IMD Weather Forecast: ਮੌਸਮ ਵਿਭਾਗ ਦੀ ਭਵਿੱਖਬਾਣੀ! ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪੈ ਸਕਦੈ ਮੀਂਹ: ਮਾਨਸੂਨ ਹੋਇਆ ਕਮਜ਼ੋਰ, 13 ਅਗਸਤ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਆਸਾਰ
ਚੰਡੀਗੜ੍ਹ, 9 ਅਗਸਤ 2026-
IMD Weather Forecast! ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਹੁਣ ਮਾਨਸੂਨ ਦੀ ਰਫ਼ਤਾਰ ਹੌਲੀ ਪੈ ਗਈ ਹੈ। ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਅਪਡੇਟ ਮੁਤਾਬਕ ਸੂਬੇ ਵਿੱਚ ਮਾਨਸੂਨ ਦਾ ਪ੍ਰਭਾਵ ਫਿਲਹਾਲ ਕਮਜ਼ੋਰ ਪੈ ਗਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੇਗੀ।
ਮੌਸਮ ਵਿਭਾਗ ਅਨੁਸਾਰ 13 ਅਗਸਤ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਦੌਰਾਨ ਕਿਸੇ ਵੀ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਜਾਂ ਅਲਰਟ ਵਰਗੀ ਸਥਿਤੀ ਬਣਨ ਦੇ ਆਸਾਰ ਨਹੀਂ ਹਨ। ਤਾਪਮਾਨ ਵਿੱਚ ਹਲਕਾ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ, ਜਿਸ ਨਾਲ ਕੁਝ ਥਾਵਾਂ ‘ਤੇ ਹੁੰਮਸ ਵਧ ਸਕਦੀ ਹੈ, ਪਰ ਤੇਜ਼ ਧੁੱਪ ਪਵੇਗੀ, ਜਦੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਘੱਟ ਨਜ਼ਰੀਂ ਆ ਰਹੀ ਹੈ।
ਮੌਸਮ ਵਿਭਾਗ ਮੁਤਾਬਕ, ਪੰਜਾਬ ਦੇ ਉੱਤਰੀ ਅਤੇ ਪਹਾੜੀ ਇਲਾਕਿਆਂ ਨਾਲ ਲੱਗਦੇ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ ਅਤੇ ਮੋਹਾਲੀ ਵਿੱਚ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ।
ਇਸ ਤੋਂ ਇਲਾਵਾ, ਮਾਲਵਾ ਅਤੇ ਮਾਝੇ ਦੇ ਹੋਰ ਪ੍ਰਮੁੱਖ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ, ਜਲੰਧਰ, ਬਠਿੰਡਾ, ਲੁਧਿਆਣਾ ਅਤੇ ਸੰਗਰੂਰ ਵਿੱਚ ਵੀ ਅਸਮਾਨ ਵਿੱਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਕੁਝ ਇਲਾਕਿਆਂ ਵਿੱਚ ਹਲਕੀ ਵਰਖਾ ਜਾਂ ਬੂੰਦਾਬਾਂਦੀ ਦੇਖਣ ਨੂੰ ਮਿਲ ਸਕਦੀ ਹੈ। ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਜਿੱਥੇ ਤਾਪਮਾਨ ‘ਚ ਗਿਰਾਵਟ ਆਈ ਸੀ, ਉੱਥੇ ਹੀ ਕਈ ਨੀਵੇਂ ਇਲਾਕਿਆਂ ‘ਚ ਪਾਣੀ ਭਰਨ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਸੀ। ਝੋਨੇ ਦੀ ਫ਼ਸਲ ਲਈ ਜਿੱਥੇ ਪਾਣੀ ਦੀ ਲੋੜ ਬਣੀ ਹੋਈ ਹੈ।
ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਦੇ ਅਨੁਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਪਣੀ ਫ਼ਸਲ ਦੀ ਸਿੰਚਾਈ ਅਤੇ ਕੀਟਨਾਸ਼ਕਾਂ ਦੇ ਛਿੜਕਾਅ ਦਾ ਪ੍ਰਬੰਧ ਕਰਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 13 ਅਗਸਤ ਤੋਂ ਬਾਅਦ ਮਾਨਸੂਨ ਦੀਆਂ ਗਤੀਵਿਧੀਆਂ ‘ਚ ਦੋਬਾਰਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ, ਜਿਸ ਬਾਰੇ ਆਉਣ ਵਾਲੇ ਦਿਨਾਂ ‘ਚ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
















