ਲਓ ਜੀ! ਪੰਜਾਬ ਦੇ ਕੰਪਿਊਟਰ ਅਧਿਆਪਕ ਦਿੱਲੀ ‘ਚ ਕੇਜਰੀਵਾਲ ਨਾਲ ਕਰਨਗੇ ‘ਸਤਿਆਗ੍ਰਹਿ’

 

ਲਓ ਜੀ! ਪੰਜਾਬ ਦੇ ਕੰਪਿਊਟਰ ਅਧਿਆਪਕ ਦਿੱਲੀ ਚ ਕੇਜਰੀਵਾਲ ਨਾਲ ਕਰਨਗੇ ‘ਸਤਿਆਗ੍ਰਹਿ’

ਜਿੱਥੇ ਜਾਣਗੇ ਕਨਵੀਨਰ ਉੱਥੇ ਹੀ ਪਹੁੰਚਣਗੇ ਅਧਿਆਪਕ

ਚੰਡੀਗੜ੍ਹ, 30 ਅਪ੍ਰੈਲ 2026 – ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਤਾਇਨਾਤ ਕੰਪਿਊਟਰ ਅਧਿਆਪਕਾਂ ਨਾਲ ਕੀਤੀ ਜਾ ਰਹੀ ਵਾਅਦਾ-ਖਿਲਾਫ਼ੀ ਦੀ ਆਵਾਜ਼ ਹੁਣ ਦਿੱਲੀ ਦੀਆਂ ਸੜਕਾਂ ‘ਤੇ ਗੂੰਜੇਗੀ।

ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਨੇ ਇੱਕ ਵੱਡਾ ਰਣਨੀਤਕ ਫ਼ੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਉਹ ਹੁਣ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ‘ਸਤਿਆਗ੍ਰਹਿ’ ਸ਼ੁਰੂ ਕਰਨਗੇ।

ਜਿਸ ਤਰ੍ਹਾਂ ਕੇਜਰੀਵਾਲ ਨੇ ਅਦਾਲਤੀ ਕਾਰਵਾਈ ਦੇ ਖਿਲਾਫ਼ ਇਨਸਾਫ਼ ਨਾ ਮਿਲਣ ਦਾ ਹਵਾਲਾ ਦਿੰਦੇ ਹੋਏ ‘ਸਤਿਆਗ੍ਰਹਿ’ ਦਾ ਰਾਹ ਚੁਣਿਆ ਹੈ, ਉਸੇ ਤਰਜ਼ ‘ਤੇ ਹੁਣ ਕੰਪਿਊਟਰ ਅਧਿਆਪਕ ਵੀ ਉਨ੍ਹਾਂ ਦੇ ਹਰ ਪ੍ਰੋਗਰਾਮ ਵਿੱਚ ਪਹੁੰਚ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ।

ਰੋਜ਼ਾਨਾ ਪੰਜਾਬ ਦੇ ਇੱਕ ਜ਼ਿਲ੍ਹੇ ਤੋਂ ਅਧਿਆਪਕਾਂ ਦਾ ਜਥਾ ਦਿੱਲੀ ਰਵਾਨਾ ਹੋਵੇਗਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨਾਲ ਕੀਤੇ ਗਏ ਅਨਿਆਂ ਦੀ ਕਹਾਣੀ ਜਨਤਾ ਨੂੰ ਸੁਣਾਏਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਪ੍ਰਦੀਪ ਕੁਮਾਰ ਮਲੂਕਾ, ਜਸਪਾਲ ਫ਼ਤਹਿਗੜ੍ਹ ਸਾਹਿਬ, ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਪਰਮਵੀਰ ਸਿੰਘ ਪੰਮੀ, ਹਰਚਰਨ ਸਿੰਘ, ਅਤੇ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਕੇਜਰੀਵਾਲ ਆਪਣੇ ਅਧਿਕਾਰਾਂ ਅਤੇ ਇਨਸਾਫ਼ ਲਈ ਤਾਂ ਸਤਿਆਗ੍ਰਹਿ ਕਰ ਰਹੇ ਹਨ।

ਪਰ ਉਨ੍ਹਾਂ ਦੀ ਆਪਣੀ ਸਰਕਾਰ ਪੰਜਾਬ ਵਿੱਚ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਦੇ ਅਧਿਕਾਰਾਂ ਦਾ ਗਲਾ ਘੁੱਟ ਰਹੀ ਹੈ। ਹੁਣ ਅਧਿਆਪਕ ਕੇਜਰੀਵਾਲ ਦੇ ਨਾਲ-ਨਾਲ ਚੱਲ ਕੇ ਦੁਨੀਆ ਨੂੰ ਦਿਖਾਉਣਗੇ ਕਿ ‘ਆਪ’ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਕਿੰਨਾ ਵੱਡਾ ਅੰਤਰ ਹੈ।

2022 ਦੇ ਵਾਅਦੇ ਭੁੱਲੀ ‘ਆਪ’ ਸਰਕਾਰ, ਅਧਿਕਾਰਾਂ ਦਾ ਹੋ ਰਿਹਾ ਘਾਣ

ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਅਧਿਆਪਕਾਂ ਦੇ ਭਵਿੱਖ ਨੂੰ ਸੰਵਾਰਨ ਦੇ ਜੋ ਵਾਅਦੇ ਕੀਤੇ ਸਨ, ਸੱਤਾ ਮਿਲਦਿਆਂ ਹੀ ਉਨ੍ਹਾਂ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ।

ਕੇਜਰੀਵਾਲ ਖ਼ੁਦ ਤਾਂ ਨਿਆਂਪਾਲਿਕਾ ‘ਤੇ ਸਵਾਲ ਉਠਾ ਕੇ ਸਤਿਆਗ੍ਰਹਿ ਕਰ ਰਹੇ ਹਨ, ਪਰ ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਦੇਣ ਦੇ ਸਵਾਲ ‘ਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਚੁੱਪ ਧਾਰ ਲੈਂਦੇ ਹਨ। ਆਗੂਆਂ ਨੇ ਕਿਹਾ ਕਿ ਹੁਣ ਉਹ ਹਰ ਉਸ ਜਗ੍ਹਾ ਪਹੁੰਚਣਗੇ ਜਿੱਥੇ ਕੇਜਰੀਵਾਲ ਮੌਜੂਦ ਹੋਣਗੇ ਅਤੇ ਉਨ੍ਹਾਂ ਦੇ ਸਤਿਆਗ੍ਰਹਿ ਦੇ ਨਾਲ ਆਪਣਾ ਹੱਕ ਮੰਗਣਗੇ।

ਸਿੱਖਿਆ ਮੰਤਰੀ ਦਾ ‘ਦੀਵਾਲੀ ਗਿਫ਼ਟ’ ਨਿਕਲਿਆ ਮਹਿਜ਼ ਜੁਮਲਾ

ਆਗੂਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਸੀ ਕਿ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਗਿਫ਼ਟ ਵਜੋਂ ਵਿਭਾਗ ਵਿੱਚ ਸ਼ਿਫ਼ਟ ਕੀਤਾ ਜਾਵੇਗਾ ਅਤੇ ਛੇਵਾਂ ਪੇ-ਕਮਿਸ਼ਨ ਲਾਗੂ ਹੋਵੇਗਾ।

ਪਰ ਅੱਜ ਸਾਲ ਬੀਤ ਜਾਣ ਦੇ ਬਾਵਜੂਦ ਉਹ ਐਲਾਨ ਸਿਰਫ਼ ਇੱਕ ਸਿਆਸੀ ਜੁਮਲਾ ਅਤੇ ਛਲਾਵਾ ਹੀ ਸਾਬਤ ਹੋਇਆ ਹੈ। ਸਕੂਲਾਂ ਵਿੱਚ ਪਿਛਲੇ 21 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਅਧਿਆਪਕ ਅੱਜ ਵੀ ਆਪਣੇ ਜਾਇਜ਼ ਹੱਕ ਲਈ ਸੜਕਾਂ ‘ਤੇ ਧੱਕੇ ਖਾਣ ਲਈ ਮਜਬੂਰ ਹਨ।

ਵਿਭਾਗ ਵਿੱਚ ਮਰਜ ਕਰਨ ਅਤੇ ਛੇਵੇਂ ਪੇ-ਕਮਿਸ਼ਨ ਦੀ ਮੁੱਖ ਮੰਗ

ਆਗੂਆਂ ਨੇ ਆਪਣੀਆਂ ਮੁੱਖ ਮੰਗਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ ਅਤੇ ਛੇਵੇਂ ਪੇ-ਕਮਿਸ਼ਨ ਦਾ ਲਾਭ ਦਿੱਤਾ ਜਾਵੇ। ਨਾਲ ਹੀ, ਮ੍ਰਿਤਕ ਅਧਿਆਪਕਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਦਿੱਲੀ ਵਿੱਚ ਕੇਜਰੀਵਾਲ ਦੇ ਨਾਲ-ਨਾਲ ਚੱਲਣ ਵਾਲਾ ਇਹ ਸਤਿਆਗ੍ਰਹਿ ਹੋਰ ਤੇਜ਼ ਕੀਤਾ ਜਾਵੇਗਾ ਅਤੇ ਜਲਦ ਹੀ ਸੰਗਰੂਰ ਦੀਆਂ ਸੜਕਾਂ ‘ਤੇ ਵੀ ਵੱਡਾ ਸੰਘਰਸ਼ ਛਿੜੇਗਾ।