ਕੀ ਦਾਖ਼ਲਿਆਂ ਦੌਰਾਨ ਅਧਿਆਪਕਾਂ ਨੂੰ ਸਕੂਲਾਂ ‘ਚੋਂ ਬਾਹਰ ਰੱਖਣਾ ਹੀ ‘ਸਿੱਖਿਆ ਕ੍ਰਾਂਤੀ’?

 

ਕੀ ਦਾਖ਼ਲਿਆਂ ਦੌਰਾਨ ਅਧਿਆਪਕਾਂ ਨੂੰ ਸਕੂਲਾਂ ‘ਚੋਂ ਬਾਹਰ ਰੱਖਣਾ ਹੀ ‘ਸਿੱਖਿਆ ਕ੍ਰਾਂਤੀ’?

ਗੈਰ-ਵਿਦਿਅਕ ਕੰਮਾਂ ‘ਚ ਉਲਝਾ ਕੇ ਸਿੱਖਿਆ ਦਾ ਸਤਿਆਨਾਸ ਕਰ ਰਹੀ ਹੈ AAP ਸਰਕਾਰ: ਐਲੀਮੈਂਟਰੀ ਟੀਚਰਜ਼ ਯੂਨੀਅਨ

ਚੰਡੀਗੜ੍ਹ, 19 ਅਪ੍ਰੈਲ, 2026-

ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੇ AAP ਸਰਕਾਰ ਵੱਲੋਂ ਅਧਿਆਪਕਾਂ ‘ਤੇ ਥੋਪੇ ਜਾ ਰਹੇ ਗੈਰ-ਵਿਦਿਅਕ ਕੰਮਾਂ ਅਤੇ ਬੇਲੋੜੀਆਂ ਡਿਊਟੀਆਂ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।

ਐਲੀਮੈਂਟਰੀ ਟੀਚਰਜ਼ ਯੂਨੀਅਨ (ETU) ਪੰਜਾਬ ਦੇ ਸੂਬਾਈ ਆਗੂਆਂ ਨੇ ਇੱਕ ਸਾਂਝੇ ਬਿਆਨ ਵਿੱਚ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਅਧਿਆਪਕਾਂ ਕੋਲੋਂ 24 ਘੰਟੇ ਕੰਮ ਲੈ ਕੇ ਉਨ੍ਹਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੀ ਸਿੱਖਿਆ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ।

ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਹੋਰ ਮੁੱਖ ਆਗੂਆਂ ਨੇ ਸਵਾਲ ਉਠਾਇਆ ਕਿ ਜਦੋਂ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਦਾ ਅਹਿਮ ਸਮਾਂ ਹੈ, ਉਸ ਵੇਲੇ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਹੋਰ ਡਿਊਟੀਆਂ ‘ਤੇ ਲਗਾਉਣਾ ਕਿੱਥੋਂ ਦੀ ਸਿੱਖਿਆ ਕ੍ਰਾਂਤੀ ਹੈ?

ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਬੀ.ਐਲ.ਓ. (BLO), ਜਨਗਣਨਾ, ਹੈਲਥ ਕਾਰਡ, ਚੋਣਾਂ ਅਤੇ ਅਨੇਕਾਂ ਆਨਲਾਈਨ ਕੰਮਾਂ ਵਿੱਚ ਉਲਝਾ ਕੇ ‘ਮਲਟੀਪਰਪਜ਼ ਮਸ਼ੀਨ’ ਬਣਾ ਦਿੱਤਾ ਗਿਆ ਹੈ।

ਸਰਕਾਰੀ ਸਿੱਖਿਆ ਨੂੰ ਬਰਬਾਦ ਕਰਨ ਦੀ ਸਾਜ਼ਿਸ਼/ ਜਬਰੀ ‘ਟੈਟ’ (TET) ਦਾ ਵਿਰੋਧ

ਐਲੀਮੈਂਟਰੀ ਟੀਚਰਜ਼ ਯੂਨੀਅਨ (ETU) ਨੇ ਦੋਸ਼ ਲਾਇਆ ਕਿ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਤੋਂ ਦੂਰ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਉਨ੍ਹਾਂ ਅਨੁਸਾਰ ਇਹ ਸਰਕਾਰ ਦੀ ਇੱਕ ਅਸਿੱਧੀ ਸਾਜ਼ਿਸ਼ ਹੈ ਤਾਂ ਜੋ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋਵੇ ਅਤੇ ਮਾਪੇ ਮਜਬੂਰ ਹੋ ਕੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵੱਲ ਲੈ ਜਾਣ।

ਆਗੂਆਂ ਨੇ ਕਿਹਾ ਕਿ ਅਸਲ ਸਿੱਖਿਆ ਕ੍ਰਾਂਤੀ ਉਦੋਂ ਆਵੇਗੀ ਜਦੋਂ ਅਧਿਆਪਕ ਨੂੰ ਸਾਰੇ ਵਾਧੂ ਕੰਮਾਂ ਤੋਂ ਮੁਕਤ ਕਰਕੇ ਸਿਰਫ਼ ਜਮਾਤ ਵਿੱਚ ਪੜ੍ਹਾਉਣ ਲਈ ਸਮਾਂ ਦਿੱਤਾ ਜਾਵੇਗਾ।

ਅਧਿਆਪਕ ਆਗੂਆਂ ਨੇ ਸਰਕਾਰ ਵੱਲੋਂ ਅਹਿਮ ਵਿੱਤੀ ਮੰਗਾਂ ਨੂੰ ਅਣਗੌਲਿਆ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ, ਡੀ.ਏ. (DA) ਦੀਆਂ ਕਿਸ਼ਤਾਂ ਅਤੇ ਪੁਰਾਣੀ ਪੈਨਸ਼ਨ ਬਹਾਲੀ ਵਰਗੇ ਮੁੱਦੇ ਲਟਕ ਰਹੇ ਹਨ।

ਪੇ-ਕਮਿਸ਼ਨ ਦੀਆਂ ਤਰੁਟੀਆਂ ਅਤੇ ਪੰਜਾਬ ਸਕੇਲ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਅਧਿਆਪਕਾਂ ਨੂੰ ਤਰੱਕੀਆਂ (ਪ੍ਰਮੋਸ਼ਨਾਂ) ਦੇਣ ਲਈ ਜਬਰੀ ‘ਟੈਟ’ (TET) ਦੀ ਸ਼ਰਤ ਥੋਪੀ ਜਾ ਰਹੀ ਹੈ, ਜਦਕਿ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦਾ ਪੱਖ ਰੱਖਣਾ ਚਾਹੀਦਾ ਸੀ।

ਯੂਨੀਅਨ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਧਿਆਪਕਾਂ ਨੂੰ ਬੇਲੋੜੇ ਕੰਮਾਂ ਵਿੱਚੋਂ ਕੱਢ ਕੇ ਸਿੱਖਿਆ ਦੇ ਮਿਆਰ ਨੂੰ ਬਚਾਉਣ ਲਈ ਠੋਸ ਕਦਮ ਨਾ ਚੁੱਕੇ ਗਏ, ਤਾਂ ਸਮੂਹ ਅਧਿਆਪਕ ਅਤੇ ਮੁਲਾਜ਼ਮ ਵਰਗ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣਗੇ।

ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ, ਨਰੇਸ਼ ਪਨਿਆੜ, ਬੀ.ਕੇ. ਮਹਿਮੀ, ਲਖਵਿੰਦਰ ਸਿੰਘ ਸੇਖੋਂ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ ਅਤੇ ਸੂਬਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਸਰਕਾਰ ਨੂੰ ਜਲਦ ਸੁਧਾਰ ਕਰਨ ਦੀ ਅਪੀਲ ਕੀਤੀ ਹੈ।