ਆਦਿਵਾਸੀ ਇਲਾਕਿਆਂ ‘ਚ ਜਬਰ ਵਿਰੁੱਧ ਜਮਹੂਰੀ ਫਰੰਟ ਵੱਲੋਂ ਆਯੋਜਤ ਕਨਵੈਨਸ਼ਨ ਨੇ ਕੀਤੀ ਜ਼ੋਰਦਾਰ ਮੰਗ
ਜੇਲ੍ਹੀਂ ਡੱਕੇ ਬੁੱਧੀਜੀਵੀਆਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕੀਤਾ ਜਾਵੇ
ਵਿਚਾਰਧਾਰਾਵਾਂ ਨੂੰ ਜੁਰਮ ਕਰਾਰ ਦੇ ਕੇ ਵਿਚਾਰਾਂ ਦੀ ਆਜ਼ਾਦੀ ਨੂੰ ਖ਼ਤਮ ਕੀਤਾ ਜਾ ਰਿਹਾ – ਸੀਮਾ ਆਜ਼ਾਦ
ਲੁਧਿਆਣਾ, 6 ਅਪ੍ਰੈਲ 2026: 4 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਆਦਿਵਾਸੀਆਂ ਇਲਾਕਿਆਂ ਵਿਚ ਜਬਰ ਵਿਰੁੱਧ ਅਤੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ 8 ਅਪ੍ਰੈਲ ਕਾਲੇ ਕਾਨੂੰਨਾਂ ਵਿਰੋਧੀ ਦਿਵਸ ਨੂੰ ਸਮਰਪਿਤ ਕਨਵੈਨਸ਼ਨ ਕਰਵਾਈ ਗਈ।
ਕਨਵੈਨਸ਼ਨ ਦੀ ਪ੍ਰਧਾਨਗੀ ਨਾਮਵਰ ਜਮਹੂਰੀ ਕਾਰਕੁਨ ਤੇ ਲੇਖਿਕਾ ਸੀਮਾ ਆਜ਼ਾਦ ਅਤੇ ਫਰੰਟ ਦੇ ਕਨਵੀਨਰਾਂ ਪ੍ਰੋਫੈਸਰ ਏ.ਕੇ.ਮਲੇਰੀ ਤੇ ਬੂਟਾ ਸਿੰਘ ਮਹਿਮੂਦਪੁਰ ਨੇ ਕੀਤੀ। ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਪਲਸ ਮੰਚ, ਬੀ.ਕੇ. ਯੂ. (ਏਕਤਾ ਉਗਰਾਹਾਂ), ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ, ਮੁਕਤੀ ਸੰਗਰਾਮ ਮਜ਼ਦੂਰ ਮੰਚ, ਬਾਬਾ ਭਾਨ ਸਿੰਘ ਸੁਨੇਤ ਯਾਦਗਾਰੀ ਟਰੱਸਟ, ਸਟੂਡੈਂਟਸ ਫਾਰ ਸੁਸਾਇਟੀ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਆਦਿ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਤਰਕਸ਼ੀਲ, ਜਮਹੂਰੀ ਹੱਕਾਂ ਦੇ ਝੰਡਾਬਰਦਾਰ, ਲੋਕ ਪੱਖੀ ਲੇਖਕ, ਸਾਹਿਤਕਾਰ ਅਤੇ ਰੰਗਕਰਮੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਆਪਣੇ ਸੰਬੋਧਨ ਵਿਚ ਮੁੱਖ ਵਕਤਾ ਸੀਮਾ ਆਜ਼ਾਦ ਨੇ ਕਿਹਾ ਕਿ ਭਾਰਤੀ ਰਾਜ ਵੱਲੋਂ ਆਦਿਵਾਸੀ ਇਲਾਕਿਆਂ ਵਿਚ ਕਰੂਰ ਕਤਲੇਆਮ ਦੇ ਨਾਲ-ਨਾਲ ਪੂਰੇ ਦੇਸ਼ ਵਿਚ ਜੇਲ੍ਹਬੰਦੀ ਅਤੇ ਝੂਠੇ ਕੇਸਾਂ ਰਾਹੀਂ ਜਮਹੂਰੀ ਤੇ ਮਨੁੱਖੀ ਹੱਕਾਂ ਦਾ ਬੇਹੱਦ ਘਾਣ ਕੀਤਾ ਜਾ ਰਿਹਾ ਹੈ। ਭਾਰਤੀ ਹੁਕਮਰਾਨਾਂ ਵੱਲੋਂ ਬਸਤਰ ਅਤੇ ਹੋਰ ਆਦਿਵਾਸੀ ਖੇਤਰਾਂ ਵਿਚ ਵਿਆਪਕ ਨੀਮ-ਫ਼ੌਜੀ ਓਪਰੇਸ਼ਨਾਂ ਦਾ ਵਾਹਦ ਮਨੋਰਥ ਦੇਸ਼ ਦੇ ਜਲ-ਜੰਗਲ-ਜ਼ਮੀਨਾਂ ਸਮੇਤ ਸਮੁੱਚੇ ਖਣਿਜ ਭੰਡਾਰ ਵਿਦੇਸ਼ੀ ਤੇ ਦੇਸੀ ਇਜਾਰੇਦਾਰ ਸਰਮਾਏਦਾਰਾਂ ਨੂੰ ਲੁਟਾਉਣਾ ਹੈ। ਬਦੇਸ਼ੀ ਅਤੇ ਦੇਸੀ ਅਜਾਰੇਦਾਰ ਕਾਰਪੋਰੇਟਾਂ ਦੀ ਲਾਲਚੀ ਅੱਖ ਪੂਰੇ ਦੇਸ਼ ਦੇ ਖੇਤੀ ਅਤੇ ਖਣਿਜ ਭੰਡਾਰਾਂ ਉੱਪਰ ਹੈ।
ਮੋਦੀ ਸਰਕਾਰ ਵੱਲੋਂ ਢਾਹਿਆ ਜਾ ਰਿਹਾ ਇਹ ਫਾਸ਼ੀ ਕਹਿਰ ਸਿਰਫ਼ ਜੰਗਲ-ਪਹਾੜ ਲੁਟਾਉਣ ਲਈ ਹੀ ਨਹੀਂ ਸਗੋਂ ਸਭ ਕੁਝ ਅਜਾਰੇਦਾਰ ਸਰਮਾਏਦਾਰਾਂ ਦੇ ਹਵਾਲੇ ਕਰਨ ਲਈ ਹੈ। ਭਗਵਾ ਹੁਕਮਰਾਨਾਂ ਦੇ ਨਕਸਲਵਾਦ ਦੇ ਖ਼ਾਤਮੇ ਅਤੇ ਆਦਿਵਾਸੀਆਂ ਦੇ ਵਿਕਾਸ ਦੇ ਜਸ਼ਨੀਂ ਐਲਾਨਾਂ ਦਰਮਿਆਨ ਪੂਰੇ ਦੇ ਪੂਰੇ ਆਦਿਵਾਸੀ ਪਿੰਡ ਰਾਜ-ਮਸ਼ੀਨਰੀ ਦੀ ਸਖ਼ਤ ਨਿਗਰਾਨੀ ਦੇ ਭੈਅ ਦੇ ਸਾਏ ਹੇਠ ਜੀ ਰਹੇ ਹਨ। ਆਦਿਵਾਸੀ ਵਿਰੋਧ ਨੂੰ ਕੁਚਲਣ ਲਈ ਹੋਰ ਜਾਬਰ ਤਰੀਕਿਆਂ ਦੇ ਨਾਲ ਅਮਰੀਕੀ-ਇਜ਼ਰਾਇਲੀ ਡਰੋਨ ਟੈਕਨਾਲੋਜੀ ਵਰਤੀ ਗਈ ਹੈ।ਆਦਿਵਾਸੀ ਲੋਕਾਂ ਨੂੰ ਕੁਦਰਤ ਪ੍ਰੇਮੀ ਤਰਜ਼ੇ-ਜ਼ਿੰਦਗੀ ਤੋਂ ਅਲੱਗ-ਥਲੱਗ ਕਰ ਦਿੱਤਾ ਗਿਆ ਹੈ ਅਤੇ ਕਥਿਤ ਵਿਕਾਸ ਮਾਡਲ ਨੇ ਉਨ੍ਹਾਂ ਦੇ ਪਵਿੱਤਰ ਪਹਾੜ, ਜੀਵਨ-ਗੁਜ਼ਾਰੇ ਦੇ ਵਸੀਲੇ, ਨਿੱਜਤਾ ਅਤੇ ਅਮਨ-ਚੈਨ ਸਭ ਕੁਝ ਖੋਹ ਲਿਆ ਹੈ। ਜੇ ਦੇਸ਼ ਦੇ ਲੋਕ ਇਸ ਫਾਸ਼ੀ ਹੱਲੇ ਵਿਰੁੱਧ ਡੱਟਕੇ ਆਵਾਜ਼ ਨਹੀਂ ਉਠਾਉਂਦੇ ਤਾਂ ਦੇਰ-ਸਵੇਰ ਪੂਰੇ ਭਾਰਤ ਦੇ ਲੋਕਾਂ ਨੂੰ ਇਸ ਖ਼ੂਨੀ ਹਮਲੇ ਦਾ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਕਾਰਪੋਰੇਟ ਜਗਤ ਦੀ ਸੇਵਾ ਲਈ ਪੰਜਾਬ ਵਰਗੇ ਖੇਤਰਾਂ ਦੇ ਲੋਕ ਸੰਘਰਸ਼ਾਂ ਉੱਪਰ ਵੀ ਸੱਤਾ ਦਾ ਬੇਕਿਰਕ ਬੁਲਡੋਜ਼ਰ ਇਸੇ ਤਰ੍ਹਾਂ ਚੱਲੇਗਾ।
ਮੁੱਖ ਵਕਤਾ ਨੇ ਕਿਹਾ ਕਿ ਇਸ ਕਾਰਪੋਰੇਟ ਹਿਤੈਸ਼ੀ ਹਮਲੇ ਅਤੇ ਆਰਐੱਸਐੱਸ-ਭਾਜਪਾ ਦੀ ਫਿਰਕੂ ਸਿਆਸਤ ਦਾ ਵਿਰੋਧ ਕਰਨ ਵਾਲੀਆਂ ਜ਼ਹੀਨ ਸ਼ਖ਼ਸੀਅਤਾਂ ਐਡਵੋਕੇਟ ਸੁਰਿੰਦਰ ਗਾਡਲਿੰਗ, ਉਮਰ ਖ਼ਾਲਿਦ, ਪੱਤਰਕਾਰ ਰੂਪੇਸ਼ ਕੁਮਾਰ ਸਿੰਘ ਸਮੇਤ ਦਰਜਨਾਂ ਜਮਹੂਰੀ ਲੋਕਾਂ ਨੂੰ ‘ਸ਼ਹਿਰੀ ਨਕਸਲੀ’ ਅਤੇ ਹੋਰ ਝੂਠੇ ਬਿਰਤਾਂਤਾਂ ਦੇ ਆਧਾਰ ’ਤੇ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਸਾੜਿਆ ਜਾ ਰਿਹਾ ਹੈ। ਅਦਾਲਤੀ ਉਦਾਸੀਨਤਾ ਕਾਰਨ ਸਜ਼ਾ ਪੂਰੀ ਕਰ ਚੁੱਕੇ ਬੇਸ਼ੁਮਾਰ ਕੈਦੀ ਵੀ ਜੇਲ੍ਹਾਂ ਵਿਚ ਸੜ ਰਹੇ ਹਨ। ਇਨ੍ਹਾਂ ਸਾਰਿਆਂ ਦੀ ਰਿਹਾਈ ਲਈ ਮਜ਼ਬੂਤ ਜਮਹੂਰੀ ਲਹਿਰ ਖੜ੍ਹੀ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਾਰਲੀਮੈਂਟ ਵਿਚ ਦਿੱਤਾ ਭਾਸ਼ਣ ਸਾਫ਼ ਇਸ਼ਾਰਾ ਹੈ ਕਿ ਨਕਸਲੀ ਠੱਪੇ ਦਾ ਇਸਤੇਮਾਲ ਆਦਿਵਾਸੀ ਸੰਘਰਸ਼ਾਂ ਨੂੰ ਕੁਚਲਣ ਲਈ ਕੀਤਾ ਗਿਆ ਅਤੇ ਹੁਣ ਭਾਜਪਾ ਸਰਕਾਰ ‘ਸ਼ਹਿਰੀ ਨਕਸਲੀ’ ਦੇ ਬਿਰਤਾਂਤ ਦੇ ਬਹਾਨੇ ਜੰਗਲਾਂ ਤੋਂ ਬਾਹਰ ਸ਼ਹਿਰੀ-ਮੈਦਾਨੀ ਇਲਾਕਿਆਂ ਵਿਚ ਆਲੋਚਕ ਆਵਾਜ਼ਾਂ ਅਤੇ ਸੰਘਰਸ਼ਸ਼ੀਲ ਤਾਕਤਾਂ ਉੱਪਰ ਵਿਆਪਕ ਜਾਬਰ ਹੱਲਾ ਬੋਲਣ ਦੀਆਂ ਗੋਂਦਾਂ ਗੁੰਦ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੱਛੇ ਜਹੇ ਭਾਜਪਾ ਦੇ ਸੂਰਜ ਕੁੰਡ ‘ਚਿੰਤਨ ਸ਼ਿਵਰ’ ਨੇ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਤਹਿਤ ਕਮਿਊਨਿਸਟ ਵਿਚਾਰਧਾਰਾ ਨੂੰ ਖ਼ਤਰਨਾਕ ਦੱਸਿਆ ਸੀ। ਹੁਣ ਉਸੇ ਫਾਸ਼ੀ ਰਾਜਨੀਤਕ ਪ੍ਰੋਜੈਕਟ ਦੇ ਤਹਿਤ ਪਾਰਲੀਮੈਂਟ ਵਿਚ ਵਿਚਾਰਧਾਰਾ ਨੂੰ ਜੁਰਮ ਕਰਾਰ ਦੇਣ ਦਾ ਮਤਲਬ ਇਹ ਹੈ ਕਿ ਸੱਤਾਧਾਰੀ ਧਿਰ ਦੀ ਖ਼ਾਸ ਫਿਰਕੂ ਵਿਚਾਰਧਾਰਾ ਤੋਂ ਬਿਨਾਂ ਦੇਸ਼ ਵਿਚ ਕੋਈ ਵੀ ਵਿਚਾਰਧਾਰਾ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਜਮਹੂਰੀ ਸੰਸਥਾਵਾਂ ਅਤੇ ਹੱਕਾਂ ਦੀ ਲਹਿਰ ਲਈ ਸਖ਼ਤ ਚੁਣੌਤੀ ਹੈ ਅਤੇ ਇਸ ਨੂੰ ਨਾ ਸਿਰਫ਼ ਹੌਸਲੇ ਨਾਲ ਠੱਲਣਾ ਹੋਵੇਗਾ ਸਗੋਂ ਅਲੱਗ-ਥਲੱਗ ਸੰਘਰਸ਼ਾਂ ਤੋਂ ਅੱਗੇ ਵਧਕੇ ਇਨ੍ਹਾਂ ਜਮਹੂਰੀ ਕਦਰਾਂ-ਕੀਮਤਾਂ ਅਤੇ ਆਜ਼ਾਦੀਆਂ ਦੀ ਰਾਖੀ ਲਈ ਹੋਰ ਵੀ ਗੰਭੀਰਤਾ ਨਾਲ ਲੜਨਾ ਹੋਵੇਗਾ।
ਇਕੱਠ ਵਿਚ ਜਸਵਿੰਦਰ ਫਗਵਾੜਾ ਵੱਲੋਂ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ। ਮਤਿਆਂ ਵਿਚ ਮੰਗ ਕੀਤੀ ਗਈ ਕਿ ਆਦਿਵਾਸੀ ਖੇਤਰਾਂ ‘ਚ “ਓਪਰੇਸ਼ਨ ਕਗਾਰ” ਸਮੇਤ ਹਰ ਤਰ੍ਹਾਂ ਦੇ ਫ਼ੌਜੀ ਅਪਰੇਸ਼ਨ ਬੰਦ ਕੀਤੇ ਜਾਣ, ਝੂਠੇ ਪੁਲਿਸ ਮੁਕਾਬਲਿਆਂ ਸਮੇਤ ਹਰ ਤਰ੍ਹਾਂ ਦੇ ਜਬਰ-ਜ਼ੁਲਮ ਫੌਰੀ ਰੋਕੇ ਜਾਣ, ਉੱਥੋਂ ਸਾਰੇ ਪੁਲਿਸ ਕੈਂਪ ਹਟਾਏ ਜਾਣ ਅਤੇ ਪੁਲਿਸ ਤੇ ਨੀਮ-ਫ਼ੌਜੀ ਬਲ ਵਾਪਸ ਬੁਲਾਏ ਜਾਣ, ਜਲ਼-ਜੰਗਲ-ਜ਼ਮੀਨ ਤੇ ਖਣਿਜ ਭੰਡਾਰ ਕਾਰਪੋਰੇਟਾਂ ਨੂੰ ਲੁਟਾਉਣੇ ਬੰਦ ਕੀਤੇ ਜਾਣ ਅਤੇ ਲੋਕ ਵਿਰੋਧੀ ਆਰਥਕ ਮਾਡਲ ਰੱਦ ਕੀਤਾ ਜਾਵੇ, ਜੰਗਲਾਂ ਵਿੱਚੋਂ ਆਦਿਵਾਸੀਆਂ ਨੂੰ ਉਜਾੜਨਾ ਬੰਦ ਕੀਤਾ ਜਾਵੇ, ਮਜ਼ਦੂਰ ਵਿਰੋਧੀ ਕਿਰਤ ਕੋਡ, ਯੂਏਪੀਏ, ਅਫਸਪਾ ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ, ਕੌਮੀ ਜਾਂਚ ਏਜੰਸੀ ਭੰਗ ਕੀਤੀ ਜਾਵੇ, ਦਿੱਲੀ ਹਿੰਸਾ, ਭੀਮਾ-ਕੋਰੇਗਾਓਂ, ਲਖਨਊ ਆਦਿ ਝੂਠੇ ਸਾਜ਼ਿਸ਼ ਕੇਸ ਬਣਾਕੇ ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀ ਅਤੇ ਹੱਕਾਂ ਦੇ ਕਾਰਕੁਨ ਰਿਹਾ ਕੀਤੇ ਜਾਣ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲੇ ਬੰਦ ਕੀਤੇ ਜਾਣ, ਬਿਨਾਂ ਮੁਕੱਦਮਾ ਚਲਾਏ ਵਰ੍ਹਿਆਂ ਤੋਂ ਜੇਲੀਂ ਡੱਕੇ ਕਾਰਕੁਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਸਾਰੇ ਹੀ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਏ; ਸੰਘਰਸ਼ ਅਤੇ ਜਥੇਬੰਦੀਆਂ ਬਣਾਉਣ ਦਾ ਬੁਨਿਆਦੀ ਜਮਹੂਰੀ ਹੱਕ ਖੋਹਣ ਲਈ ਹਕੂਮਤੀ ਹਮਲੇ ਬੰਦ ਕੀਤੇ ਜਾਣ; ਗਾਜ਼ਾ ਅਤੇ ਇਰਾਨ ਉੱਪਰ ਅਮਰੀਕੀ-ਇਜ਼ਰਾਇਲੀ ਗੱਠਜੋੜ ਵੱਲੋਂ ਥੋਪੀ ਧਾੜਵੀ ਜੰਗ ਬੰਦ ਕੀਤੀ ਜਾਵੇ; ਭਾਰਤ ਸਰਕਾਰ ਦਹਿਸ਼ਤਗਰਦ ਇਜ਼ਰਾਇਲ ਸਟੇਟ ਨਾਲੋਂ ਕੂਟਨੀਤਕ ਸੰਬੰਧ ਖ਼ਤਮ ਕਰੇ ਅਤੇ ਇਜ਼ਰਾਇਲੀ ਖ਼ੁਫੀਆ ਏਜੰਸੀ ਮੌਸਾਦ ਦੇ ਓਪਰੇਸ਼ਨਾਂ ਉੱਪਰ ਰੋਕ ਲਾਵੇ। ਇਕ ਵਿਸ਼ੇਸ਼ ਮਤੇ ਰਾਹੀਂ ਇਜ਼ਰਾਇਲੀ ਸਰਕਾਰ ਵੱਲੋਂ ਇਜ਼ਰਾਇਲੀਆਂ ਦੇ ਕਥਿਤ ਕਤਲ ਕਰਨ ਵਾਲੇ ਫ਼ਲਸਤੀਨੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਕਾਨੂੰਨ ਪਾਸ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ।
