਰਿਆ ਅਜੇ ਜਾਰੀ ਹੈ। ਦੂਜੇ ਪਾਸੇ, ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਮ੍ਰਿਤਕ ਨੌਜਵਾਨ ਦੇ ਪਿਤਾ ਨੇ ਪੁਲਿਸ ਕੋਲ ਬਿਆਨ ਦਿੰਦਿਆਂ ਮੁਟਿਆਰ ਦੀ ਪਛਾਣ ਆਪਣੇ ਪੁੱਤਰ ਦੀ ਪ੍ਰੇਮਿਕਾ ਵਜੋਂ ਕੀਤੀ ਹੈ।
ਇਸ ਦੋਹਰੇ ਕਤਲ ਕਾਂਡ ਤੋਂ ਬਾਅਦ ਸਰੀ ਅਤੇ ਡੈਲਟਾ ਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਅਤੇ ਸਹਿਮ ਦੀ ਲਹਿਰ ਦੌੜ ਗਈ ਹੈ। ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਸੁਰਾਗ ਲਗਾਇਆ ਜਾ ਸਕੇ। ਪੁਲਿਸ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਜਾਂ ਸੜੀ ਹੋਈ ਚਿੱਟੀ ਕਾਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜਾਂਚ ਟੀਮ ਨਾਲ ਸੰਪਰਕ ਕਰੇ।
