ਮੁੱਖ ਵਕਤਾ ਨੂੰ ਫਰੰਟ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਗੁਲਜ਼ਾਰ ਸਿੰਘ ਪੰਧੇਰ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ, ਸੂਬਾ ਸਕੱਤਰੇਤ ਮੈਂਬਰ ਜਸਵੰਤ ਜੀਰਖ, ਸੁਰਖ਼ ਲੀਹ ਦੇ ਸੰਪਾਦਕ ਜਸਪਾਲ ਜੱਸੀ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਕੈਸ਼ੀਅਰ ਕਸਤੂਰੀ ਲਾਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ, ਡਾ. ਅਰੁਣ ਮਿੱਤਰਾ, ਪ੍ਰੋਫੈਸਰ ਗਰੇਵਾਲ, ਪ੍ਰੋਫੈਸਰ ਦਵਿੰਦਰ ਜੋਸ਼ੀ, ਮਾਸਟਰ ਹਰੀਸ਼ ਪੱਖੋਵਾਲ, ਡਾ. ਹਰਬੰਸ ਸਿੰਘ ਗਰੇਵਾਲ, ਜਸਵੰਤ ਜੀਰਖ, ਪ੍ਰੋਫੈਸਰ ਗਰੇਵਾਲ, ਪ੍ਰੋਫੈਸਰ ਦਵਿੰਦਰ ਜੋਸ਼ੀ, ਮਾਸਟਰ ਹਰੀਸ਼ ਪੱਖੋਵਾਲ, ਐਡਵੋਕੇਟ ਅਮਨ, ਬਲਵੀਰ ਚੰਦ ਲੌਂਗੋਵਾਲ, ਸਵਰਨਜੀਤ ਸਿੰਘ ਸੰਗਰੂਰ, ਸੁਖਦੇਵ ਫਗਵਾੜਾ, ਐਡਵੋਕੇਟ ਹਰਪ੍ਰੀਤ ਜੀਰਖ, ਹਰਜਿੰਦਰ ਸਿੰਘ, ਐਡਵੋਕੇਟ ਹਰਪ੍ਰੀਤ ਜੀਰਖ, ਐਡਵੋਕੇਟ ਨਰਿੰਦਰ ਸਿੰਘ, ਬਲਕੌਰ ਸਿੰਘ, ਉਜਾਗਰ ਸਿੰਘ ਬੱਦੋਵਾਲ, ਸਤੀਸ਼ ਸਚਦੇਵਾ, ਸੁਦਾਗਰ ਸਿੰਘ ਘੁਡਾਣੀ, ਹਿੰਮਤ ਸਿੰਘ, ਸੁਖਵਿੰਦਰ ਲੀਲ੍ਹ, ਰਮਨਜੀਤ ਸਿੰਘ, ਤਰਲੋਚਨ ਝਾਂਡੇ, ਸੁਖਦੇਵ ਸਲੇਮਪੁਰੀ, ਚਰਨ ਸਿੰਘ ਨੂਰਪੁਰਾ, ਜਸਦੇਵ ਲਲਤੋਂ, ਬਚਿੰਤ ਸਿੰਘ, ਮਨਜੀਤ ਕੌਰ, ਹਰਜਿੰਦਰ ਕੌਰ, ਵਿਜੈ ਨਰਾਇਣ ਸਮੇਤ ਬਹੁਤ ਸਾਰੀਆਂ ਜਨਤਕ ਜਮਹੂਰੀ, ਸਾਹਿਤਕ-ਸੱਭਿਆਚਾਰਕ ਸ਼ਖ਼ਸੀਅਤਾਂ ਹਾਜ਼ਰ ਸਨ। ਕਨਵੈਨਸ਼ਨ ਵਿਚ ਇਨਕਲਾਬੀ ਗਾਇਕਾਂ ਗੁਰਮੀਤ ਜੱਜ, ਕਸਤੂਰੀ ਲਾਲ, ਬਰਿਜ ਰਾਜੇਆਣਾ ਅਤੇ ਮੌਸਮ ਵੱਲੋਂ ਗੀਤ ਪੇਸ਼ ਕੀਤੇ ਗਏ। ਸੂਬਾ ਕਨਵੀਨਰ ਪ੍ਰੋਫੈਸਰ ਮਲੇਰੀ ਵੱਲੋਂ ਧੰਨਵਾਦ ਕੀਤਾ ਗਿਆ।






